ਦਿੱਲੀ ਦੰਗੇ Update: ਪੰਜ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ, ਪਰ ਮੁੱਖ ਸਾਜ਼ਿਸ਼ਕਰਤਾਵਾਂ ਨੂੰ ਫਿਲਹਾਲ ਜੇਲ੍ਹ 'ਚ ਹੀ ਰਹਿਣਾ ਪਵੇਗਾ
ਦਿੱਲੀ ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਹ ਕੋਈ ਅਚਾਨਕ ਹੋਇਆ ਵਿਰੋਧ ਪ੍ਰਦਰਸ਼ਨ ਨਹੀਂ ਸੀ, ਸਗੋਂ ਇਹ ਰਾਜ ਨੂੰ ਅਸਥਿਰ ਕਰਨ ਲਈ ਰਚੀ ਗਈ ਇੱਕ ਸੁਨਿਯੋਜਿਤ ਸਾਜ਼ਿਸ਼ ਸੀ। ਜਾਂਚ ਏਜੰਸੀਆਂ ਅਨੁਸਾਰ, ਇਹ ਸਾਜ਼ਿਸ਼ ਉਸ ਸਮੇਂ ਅੰਜਾਮ ਦੇਣ ਦੀ ਯੋਜਨਾ ਸੀ
Publish Date: Mon, 05 Jan 2026 12:20 PM (IST)
Updated Date: Mon, 05 Jan 2026 12:25 PM (IST)
ਨਵੀਂ ਦਿੱਲੀ: 2020 ਦੇ ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਆਪਣਾ ਅਹਿਮ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਵਿਰੁੱਧ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਕਾਫ਼ੀ ਸਬੂਤ ਮੌਜੂਦ ਹਨ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਹਾਲਾਂਕਿ ਇਸੇ ਮਾਮਲੇ ਵਿੱਚ 5 ਹੋਰ ਮੁਲਜ਼ਮਾਂ ਨੂੰ ਰਾਹਤ ਮਿਲੀ ਹੈ।
ਅਦਾਲਤ ਨੇ ਕਿਹਾ ਕਿ ਉਮਰ ਖਾਲਿਦ ਅਤੇ ਸ਼ਰਜੀਲ ਇਮਾਮ ਦੀ ਭੂਮਿਕਾ ਬਾਕੀ ਮੁਲਜ਼ਮਾਂ ਨਾਲੋਂ ਵੱਖਰੀ ਅਤੇ ਕਿਤੇ ਜ਼ਿਆਦਾ ਗੰਭੀਰ ਹੈ। ਬੈਂਚ ਅਨੁਸਾਰ ਅਜਿਹੇ ਸਬੂਤ ਮੌਜੂਦ ਹਨ ਜੋ ਸਿੱਧੇ ਤੌਰ 'ਤੇ ਉਨ੍ਹਾਂ ਦੇ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕਰਦੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜ਼ਮਾਨਤ ਦੇ ਮਾਮਲੇ ਵਿੱਚ ਸਾਰੇ ਮੁਲਜ਼ਮਾਂ ਨੂੰ ਇੱਕੋ ਤੱਕੜੀ ਵਿੱਚ ਨਹੀਂ ਤੋਲਿਆ ਜਾ ਸਕਦਾ; ਹਰੇਕ ਦੀ ਭੂਮਿਕਾ ਦੇ ਆਧਾਰ 'ਤੇ ਹੀ ਫੈਸਲਾ ਲਿਆ ਗਿਆ ਹੈ।
'ਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼'
ਦਿੱਲੀ ਪੁਲਿਸ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਇਹ ਕੋਈ ਅਚਾਨਕ ਹੋਇਆ ਵਿਰੋਧ ਪ੍ਰਦਰਸ਼ਨ ਨਹੀਂ ਸੀ, ਸਗੋਂ ਇਹ ਰਾਜ ਨੂੰ ਅਸਥਿਰ ਕਰਨ ਲਈ ਰਚੀ ਗਈ ਇੱਕ ਸੁਨਿਯੋਜਿਤ ਸਾਜ਼ਿਸ਼ ਸੀ। ਜਾਂਚ ਏਜੰਸੀਆਂ ਅਨੁਸਾਰ, ਇਹ ਸਾਜ਼ਿਸ਼ ਉਸ ਸਮੇਂ ਅੰਜਾਮ ਦੇਣ ਦੀ ਯੋਜਨਾ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਦੇ ਦੌਰੇ 'ਤੇ ਸਨ ਤਾਂ ਜੋ ਅੰਤਰਰਾਸ਼ਟਰੀ ਮੀਡੀਆ ਦਾ ਧਿਆਨ ਖਿੱਚਿਆ ਜਾ ਸਕੇ। ਪੁਲਿਸ ਮੁਤਾਬਕ CAA (ਨਾਗਰਿਕਤਾ ਸੋਧ ਕਾਨੂੰਨ) ਨੂੰ ਸਿਰਫ਼ ਇੱਕ ਬਹਾਨਾ ਬਣਾਇਆ ਗਿਆ ਸੀ ਤਾਂ ਜੋ ਸ਼ਾਂਤੀਪੂਰਨ ਪ੍ਰਦਰਸ਼ਨ ਦੇ ਨਾਮ 'ਤੇ ਲੋਕਾਂ ਨੂੰ ਭੜਕਾਇਆ ਜਾ ਸਕੇ।
ਕਿਨ੍ਹਾਂ ਨੂੰ ਮਿਲੀ ਜ਼ਮਾਨਤ
- ਗੁਲਫਿਸ਼ਾ ਫਾਤਿਮਾ
- ਮੀਰਾਨ ਹੈਦਰ
- ਸ਼ਿਫਾ ਉਰ ਰਹਿਮਾਨ
- ਮੁਹੰਮਦ ਸਲੀਮ ਖਾਨ
- ਸ਼ਾਦਾਬ ਅਹਿਮਦ