ਇਸ਼ਾਨ ਕਿਸ਼ਨ ਨੇ ਨਿਊਜ਼ੀਲੈਂਡ ਵਿਰੁੱਧ ਖੇਡੀ ਗਈ ਪੰਜ ਮੈਚਾਂ ਦੀ ਟੀ-20 ਸੀਰੀਜ਼ ਵਿੱਚ ਦਮਦਾਰ ਵਾਪਸੀ ਕੀਤੀ ਹੈ। ਉਨ੍ਹਾਂ ਨੇ ਤਿਰੂਵਨੰਤਪੁਰਮ ਵਿੱਚ ਖੇਡੇ ਗਏ ਸੀਰੀਜ਼ ਦੇ ਆਖਰੀ ਟੀ-20 ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ ਹੈ। ਇਸ਼ਾਨ ਦੇ ਇਸ ਪ੍ਰਦਰਸ਼ਨ ਨੇ ਸੰਜੂ ਸੈਮਸਨ ਦੀ ਜਗ੍ਹਾ 'ਤੇ ਖ਼ਤਰਾ ਪੈਦਾ ਕਰ ਦਿੱਤਾ ਹੈ ਅਤੇ ਆਖਰੀ ਮੈਚ ਵਿੱਚ ਜੋ ਕੁਝ ਹੋਇਆ, ਉਸ ਨੇ ਸੰਜੂ ਦੀ ਟੀਮ ਵਿੱਚ ਚੋਣ 'ਤੇ ਹੋਰ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਸ਼ਾਨ ਅਤੇ ਸੰਜੂ ਦਾ ਬਦਲਿਆ ਰੋਲ
ਟੀਮ ਇੰਡੀਆ ਜਦੋਂ ਸਕੋਰ ਦਾ ਬਚਾਅ ਕਰਨ ਮੈਦਾਨ ਵਿੱਚ ਆਈ, ਤਾਂ ਸੰਜੂ ਸੈਮਸਨ ਦੀ ਬਜਾਏ ਵਿਕਟਕੀਪਿੰਗ ਦਸਤਾਨੇ ਇਸ਼ਾਨ ਕਿਸ਼ਨ ਦੇ ਹੱਥਾਂ ਵਿੱਚ ਸਨ। ਇਸੇ ਗੱਲ ਨੇ ਇਸ ਸ਼ੱਕ ਨੂੰ ਪੱਕਾ ਕਰ ਦਿੱਤਾ ਕਿ ਸੰਜੂ 7 ਫਰਵਰੀ ਤੋਂ ਸ਼ੁਰੂ ਹੋ ਰਹੇ ਟੀ-20 ਵਰਲਡ ਕੱਪ-2026 ਵਿੱਚ ਆਪਣੀ ਜਗ੍ਹਾ ਗੁਆ ਸਕਦੇ ਹਨ ਅਤੇ ਇਸ਼ਾਨ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ।
ਮੈਚ ਤੋਂ ਬਾਅਦ ਸੂਰਯਾਕੁਮਾਰ ਯਾਦਵ ਨੇ ਸੰਜੂ ਸੈਮਸਨ ਦੀ ਜਗ੍ਹਾ ਇਸ਼ਾਨ ਕਿਸ਼ਨ ਦੇ ਵਿਕਟਕੀਪਿੰਗ ਕਰਨ ਦੇ ਸਵਾਲ 'ਤੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਫੈਸਲਾ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿੱਚ ਗੱਲ ਕਰਦਿਆਂ ਸੂਰਯਾਕੁਮਾਰ ਨੇ ਕਿਹਾ,"ਕਿਉਂਕਿ ਤਿਲਕ ਵਰਮਾ ਟੀਮ ਵਿੱਚ ਨਹੀਂ ਹਨ, ਇਸ ਲਈ ਦੋਵੇਂ ਵਿਕਟਕੀਪਰ ਪਹਿਲੇ ਮੈਚ ਤੋਂ ਹੀ ਪਲੇਇੰਗ-11 ਦਾ ਹਿੱਸਾ ਹਨ। ਸੀਰੀਜ਼ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਅਸੀਂ ਇਹ ਤੈਅ ਕਰ ਲਿਆ ਸੀ ਕਿ ਸੰਜੂ ਪਹਿਲੇ ਤਿੰਨ ਮੈਚਾਂ ਵਿੱਚ ਵਿਕਟਕੀਪਿੰਗ ਕਰਨਗੇ ਅਤੇ ਇਸ਼ਾਨ ਆਖਰੀ ਦੋ ਮੈਚਾਂ ਵਿੱਚ।"
ਦੱਸਣਯੋਗ ਹੈ ਕਿ ਇਸ਼ਾਨ ਕਿਸ਼ਨ ਸੱਟ (Niggle) ਕਾਰਨ ਚੌਥਾ ਟੀ-20 ਮੈਚ ਨਹੀਂ ਖੇਡ ਸਕੇ ਸਨ, ਜਿਸ ਕਾਰਨ ਉਸ ਮੈਚ ਵਿੱਚ ਵੀ ਸੰਜੂ ਸੈਮਸਨ ਨੇ ਹੀ ਵਿਕਟਕੀਪਿੰਗ ਕੀਤੀ ਸੀ। ਪੰਜਵੇਂ ਮੈਚ ਵਿੱਚ ਜਦੋਂ ਇਸ਼ਾਨ ਦੀ ਵਾਪਸੀ ਹੋਈ, ਤਾਂ ਯੋਜਨਾ ਮੁਤਾਬਕ ਉਨ੍ਹਾਂ ਨੇ ਵਿਕਟਾਂ ਦੇ ਪਿੱਛੇ ਦੀ ਜ਼ਿੰਮੇਵਾਰੀ ਸੰਭਾਲੀ।
ਮੈਚ ਦਾ ਹਾਲ ਅਜਿਹਾ ਰਿਹਾ
ਭਾਰਤ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਇਸ਼ਾਨ ਕਿਸ਼ਨ ਨੇ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ। ਟੀਮ ਇੰਡੀਆ ਨੇ ਇੱਕ ਬਹੁਤ ਹੀ ਮਜ਼ਬੂਤ ਸਕੋਰ ਖੜ੍ਹਾ ਕੀਤਾ, ਜੋ ਟੀ-20 ਵਿੱਚ ਉਸਦਾ ਹੁਣ ਤੱਕ ਦਾ ਤੀਜਾ ਸਭ ਤੋਂ ਵੱਡਾ ਸਕੋਰ ਹੈ। ਇਸ਼ਾਨ ਤੋਂ ਇਲਾਵਾ ਕਪਤਾਨ ਸੂਰਿਆਕੁਮਾਰ ਯਾਦਵ ਨੇ 30 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 63 ਦੌੜਾਂ ਦੀ ਪਾਰੀ ਖੇਡੀ। ਹਾਰਦਿਕ ਪਾਂਡਿਆ ਨੇ ਅੰਤਲੇ ਓਵਰਾਂ ਵਿੱਚ 17 ਗੇਂਦਾਂ 'ਤੇ ਇੱਕ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਦੀ ਟੀਮ ਇਸ ਵਿਸ਼ਾਲ ਸਕੋਰ ਦੇ ਸਾਹਮਣੇ ਮੈਚ ਖ਼ਤਮ ਹੋਣ ਤੋਂ ਦੋ ਗੇਂਦਾਂ ਪਹਿਲਾਂ 225 ਦੌੜਾਂ 'ਤੇ ਢੇਰ ਹੋ ਗਈ। ਉਹਨਾਂ ਵੱਲੋਂ ਫਿਨ ਐਲਨ ਨੇ 38 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 80 ਦੌੜਾਂ ਦੀ ਪਾਰੀ ਖੇਡੀ। ਉਹਨਾਂ ਤੋਂ ਇਲਾਵਾ ਕੋਈ ਵੀ ਹੋਰ ਬੱਲੇਬਾਜ਼ ਅਰਧ ਸੈਂਕੜਾ ਨਹੀਂ ਲਗਾ ਸਕਿਆ। ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਪੰਜ ਵਿਕਟਾਂ ਲਈਆਂ। ਅਕਸ਼ਰ ਪਟੇਲ ਨੇ ਤਿੰਨ ਸਫਲਤਾਵਾਂ ਹਾਸਲ ਕੀਤੀਆਂ, ਜਦਕਿ ਵਰੁਣ ਚੱਕਰਵਰਤੀ ਅਤੇ ਰਿੰਕੂ ਸਿੰਘ ਨੇ ਇੱਕ-ਇੱਕ ਵਿਕਟ ਲਈ।