- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਰਨਾਟਕ ਦੇ ਗਦਗ ਜ਼ਿਲ੍ਹੇ ਦੇ ਲੱਕੁੰਡੀ ਪਿੰਡ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਘਰ ਦੀ ਉਸਾਰੀ ਲਈ ਹੋ ਰਹੀ ਖੁਦਾਈ ਦੌਰਾਨ ਜ਼ਮੀਨ ਦੇ ਅੰਦਰੋਂ ਸਦੀਆਂ ਪੁਰਾਣਾ ਖ਼ਜ਼ਾਨਾ ਮਿਲਿਆ। ਮਿੱਟੀ ਹੇਠ ਦੱਬਿਆ ਇੱਕ ਤਾਂਬੇ ਦਾ ਕਲਸ਼ ਲਗਭਗ 470 ਗ੍ਰਾਮ ਸੋਨੇ ਦੇ ਗਹਿਣਿਆਂ ਨਾਲ ਭਰਿਆ ਹੋਇਆ ਸੀ।

ਤਾਂਬੇ ਦੇ ਇਸ ਕਲਸ਼ 'ਤੇ ਸਭ ਤੋਂ ਪਹਿਲਾਂ ਨਜ਼ਰ ਗੰਗਵਵਾ ਰਿੱਤੀ ਦੇ ਪਰਿਵਾਰ ਦੇ 8ਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਪ੍ਰਜਵਲ ਰਿਤਵਿਕ ਦੀ ਪਈ। ਇਸ ਤੋਂ ਬਾਅਦ ਪ੍ਰਜਵਲ ਨੇ ਬਿਨਾਂ ਕਿਸੇ ਲਾਲਚ ਦੇ ਤੁਰੰਤ ਇਸ ਦੀ ਜਾਣਕਾਰੀ ਪਿੰਡ ਦੇ ਬਜ਼ੁਰਗਾਂ ਅਤੇ ਆਪਣੇ ਪਰਿਵਾਰ ਨੂੰ ਦਿੱਤੀ।
ਤਾਂਬੇ ਦੇ ਕਲਸ਼ ਵਿੱਚ ਕੀ-ਕੀ ਮਿਲਿਆ?
ਇਸ ਤੋਂ ਬਾਅਦ ਇਹ ਖ਼ਬਰ ਪੂਰੇ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਇਸ ਨੂੰ ਦੇਖਣ ਲਈ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ। ਤਾਂਬੇ ਦੇ ਇਸ ਕਲਸ਼ ਵਿੱਚੋਂ ਸੋਨੇ ਦੀਆਂ ਕੁੱਲ 22 ਵਸਤੂਆਂ ਮਿਲੀਆਂ ਹਨ। ਇਨ੍ਹਾਂ ਦਾ ਕੁੱਲ ਭਾਰ ਲਗਭਗ 470 ਗ੍ਰਾਮ ਹੈ। ਇਨ੍ਹਾਂ ਪ੍ਰਾਚੀਨ ਗਹਿਣਿਆਂ ਦੀ ਕੀਮਤ ਲੱਖਾਂ ਰੁਪਏ ਦੱਸੀ ਜਾ ਰਹੀ ਹੈ।
ਜਾਣਕਾਰੀ ਮਿਲਦੇ ਹੀ ਮੌਕੇ 'ਤੇ ਪੁਲਿਸ ਸੁਪਰਡੈਂਟ (SP) ਰੋਹਨ ਜਗਦੀਸ਼ ਅਤੇ ਸਹਾਇਕ ਕਮਿਸ਼ਨਰ ਗੰਗੱਪਾ ਆਪਣੀ ਟੀਮ ਅਤੇ ਸੋਨਾ ਪਰਖਣ ਵਾਲੇ ਮਾਹਿਰਾਂ (Gold Evaluators) ਨਾਲ ਪਹੁੰਚੇ। ਐੱਸ.ਪੀ. ਰੋਹਨ ਜਗਦੀਸ਼ ਨੇ ਦੱਸਿਆ ਕਿ ਲੜਕੇ ਨੇ ਬਹੁਤ ਇਮਾਨਦਾਰੀ ਦਿਖਾਈ ਅਤੇ ਪਿੰਡ ਦੇ ਬਜ਼ੁਰਗਾਂ ਨੂੰ ਸੂਚਿਤ ਕੀਤਾ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਾਰੀਆਂ 22 ਵਸਤੂਆਂ ਨੂੰ ਸਰਕਾਰੀ ਪ੍ਰਕਿਰਿਆ ਦੇ ਤਹਿਤ ਸੁਰੱਖਿਅਤ ਕਰ ਲਿਆ ਹੈ।
ਪ੍ਰਸ਼ਾਸਨ ਨੇ ਗੰਗਵਵਾ ਦੇ ਪਰਿਵਾਰ ਅਤੇ ਸਥਾਨਕ ਲੋਕ ਨੁਮਾਇੰਦਿਆਂ ਦੀ ਜੰਮ ਕੇ ਸ਼ਲਾਘਾ ਕੀਤੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਜੇਕਰ ਪਰਿਵਾਰ ਚਾਹੁੰਦਾ ਤਾਂ ਇਸ ਖ਼ਜ਼ਾਨੇ ਨੂੰ ਛਿਪਾ ਸਕਦਾ ਸੀ, ਪਰ ਉਨ੍ਹਾਂ ਨੇ ਪਾਰਦਰਸ਼ਤਾ ਦਿਖਾਉਂਦੇ ਹੋਏ ਤੁਰੰਤ ਜੈੱਡ.ਡੀ.ਪੀ. (ZDP) ਨੂੰ ਵੀਡੀਓ ਭੇਜੀ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਪ੍ਰਾਚੀਨ ਵਸਤੂਆਂ
ਜ਼ਿਕਰਯੋਗ ਹੈ ਕਿ ਗਦਗ ਦਾ ਲੱਕੁੰਡੀ ਪਿੰਡ ਇਤਿਹਾਸਕ ਹੈ। ਲੱਕੁੰਡੀ ਪਿੰਡ 101 ਬੌਲੀਆਂ (ਪੁਰਾਤਨ ਖੂਹ) ਅਤੇ 101 ਮੰਦਰਾਂ ਲਈ ਮਸ਼ਹੂਰ ਹੈ। ਪਿੰਡ ਵਾਸੀਆਂ ਅਨੁਸਾਰ, ਇੱਥੇ ਪਹਿਲਾਂ ਵੀ ਕਈ ਵਾਰ ਖੁਦਾਈ ਦੌਰਾਨ ਪ੍ਰਾਚੀਨ ਵਸਤੂਆਂ ਅਤੇ ਖ਼ਜ਼ਾਨਾ ਮਿਲਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।