ਹਵਾਈ ਸਫ਼ਰ ਬਣਿਆ 'ਸਜ਼ਾ': 30 ਘੰਟੇ ਦੀ ਖੱਜਲ-ਖੁਆਰੀ ਤੋਂ ਬਾਅਦ ਵੀ ਨੇਪਾਲ 'ਚ ਨਹੀਂ ਉਤਰ ਸਕਿਆ ਜਹਾਜ਼; ਏਅਰ ਇੰਡੀਆ ਐਕਸਪ੍ਰੈੱਸ ਵਿਰੁੱਧ ਫੁੱਟਿਆ ਗੁੱਸਾ
ਦੋ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੇਪਾਲ ਦੇ ਕਾਠਮੰਡੂ ਵਿਚ ਹਵਾਈ ਜਹਾਜ਼ ਦੀ ਲੈਂਡਿੰਗ ਨਾ ਹੋਣ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦੇ ਮੁਸਾਫ਼ਰਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ। ਯਾਤਰੀਆਂ ਦਾ ਦਾਅਵਾ ਹੈ ਕਿ ਏਅਰਲਾਈਨ ਦੇ ਖ਼ਰਾਬ ਪ੍ਰਬੰਧਨ ਕਾਰਨ ਉਨ੍ਹਾਂ ਨੂੰ ਕੁੱਲ 30 ਘੰਟਿਆਂ ਤੋਂ ਵੱਧ ਸਮਾਂ ਪਰੇਸ਼ਾਨੀ ਝੱਲਣੀ ਪਈ।
Publish Date: Sun, 01 Mar 2026 11:23 AM (IST)
Updated Date: Sun, 01 Mar 2026 11:26 AM (IST)

ਬੈਂਗਲੁਰੂ (ਪੀਟੀਆਈ) : ਦੋ ਦਿਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਨੇਪਾਲ ਦੇ ਕਾਠਮੰਡੂ ਵਿਚ ਹਵਾਈ ਜਹਾਜ਼ ਦੀ ਲੈਂਡਿੰਗ ਨਾ ਹੋਣ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦੇ ਮੁਸਾਫ਼ਰਾਂ ਦਾ ਗੁੱਸਾ ਫੁੱਟ ਪਿਆ। ਉਨ੍ਹਾਂ ਨੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਪ੍ਰਦਰਸ਼ਨ ਕੀਤਾ। ਯਾਤਰੀਆਂ ਦਾ ਦਾਅਵਾ ਹੈ ਕਿ ਏਅਰਲਾਈਨ ਦੇ ਖ਼ਰਾਬ ਪ੍ਰਬੰਧਨ ਕਾਰਨ ਉਨ੍ਹਾਂ ਨੂੰ ਕੁੱਲ 30 ਘੰਟਿਆਂ ਤੋਂ ਵੱਧ ਸਮਾਂ ਪਰੇਸ਼ਾਨੀ ਝੱਲਣੀ ਪਈ।
ਮੁਸਾਫ਼ਰਾਂ ਮੁਤਾਬਕ, ਵੀਰਵਾਰ ਸਵੇਰੇ 10:30 ਵਜੇ ਹਵਾਈ ਜਹਾਜ਼ ਬੈਂਗਲੁਰੂ ਤੋਂ ਕਾਠਮੰਡੂ ਲਈ ਰਵਾਨਾ ਹੋਇਆ। ਹਾਲਾਂਕਿ ਕਾਠਮੰਡੂ ਵਿਚ ਉਤਰਣ ਤੋਂ ਬਿਨਾਂ ਹੀ ਵਾਪਸ ਆ ਗਿਆ ਅਤੇ ਇਸ ਦੇ ਪਿੱਛੇ ਦਾ ਕਾਰਨ ਮੁਸਾਫ਼ਰਾਂ ਨੂੰ ਸਾਫ਼ ਤੌਰ ’ਤੇ ਨਹੀਂ ਦੱਸਿਆ ਗਿਆ। ਹਵਾਈ ਜਹਾਜ਼ ਨੇ ਸ਼ੁੱਕਰਵਾਰ ਸਵੇਰੇ ਦੁਬਾਰਾ ਉਡਾਣ ਭਰੀ ਪਰ ਫਿਰ ਵੀ ਉਹ ਕਾਠਮੰਡੂ ਵਿਚ ਉਤਰਣ ਵਿਚ ਨਾਕਾਮ ਰਿਹਾ। ਇਸ ਨੂੰ ਲਖਨਊ ਵੱਲ ਮੋੜ ਦਿੱਤਾ ਗਿਆ। ਦਾਅਵਾ ਕੀਤਾ ਗਿਆ ਹੈ ਕਿ ਲਖਨਊ ਵਿਚ ਉਤਰਣ ਤੋਂ ਬਾਅਦ ਉਨ੍ਹਾਂ ਨੂੰ ਕਈ ਘੰਟੇ ਹਵਾਈ ਜਹਾਜ਼ ਦੇ ਅੰਦਰ ਹੀ ਬੈਠੇ ਰਹਿਣਾ ਪਿਆ। ਲੰਬੇ ਇੰਤਜ਼ਾਰ ਅਤੇ ਥਕਾਵਟ ਤੋਂ ਬਾਅਦ ਮੁਸਾਫ਼ਰਾਂ ਨੇ ਹਵਾਈ ਜਹਾਜ਼ ਦੇ ਅੰਦਰ ਪ੍ਰਦਰਸ਼ਨ ਕੀਤਾ ਜਿਸ ਕਾਰਨ ਏਅਰਲਾਈਨ ਨੂੰ ਉਨ੍ਹਾਂ ਨੂੰ ਮੁੜ ਬੈਂਗਲੁਰੂ ਲਿਜਾਣਾ ਪਿਆ।
ਉੱਥੇ ਪਹੁੰਚਣ ’ਤੇ ਕਈ ਮੁਸਾਫ਼ਰਾਂ ਨੇ ਇਮੀਗ੍ਰੇਸ਼ਨ ਖੇਤਰ ਦੇ ਨੇੜੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਦੋ ਦਿਨ ਬਰਬਾਦ ਹੋਣ ’ਤੇ ਗੁੱਸਾ ਪ੍ਰਗਟਾਇਆ। ਇਕ ਮੁਸਾਫ਼ਰ ਨੇ ਕਿਹਾ ਕਿ ਸਾਡੀ ਪੂਰੀ ਨੇਪਾਲ ਯਾਤਰਾ ਬਰਬਾਦ ਹੋ ਗਈ। ਅਸੀਂ ਇਸ ਲਈ ਬਹੁਤ ਪਹਿਲਾਂ ਯੋਜਨਾ ਬਣਾਈ ਸੀ। ਸਾਨੂੰ ਆਰਥਿਕ ਨੁਕਸਾਨ ਹੋਇਆ ਹੈ।