- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕ ਮਹਿਲਾ ਵਕੀਲ ਵੱਲੋਂ ਇੱਕ ਵਿਅਕਤੀ ਖ਼ਿਲਾਫ਼ ਦਰਜ ਕਰਵਾਏ ਗਏ ਅਪਰਾਧਿਕ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉਸ ਵਿਅਕਤੀ ਨੂੰ ਅਗਾਊਂ ਜ਼ਮਾਨਤ (Anticipatory Bail) ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ਨੂੰ ਲੈ ਕੇ ਮਹਿਲਾ ਵਕੀਲ ਨੂੰ ਫਟਕਾਰ ਵੀ ਲਗਾਈ ਹੈ ਅਤੇ ਕਿਹਾ ਕਿ ਆਖ਼ਰਕਾਰ ਇੱਕ ਵਕੀਲ ਵਜੋਂ ਤੁਹਾਡਾ ਇਹ ਕਿਹੋ ਜਿਹਾ ਵਿਵਹਾਰ ਸੀ, ਜਿਸ ਵਿੱਚ ਤੁਸੀਂ ਉਸੇ ਵਿਅਕਤੀ ਨਾਲ ਸਬੰਧ ਬਣਾ ਲਏ ਜਿਸ ਦਾ ਤੁਸੀਂ ਕੇਸ ਲੜ ਰਹੇ ਸੀ।

ਸੁਪਰੀਮ ਕੋਰਟ ਨੇ ਇਸ ਦਿਲਚਸਪ ਮਾਮਲੇ ਵਿੱਚ ਮੁਲਜ਼ਮ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਮੁਲਜ਼ਮ ਇਸ ਵੇਲੇ ਲੰਡਨ ਵਿੱਚ ਰਹਿ ਰਿਹਾ ਹੈ ਅਤੇ ਬੈਂਚ ਨੇ ਕਿਹਾ ਕਿ ਜੇਕਰ ਉਹ ਭਾਰਤ ਆਉਂਦਾ ਹੈ ਤਾਂ ਉਸ ਨੂੰ ਗ੍ਰਿਫ਼ਤਾਰੀ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਅਦਾਲਤ ਨੇ ਮਹਿਲਾ ਵਕੀਲ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤੁਸੀਂ ਆਪਣੇ ਹੀ ਮੁਵੱਕਿਲ (ਕਲਾਇੰਟ) ਨਾਲ ਨਿੱਜੀ ਸਬੰਧ ਕਿਉਂ ਬਣਾਏ?
ਬੈਂਚ ਨੇ ਇਹ ਵੀ ਕਿਹਾ ਕਿ ਦੋਵਾਂ ਵਿਚਕਾਰ ਜੋ ਰਿਸ਼ਤਾ ਬਣਿਆ ਉਹ ਆਪਸੀ ਸਹਿਮਤੀ ਨਾਲ ਸੀ। ਦੋਵਾਂ ਵਿੱਚੋਂ ਕੋਈ ਵੀ ਇੱਕ-ਦੂਜੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਫਿਰ ਅਜਿਹਾ ਕਿਉਂ ਕੀਤਾ ਗਿਆ? ਬੈਂਚ ਨੇ ਸਾਫ਼ ਕਿਹਾ ਕਿ ਮਹਿਲਾ ਵਕੀਲ ਦੀ ਅਪਰਾਧਿਕ ਸ਼ਿਕਾਇਤ ਬੇਲੋੜੀ ਸੀ।
ਬੈਂਚ ਨੇ ਮਹਿਲਾ ਵਕੀਲ ਨੂੰ ਕਿਹਾ ਕਿ ਤੁਹਾਡੇ ਤੋਂ ਇੱਕ ਪੇਸ਼ੇਵਰ ਜ਼ਿੰਮੇਵਾਰੀ ਅਤੇ ਮਰਿਆਦਾ ਦੀ ਉਮੀਦ ਕੀਤੀ ਜਾਂਦੀ ਹੈ। ਤੁਸੀਂ ਇੱਕ ਵਿਅਕਤੀ ਨੂੰ ਤਲਾਕ ਦਿਵਾਉਣ ਵਿੱਚ ਮਦਦ ਕਰ ਰਹੇ ਸੀ ਅਤੇ ਉਸੇ ਨਾਲ ਤੁਹਾਡੇ ਨਿੱਜੀ ਸਬੰਧ ਬਣ ਗਏ। ਅਜਿਹਾ ਉਦੋਂ ਹੋਇਆ ਜਦੋਂ ਉਸ ਵਿਅਕਤੀ ਨੂੰ ਉਸਦੀ ਪਤਨੀ ਤੋਂ ਅਜੇ ਤਲਾਕ ਮਿਲਿਆ ਵੀ ਨਹੀਂ ਸੀ ਅਤੇ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ।
ਦੂਜੇ ਪਾਸੇ, ਮੁਲਜ਼ਮ ਵਿਅਕਤੀ ਦੇ ਵਕੀਲ ਨੇ ਕਿਹਾ ਕਿ ਮਹਿਲਾ ਵਕੀਲ ਹੁਣ ਤੱਕ 4 ਲੋਕਾਂ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਕੇਸ ਦਰਜ ਕਰਵਾ ਚੁੱਕੀ ਹੈ। ਇੱਥੋਂ ਤੱਕ ਕਿ ਬੰਬੇ ਹਾਈ ਕੋਰਟ ਨੇ ਵੀ ਉਨ੍ਹਾਂ ਦੇ ਵਿਵਹਾਰ 'ਤੇ ਸਵਾਲ ਉਠਾਏ ਸਨ ਅਤੇ ਜਾਂਚ ਦੀ ਗੱਲ ਕਹੀ ਸੀ।