- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਸਾਮ ਦੇ ਕਾਲੀਆਬੋਰ ਤੋਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਦੂਜੇ ਪਾਸੇ ਆਪਣੀ ਪਾਰਟੀ ਭਾਜਪਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੇ ਪਿਛਲੇ ਡੇਢ ਸਾਲ ਤੋਂ ਭਾਜਪਾ 'ਤੇ ਭਰੋਸਾ ਜਤਾਇਆ ਹੈ ਅਤੇ ਪਾਰਟੀ ਲਗਾਤਾਰ ਤਰੱਕੀ ਕਰ ਰਹੀ ਹੈ। ਦੇਸ਼ ਵਿੱਚ ਹੁਣ 'ਝੂਠ' ਦਾ ਨਹੀਂ ਸਗੋਂ ਭਾਜਪਾ ਦੇ 'ਸੁਸ਼ਾਸਨ' ਦਾ ਦੌਰ ਹੈ। ਭਾਜਪਾ ਦੇਸ਼ ਵਿੱਚ ਸਭ ਦੀ ਪਹਿਲੀ ਪਸੰਦ ਬਣ ਗਈ ਹੈ।

ਕਾਂਗਰਸ 'ਤੇ ਲਗਾਏ ਇਹ ਇਲਜ਼ਾਮ
ਪੀ.ਐਮ. ਮੋਦੀ ਨੇ ਭਾਜਪਾ ਦੀ ਵਿਰੋਧੀ ਪਾਰਟੀ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਉੱਤਰ-ਪੂਰਬੀ ਰਾਜ ਵਿੱਚ ਆਪਣੇ ਸ਼ਾਸਨਕਾਲ ਦੌਰਾਨ ਕਾਂਗਰਸ ਨੇ ਵੋਟਾਂ ਦੀ ਖਾਤਰ ਅਸਾਮ ਦੀ ਜ਼ਮੀਨ ਘੁਸਪੈਠੀਆਂ ਦੇ ਹਵਾਲੇ ਕਰ ਦਿੱਤੀ ਸੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਸਾਮ ਵਿੱਚ ਦਹਾਕਿਆਂ ਤੱਕ ਕਾਂਗਰਸੀ ਸ਼ਾਸਨ ਦੌਰਾਨ ਘੁਸਪੈਠ ਲਗਾਤਾਰ ਵਧਦੀ ਰਹੀ, ਜਿਸ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੇ ਜੰਗਲਾਂ, ਪਸ਼ੂਆਂ ਦੇ ਲਾਂਘਿਆਂ ਅਤੇ ਰਵਾਇਤੀ ਸੰਸਥਾਵਾਂ 'ਤੇ ਕਬਜ਼ਾ ਕੀਤਾ।
ਭਾਜਪਾ 'ਤੇ ਭਰੋਸਾ
ਦੂਜੇ ਪਾਸੇ, ਆਪਣੀ ਸਰਕਾਰ ਦੀ ਤਾਰੀਫ਼ ਕਰਦਿਆਂ ਪੀ.ਐਮ. ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਜ਼ਮੀਨਾਂ 'ਤੇ ਕਬਜ਼ਾ ਕਰਨ ਵਾਲੇ ਘੁਸਪੈਠੀਆਂ ਨੂੰ ਬਾਹਰ ਕੱਢ ਕੇ ਅਸਾਮ ਦੀ ਪਛਾਣ ਅਤੇ ਸੰਸਕ੍ਰਿਤੀ ਦੀ ਰੱਖਿਆ ਕਰ ਰਹੀ ਹੈ। ਵੋਟਰ ਸੁਸ਼ਾਸਨ ਅਤੇ ਵਿਕਾਸ ਲਈ ਭਾਜਪਾ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਬਿਹਾਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 20 ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਵੀ ਲੋਕਾਂ ਨੇ ਪਾਰਟੀ ਨੂੰ ਰਿਕਾਰਡ ਵੋਟਾਂ ਅਤੇ ਸੀਟਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਪੀ.ਐਮ. ਮੋਦੀ ਦੀ ਇਹ ਟਿੱਪਣੀ ਮੁੰਬਈ ਦੀਆਂ ਬੀ.ਐਮ.ਸੀ. (BMC) ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਕੁਝ ਦਿਨਾਂ ਬਾਅਦ ਆਈ ਹੈ, ਜਿਸ ਵਿੱਚ ਭਾਜਪਾ ਨੇ ਸਹਿਯੋਗੀ ਤੋਂ ਵਿਰੋਧੀ ਬਣੇ ਊਧਵ ਠਾਕਰੇ ਤੋਂ ਸੱਤਾ ਖੋਹ ਲਈ ਹੈ।
ਪੀ.ਐਮ. ਮੋਦੀ ਆਪਣੇ ਦੋ ਦਿਨਾਂ ਦੌਰੇ ਦੌਰਾਨ ਅਸਾਮ ਦੇ ਕਾਲੀਆਬੋਰ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਮੋਦੀ ਨੇ 6,957 ਕਰੋੜ ਰੁਪਏ ਦੀ ਲਾਗਤ ਵਾਲੇ ਕਾਜ਼ੀਰੰਗਾ ਐਲੀਵੇਟਿਡ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ ਅਤੇ ਅਸਾਮ ਦੇ ਨਾਗਾਂਵ ਜ਼ਿਲ੍ਹੇ ਵਿੱਚ ਦੋ ਅੰਮ੍ਰਿਤ ਭਾਰਤ ਟ੍ਰੇਨਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।