ਮਹਿਮਾਨਾਂ ਨੂੰ ਦੇਵਤਾ ਮੰਨਣ ਵਾਲੇ ਭਾਰਤ ਦੇ ਇਕ ਕੈਬ ਚਾਲਕ ਦੀ ਕਰਤੂਤ, ਮੁੰਬਈ ’ਚ 400 ਮੀਟਰ ਸਫ਼ਰ ਦੇ ਵਿਦੇਸ਼ੀ ਮਹਿਮਾਨ ਤੋਂ ਵਸੂਲੇ 18000 ਰੁਪਏ
ਪੀੜਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਦਰਦ ਸਾਂਝਾ ਕੀਤਾ, ਉਸਨੇ ਲਿਖਿਆ ਮੈਂ ਮੁੰਬਈ ਪਹੁੰਚੀ, ਉੱਥੇ ਮੈਂ ਟੈਕਸੀ ਲਈ, ਡਰਾਈਵਰ ਤੇ ਇਕ ਹੋਰ ਵਿਅਕਤੀ ਸਾਨੂੰ ਪਹਿਲਾਂ ਕਿਸੇ ਅਣਪਛਾਤੀ ਥਾਂ ਲੈ ਗਏ, ਫਿਰ 200 ਡਾਲਰ ਵਸੂਲੇ ਤੇ ਆਖਰ ’ਚ ਹੋਟਲ ਛੱਡਿਆ... ਜੋ ਸਿਰਫ਼ 400 ਮੀਟਰ ਦੂਰ ਸੀ।
Publish Date: Fri, 30 Jan 2026 08:10 PM (IST)
Updated Date: Fri, 30 Jan 2026 08:15 PM (IST)
ਮੁੰਬਈ (ਏਜੰਸੀ) : ਮੁੰਬਈ ’ਚ ਲੋਕਲ ਟ੍ਰੇਨ ਦੀ ਭੀੜ, ਟ੍ਰੈਫਿਕ ਜਾਮ ਤੇ ਟੈਕਸੀ ਵਾਲਿਆਂ ਦੀ ਭੱਜ-ਦੌੜ ਤਾਂ ਆਮ ਗੱਲ ਹੈ...ਪਰ ਇਸ ਵਾਰੀ ਮਾਇਆਨਗਰੀ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਹੈ, ਉਸਨੇ ਮੀਟਰ ਡਾਊਨ ਦੇ ਮਾਇਨੇ ਹੀ ਬਦਲ ਦਿੱਤੇ ਹਨ। ਜ਼ਰਾ ਸੋਚੋ, ਜੇਕਰ ਦੂਰੀ ਦੇ ਹਿਸਾਬ ਨਾਲ ਕਿਰਾਇਆ ਲਗਾਇਆ ਜਾਏ ਤਾਂ 400 ਮੀਟਰ ਦੀ ਟੈਕਸੀ ਰਾਈਡ ਕਿੰਨੇ ਦੀ ਪਵੇਗੀ? 40 ਰੁਪਏ? 50 ਰੁਪਏ? ਜਾਂ ਵੱਧ ਤੋਂ ਵੱਧ 100 ਰੁਪਏ? ਪਰ ਮੁੰਬਈ ’ਚ ਇਕ ਵਿਦੇਸ਼ੀ ਸੈਲਾਨੀ ਲਈ ਇਹੀ 400 ਮੀਟਰ ਦਾ ਸਫ਼ਰ ਬਣ ਗਿਆ 18 ਹਜ਼ਾਰ ਰੁਪਏ ਦਾ ਝਟਕਾ।
ਜੀ ਹਾਂ, ਅਮਰੀਕਾ ਤੋਂ ਆਈ ਇਕ ਮਹਿਲਾ ਸੈਲਾਨੀ ਨੂੰ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਦੇ ਹੀ ਇਕ ਪੰਜ ਸਿਤਾਰਾ ਹੋਟਲ ਤੱਕ ਪਹੁੰਚਾਉਣ ਦੇ ਨਾਂ ’ਤੇ ਟੈਕਸੀ ਚਾਲਕ ਨੇ ਅਜਿਹਾ ਖੇਡ ਖੇਡਿਆ ਕਿ ਸੁਣ ਕੇ ਤੁਸੀਂ ਵੀ ਸਿਰ ਫੜ ਲਵੋਗੇ। ਦੋਸ਼ ਹੈ ਕਿ ਟੈਕਸੀ ਡਰਾਈਵਰ ਦੇਸ਼ਰਾਜ ਯਾਦਵ ਨੇ ਔਰਤ ਨੂੰ ਸਿੱਧੇ ਹੋਟਲ ਲਿਜਾਣ ਦੀ ਬਜਾਏ ਪਹਿਲਾਂ 20 ਮਿੰਟਾਂ ਤੱਕ ਪੂਰਬੀ ਅੰਧੇਰੀ ਦੀਆਂ ਗਲੀਆਂ ’ਚ ਘੁਮਾਇਆ, ਫਿਰ ਉਸੇ ਇਲਾਕੇ ’ਚ ਵਾਪਸ ਲਿਆ ਕੇ ਹੋਟਲ ਛੱਡਿਆ ਤੇ ਅੰਤ ’ਚ ਫੜਾ ਦਿੱਤਾ ਕਰੀਬ 200 ਡਾਲਰ ਯਾਨੀ ਪੂਰੇ 18 ਹਜ਼ਾਰ ਰੁਪਏ ਦਾ ਬਿੱਲ, ਜਦਕਿ ਹੋਟਲ ਏਅਰਪੋਰਟ ਤੋਂ ਸਿਰਫ਼ 400 ਮੀਟਰ ਦੂਰ ਸੀ।
ਪੀੜਤਾ ਨੇ ਐਕਸ ’ਤੇ ਸਾਂਝਾ ਕੀਤਾ ਦਰਦ
ਪੀੜਤਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਦਰਦ ਸਾਂਝਾ ਕੀਤਾ, ਉਸਨੇ ਲਿਖਿਆ ਮੈਂ ਮੁੰਬਈ ਪਹੁੰਚੀ, ਉੱਥੇ ਮੈਂ ਟੈਕਸੀ ਲਈ, ਡਰਾਈਵਰ ਤੇ ਇਕ ਹੋਰ ਵਿਅਕਤੀ ਸਾਨੂੰ ਪਹਿਲਾਂ ਕਿਸੇ ਅਣਪਛਾਤੀ ਥਾਂ ਲੈ ਗਏ, ਫਿਰ 200 ਡਾਲਰ ਵਸੂਲੇ ਤੇ ਆਖਰ ’ਚ ਹੋਟਲ ਛੱਡਿਆ... ਜੋ ਸਿਰਫ਼ 400 ਮੀਟਰ ਦੂਰ ਸੀ। ਪੋਸਟ ਵਾਇਰਲ ਹੁੰਦੇ ਹੀ ਮੁੰਬਈ ਪੁਲਿਸ ਹਰਕਤ ’ਚ ਆਈ। ਪੁਲਿਸ ਨੇ ਖੁਦ ਨੋਟਿਸ ਲੈਂਦੇ ਹੋਏ ਐੱਫਆਈਆਰ ਦਰਜ ਕੀਤੀ ਤੇ ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਮੁਲਜ਼ਮ ਟੈਕਸੀ ਚਾਲਕ ਨੂੰ ਫੜ ਲਿਆ। ਫਿਲਹਾਲ ਉਸਦੇ ਸਾਥੀ ਦੀ ਭਾਲ ਜਾਰੀ ਹੈ ਤੇ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।