1000 ਕਰੋੜ ਦਾ ਵੱਡਾ ਬੈਂਕਿੰਗ ਘਪਲਾ! ਬ੍ਰਾਂਚ ਮੈਨੇਜਰ ਸਮੇਤ 18 ਖ਼ਿਲਾਫ਼ ਮਾਮਲਾ ਦਰਜ, ਫ਼ਰਜ਼ੀ ਕੰਪਨੀਆਂ ਰਾਹੀਂ ਹੁੰਦੀ ਸੀ ਖੇਡ
ਸੀਬੀਆਈ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਤੇ 18 ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਨ੍ਹਾਂ ’ਤੇ ਸਾਈਬਰ ਅਪਰਾਧ ਤੇ ਹੋਰਨਾਂ ਨਾਜਾਇਜ਼ ਸਰਗਰਮੀਆਂ ਨਾਲ ਕਮਾਏ 1000 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਲੁਕਾਉਣ ਤੇ ਹੇਰਾਫੇਰੀ ਕਰਨ ਲਈ ਫ਼ਰਜ਼ੀ ਖਾਤੇ ਖੋਲ੍ਹਣ ਦਾ ਦੋਸ਼ ਹੈ। ਏਜੰਸੀ ਨੇ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ, ਜਿਸ ਵਿਚ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਫ਼ਰਜ਼ੀ ਕੰਪਨੀਆਂ ਦੇ ਨਾਂ ’ਤੇ ਖੋਲ੍ਹੇ ਗਏ 13 ਖਾਤੇ ਉਜਾਗਰ ਹੋਏ ਹਨ।
Publish Date: Sat, 17 Jan 2026 11:41 AM (IST)
Updated Date: Sat, 17 Jan 2026 11:42 AM (IST)

ਨਵੀਂ ਦਿੱਲੀ (ਪੀਟੀਆਈ) : ਸੀਬੀਆਈ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਇਕ ਬ੍ਰਾਂਚ ਮੈਨੇਜਰ ਤੇ 18 ਹੋਰਨਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਨ੍ਹਾਂ ’ਤੇ ਸਾਈਬਰ ਅਪਰਾਧ ਤੇ ਹੋਰਨਾਂ ਨਾਜਾਇਜ਼ ਸਰਗਰਮੀਆਂ ਨਾਲ ਕਮਾਏ 1000 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਲੁਕਾਉਣ ਤੇ ਹੇਰਾਫੇਰੀ ਕਰਨ ਲਈ ਫ਼ਰਜ਼ੀ ਖਾਤੇ ਖੋਲ੍ਹਣ ਦਾ ਦੋਸ਼ ਹੈ। ਏਜੰਸੀ ਨੇ ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਹੈ, ਜਿਸ ਵਿਚ ਫ਼ਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਫ਼ਰਜ਼ੀ ਕੰਪਨੀਆਂ ਦੇ ਨਾਂ ’ਤੇ ਖੋਲ੍ਹੇ ਗਏ 13 ਖਾਤੇ ਉਜਾਗਰ ਹੋਏ ਹਨ।
ਸੀਬੀਆਈ ਨੇ ਪਾਇਆ ਕਿ ਕਈ ਵਿਅਕਤੀਆਂ ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਸਥਿਤ ਬੈਂਕ ਦੀ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸ਼ਾਖਾ ’ਚ ਖਾਤੇ ਖੋਲ੍ਹਣ ਲਈ ਫ਼ਰਜ਼ੀ ਕੇਵਾਈਸੀ ਦਸਤਾਵੇਜ਼, ਕਿਰਾਇਆ ਸਮਝੌਤੇ ਤੇ ਹੋਰ ਦਸਤਾਵੇਜ਼ ਤਿਆਰ ਕਰਵਾਏ ਸਨ। ਵਿਕਾਸ ਵਧਵਾ ਉਸ ਬ੍ਰਾਂਚ ਦਾ ਮੁਖੀ ਸੀ। ਕੇਂਦਰੀ ਜਾਂਚ ਏਜੰਸੀ ਨੇ ਦੱਸਿਆ ਕਿ ਜਿਹੜੀਆਂ 13 ਫਰਮਾਂ ਦੇ ਨਾਂ ’ਤੇ ਚਾਲੂ ਖਾਤੇ ਖੋਲ੍ਹੇ ਗਏ ਸਨ, ਉਹ ਅਸਲ ’ਚ ਹੈ ਹੀ ਨਹੀਂ ਸਨ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰ ਕੇ ਸਿਰਫ ਇਨ੍ਹਾਂ ਚਾਲੂ ਖਾਤਿਆਂ ਨੂੰ ਖੋਲ੍ਹਣ ਤੇ ਸੰਚਾਲਿਤ ਕਰਨ ਲਈ ਬਣਾਈਆਂ ਗਈਆਂ ਸਨ। ਐੱਫਆਈਆਰ ’ਚ ਦੋਸ਼ ਹੈ ਕਿ ਇਨ੍ਹਾਂ ਫ਼ਰਜ਼ੀ ਖਾਤਿਆਂ ਰਾਹੀਂ ਵੱਖ ਵੱਖ ਬੈਂਕਿੰਗ ਚੈਨਲਾਂ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਹਜ਼ਾਰਾਂ ਕਰੋੜ ਰੁਪਏ ਦੇ ਮਹੱਤਵਪੂਰਨ ਲੈਣਦੇਣ ਕੀਤੇ ਗਏ ਸਨ।
ਇਨ੍ਹਾਂ ਖਾਤਿਆਂ ਦੀ ਵਰਤੋਂ ਬਾਅਦ ’ਚ ਸਾਈਬਰ ਅਪਰਾਧ ਤੇ ਹੋਰਨਾਂ ਨਾਜਾਇਜ਼ ਸਰਗਰਮੀਆਂ ਤੋਂ ਹਾਸਲ ਪੈਸੇ ਨੂੰ ਇਧਰ-ਉਧਰ ਭੇਜਣ, ਲੁਕਾਉਣ ਤੇ ਟ੍ਰਾਂਸਫਰ ਕਰਨ ਲਈ ਕੀਤੀ ਗਈ। ਏਜੰਸੀ ਨੇ ਦੋਸ਼ ਲਗਾਇਆ ਕਿ ਇਸ ਵਿਚ ਸ਼ਾਮਲ ਲੈਣਦੇਣ ਦੀ ਰਕਮ ਲਗਪਗ 1084.00 ਕਰੋੜ ਰੁਪਏ ਹੈ। ਸੀਬੀਆਈ ਨੇ ਕਿਹਾ ਕਿ ਵਧਵਾ ਸਮੇਤ ਮੁਲਜ਼ਮਾਂ ਨੇ ਆਪਣੇ ਲਈ ਨਾਜਾਇਜ਼ ਲਾਭ ਕਮਾਇਆ ਤੇ ਇਸਦੇ ਸਿੱਟੇ ਵਜੋਂ ਪੰਜਾਬ ਐਂਡ ਸਿੰਧ ਬੈਂਕ ਦੇ ਵੱਕਾਰ ਨੂੰ ਨੁਕਸਾਨ ਪਹੁੰਚਾਇਆ।