ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਛਾਤਰੂ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਲੰਬੀ ਅਤੇ ਚੁਣੌਤੀਪੂਰਨ ਕਾਰਵਾਈ ਤੋਂ ਬਾਅਦ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ 326 ਦਿਨਾਂ ਤੱਕ ਲਗਾਤਾਰ ਅਤੇ ਬੇਹੱਦ ਔਖੇ ਉੱਚ ਹਿਮਾਲਿਆਈ ਇਲਾਕਿਆਂ ਵਿੱਚ 'ਹਾਈ-ਐਲਟੀਟਿਊਡ ਅਪ੍ਰੇਸ਼ਨ' ਚਲਾਉਂਦੇ ਹੋਏ ਸੁਰੱਖਿਆ ਬਲਾਂ ਨੇ ਸੱਤ ਖ਼ਤਰਨਾਕ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਸਿਵਲ ਅਤੇ ਫ਼ੌਜੀ ਖੁਫ਼ੀਆ ਏਜੰਸੀਆਂ ਵੱਲੋਂ ਸਥਾਪਿਤ ਕੀਤੇ ਗਏ ਮਜ਼ਬੂਤ 'ਇੰਟੈਲੀਜੈਂਸ ਗ੍ਰਿਡ' ਦੇ ਆਧਾਰ 'ਤੇ ਚਲਾਏ ਗਏ ਇਸ ਅਪ੍ਰੇਸ਼ਨ ਵਿੱਚ ਅੰਤ ਵਿੱਚ ਖ਼ਤਰਨਾਕ ਅੱਤਵਾਦੀ ਸੈਫ਼ੁੱਲ੍ਹਾ ਅਤੇ ਉਸ ਦੇ ਸਾਥੀਆਂ ਸਮੇਤ ਸਾਰੇ ਸੱਤ ਅੱਤਵਾਦੀਆਂ ਦਾ ਸਫ਼ਾਇਆ ਕਰ ਦਿੱਤਾ ਗਿਆ।
#𝗪𝗵𝗶𝘁𝗲𝗞𝗻𝗶𝗴𝗵𝘁𝗖𝗼𝗿𝗽𝘀 | #𝗚𝗮𝗹𝗹𝗮𝗻𝘁𝗣𝗲𝗿𝘀𝗲𝘃𝗲𝗿𝗮𝗻𝗰𝗲
𝗘𝗹𝗶𝗺𝗶𝗻𝗮𝘁𝗶𝗼𝗻 𝗼𝗳 𝗧𝗲𝗿𝗿𝗼𝗿𝗶𝘀𝘁𝘀
Relentless and painstaking high-altitude joint operations were conducted over 326 days in the Kishtwar region. Forces tracked terrorists in challenging… pic.twitter.com/nIhH71RiOb
— White Knight Corps (@Whiteknight_IA) February 23, 2026
ਅਤਿ-ਆਧੁਨਿਕ ਸੰਚਾਰ ਪ੍ਰਣਾਲੀਆਂ ਦੀ ਲਈ ਗਈ ਮਦਦ
ਅਪ੍ਰੇਸ਼ਨ ਦੌਰਾਨ ਆਧੁਨਿਕ ਤਕਨੀਕ ਦੀ ਵਿਆਪਕ ਵਰਤੋਂ ਕੀਤੀ ਗਈ। FPV ਡਰੋਨ, ਸੈਟੇਲਾਈਟ ਇਮੇਜਰੀ, RPA/UAV (ਮਾਨਵ ਰਹਿਤ ਜਹਾਜ਼) ਅਤੇ ਅਤਿ-ਆਧੁਨਿਕ ਸੰਚਾਰ ਪ੍ਰਣਾਲੀਆਂ ਦੀ ਮਦਦ ਨਾਲ ਅੱਤਵਾਦੀਆਂ ਦੀਆਂ ਹਰਕਤਾਂ 'ਤੇ ਤਿੱਖੀ ਨਜ਼ਰ ਰੱਖੀ ਗਈ ਅਤੇ ਅਪ੍ਰੇਸ਼ਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ।
ਸੁਰੱਖਿਆ ਬਲਾਂ ਦੇ ਅਟੁੱਟ ਸੰਕਲਪ, ਸਾਹਸ ਅਤੇ ਬਹਾਦਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅੱਤਵਾਦ ਦੇ ਨੈੱਟਵਰਕ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਵਾਈ ਨੂੰ ਖੇਤਰ ਵਿੱਚ ਸਰਗਰਮ ਅੱਤਵਾਦੀ ਤੰਤਰ ਲਈ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਉੱਥੇ ਹੀ X (ਟਵਿੱਟਰ) 'ਤੇ ਇੱਕ ਪੋਸਟ ਵਿੱਚ, ਵ੍ਹਾਈਟ ਨਾਈਟ ਕੋਰ ਨੇ ਇਸ ਅਪ੍ਰੇਸ਼ਨ ਨੂੰ “ਵੀਰਤਾਪੂਰਨ ਦ੍ਰਿੜਤਾ” ਦੱਸਿਆ ਅਤੇ ਕਿਹਾ ਕਿ ਕਿਸ਼ਤਵਾੜ ਦੇ ਮੁਸ਼ਕਿਲ ਇਲਾਕੇ ਅਤੇ ਖ਼ਰਾਬ ਮੌਸਮ ਵਿੱਚ ਲਗਾਤਾਰ ਅਤੇ ਸਖ਼ਤ ਮਿਹਨਤ ਨਾਲ ਅਪ੍ਰੇਸ਼ਨ ਚਲਾਏ ਗਏ।
ਇੰਟੈਲੀਜੈਂਸ ਗ੍ਰਿਡ ਦੇ ਆਧਾਰ 'ਤੇ ਕੀਤਾ ਕੰਮ
ਫ਼ੌਜ ਨੇ ਦੱਸਿਆ ਕਿ ਵ੍ਹਾਈਟ ਨਾਈਟ ਕੋਰ ਦੇ ਸੈਨਿਕਾਂ ਨੇ ਜੰਮੂ-ਕਸ਼ਮੀਰ ਪੁਲਿਸ ਅਤੇ CRPF ਦੇ ਨਾਲ ਮਿਲ ਕੇ ਸਿਵਲ ਅਤੇ ਮਿਲਟਰੀ ਇੰਟੈਲੀਜੈਂਸ ਏਜੰਸੀਆਂ ਵੱਲੋਂ ਬਣਾਏ ਗਏ ਇੱਕ ਬਿਹਤਰੀਨ ਇੰਟੈਲੀਜੈਂਸ ਗ੍ਰਿਡ ਦੇ ਆਧਾਰ 'ਤੇ ਕੰਮ ਕੀਤਾ। ਫ਼ੌਜ ਨੇ ਮੁਸ਼ਕਿਲ ਪਹਾੜੀ ਇਲਾਕਿਆਂ ਵਿੱਚ ਠੰਢੇ ਅਤੇ ਬਰਫ਼ੀਲੇ ਹਾਲਾਤਾਂ ਵਿੱਚ ਅੱਤਵਾਦੀਆਂ ਨੂੰ ਟਰੈਕ ਕੀਤਾ, ਜਿਸ ਕਾਰਨ ਕਈ ਵਾਰ ਆਹਮੋ-ਸਾਹਮਣੇ ਮੁਕਾਬਲਾ ਹੋਇਆ ਅਤੇ ਅਖ਼ੀਰ ਵਿੱਚ ਸਾਰੇ ਸੱਤ ਅੱਤਵਾਦੀਆਂ ਨੂੰ ਮਾਰ ਮੁਕਾਇਆ ਗਿਆ।
ਫ਼ੌਜ ਨੇ ਕਿਹਾ ਕਿ ਸੈਫ਼ੁੱਲ੍ਹਾ ਅਤੇ ਉਸ ਦੇ ਸਾਥੀਆਂ ਦੇ ਮਾਰੇ ਜਾਣ ਨਾਲ ਇਲਾਕੇ ਵਿੱਚ ਚੱਲ ਰਹੇ ਅੱਤਵਾਦੀ ਨੈੱਟਵਰਕ ਨੂੰ ਬਹੁਤ ਵੱਡਾ ਝਟਕਾ ਲੱਗਿਆ ਹੈ। ਨਾਲ ਹੀ, ਇਹ ਕਾਮਯਾਬੀ ਫ਼ੌਜ ਅਤੇ ਇੰਟੈਲੀਜੈਂਸ ਏਜੰਸੀਆਂ ਦੇ ਪੱਕੇ ਇਰਾਦੇ, ਹਿੰਮਤ ਅਤੇ ਬਹਾਦਰੀ ਨੂੰ ਦਰਸਾਉਂਦੀ ਹੈ।