T20 ਵਰਲਡ ਕੱਪ : ਬੰਗਲਾਦੇਸ਼ ਪਾਕਿਸਤਾਨ ਤੋਂ ਵੀ ਇੱਕ ਕਦਮ ਅੱਗੇ ਨਿਕਲਿਆ ! ਬਾਈਕਾਟ ਵਿਵਾਦ ਤੋਂ ਸਰਕਾਰ ਨੇ ਪੱਲਾ ਝਾੜਿਆ
'ਕ੍ਰਿਕਬਜ਼' ਦੀ ਰਿਪੋਰਟ ਮੁਤਾਬਕ ਨਜ਼ਰੁਲ ਨੇ ਕਿਹਾ, "ਵਿਸ਼ਵ ਕੱਪ ਵਿੱਚ ਨਾ ਖੇਡਣ 'ਤੇ ਅਫ਼ਸੋਸ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਫੈਸਲਾ ਬੀਸੀਬੀ ਅਤੇ ਖਿਡਾਰੀਆਂ ਨੇ ਦੇਸ਼ ਦੀ ਕ੍ਰਿਕਟ ਦੀ ਸੁਰੱਖਿਆ, ਜਨਤਾ ਦੀ ਸੁਰੱਖਿਆ ਅਤੇ ਰਾਸ਼ਟਰੀ ਸਨਮਾਨ ਦੀ ਰਾਖੀ ਲਈ ਲਿਆ ਹੈ
Publish Date: Thu, 12 Feb 2026 10:55 AM (IST)
Updated Date: Thu, 12 Feb 2026 11:06 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਆਈਸੀਸੀ ਟੀ-20 ਵਿਸ਼ਵ ਕੱਪ 2026 ਵਿਚਕਾਰ ਬੰਗਲਾਦੇਸ਼ ਕ੍ਰਿਕਟ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪਹਿਲਾਂ ਖਿਡਾਰੀਆਂ ਅਤੇ ਬੋਰਡ 'ਤੇ ਟੂਰਨਾਮੈਂਟ ਦਾ ਬਾਈਕਾਟ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ ਹੁਣ ਬੰਗਲਾਦੇਸ਼ ਸਰਕਾਰ ਨੇ ਆਪਣੇ ਬਿਆਨ 'ਤੇ ਯੂ-ਟਰਨ (U-turn) ਲੈਂਦਿਆਂ ਸਫ਼ਾਈ ਦਿੱਤੀ ਹੈ।
ਖਿਡਾਰੀਆਂ 'ਤੇ ਦੋਸ਼ ਲਗਾਉਣ ਤੋਂ ਬਾਅਦ ਬੰਗਲਾਦੇਸ਼ ਦਾ ਯੂ-ਟਰਨ
ਬੰਗਲਾਦੇਸ਼ ਦੇ ਖੇਡ ਸਲਾਹਕਾਰ ਆਸਿਫ਼ ਨਜ਼ਰੁਲ ਨੇ ਸ਼ੁਰੂਆਤੀ ਟਿੱਪਣੀ ਵਿੱਚ ਕਿਹਾ ਸੀ ਕਿ ਆਗਾਮੀ ਟੀ-20 ਵਿਸ਼ਵ ਕੱਪ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਅਤੇ ਖਿਡਾਰੀਆਂ ਦਾ ਸੀ। ਇਸ ਬਿਆਨ ਨਾਲ ਕਾਫੀ ਭੰਬਲਭੂਸਾ ਪੈਦਾ ਹੋ ਗਿਆ ਕਿਉਂਕਿ ਇਸ ਤੋਂ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਰਾਜ ਪੱਧਰ 'ਤੇ ਲਿਆ ਗਿਆ ਸੀ।
'ਕ੍ਰਿਕਬਜ਼' ਦੀ ਰਿਪੋਰਟ ਮੁਤਾਬਕ ਨਜ਼ਰੁਲ ਨੇ ਕਿਹਾ, "ਵਿਸ਼ਵ ਕੱਪ ਵਿੱਚ ਨਾ ਖੇਡਣ 'ਤੇ ਅਫ਼ਸੋਸ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਫੈਸਲਾ ਬੀਸੀਬੀ ਅਤੇ ਖਿਡਾਰੀਆਂ ਨੇ ਦੇਸ਼ ਦੀ ਕ੍ਰਿਕਟ ਦੀ ਸੁਰੱਖਿਆ, ਜਨਤਾ ਦੀ ਸੁਰੱਖਿਆ ਅਤੇ ਰਾਸ਼ਟਰੀ ਸਨਮਾਨ ਦੀ ਰਾਖੀ ਲਈ ਲਿਆ ਹੈ।" ਇਸ ਤੋਂ ਪਹਿਲਾਂ 22 ਜਨਵਰੀ ਨੂੰ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਆਈਸੀਸੀ ਤੋਂ ਨਿਆਂ ਨਹੀਂ ਮਿਲਿਆ ਅਤੇ ਵਿਸ਼ਵ ਕੱਪ ਖੇਡਣਾ ਹੈ ਜਾਂ ਨਹੀਂ, ਇਹ ਪੂਰੀ ਤਰ੍ਹਾਂ ਸਰਕਾਰ ਦਾ ਫੈਸਲਾ ਹੈ।
ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ
ਨਜ਼ਰੁਲ ਅਨੁਸਾਰ, ਜਨਵਰੀ ਦੀ ਸ਼ੁਰੂਆਤ ਵਿੱਚ ਹੀ ਸਰਕਾਰ ਨੇ ਸੁਰੱਖਿਆ ਚਿੰਤਾਵਾਂ ਨੂੰ ਮੁੱਖ ਰੱਖਦਿਆਂ ਟੀਮ ਨੂੰ ਭਾਰਤ ਨਾ ਭੇਜਣ ਦਾ ਫੈਸਲਾ ਕਰ ਲਿਆ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬੋਰਡ ਅਤੇ ਖਿਡਾਰੀਆਂ ਨੇ ਇਸ ਫੈਸਲੇ ਨੂੰ ਬਿਨਾਂ ਕਿਸੇ ਵਿਰੋਧ ਦੇ ਸਵੀਕਾਰ ਕਰ ਲਿਆ ਹਾਲਾਂਕਿ ਇਸ ਫੈਸਲੇ ਨਾਲ ਵਿੱਤੀ ਨੁਕਸਾਨ ਅਤੇ ਸੰਭਾਵੀ ਪਾਬੰਦੀਆਂ ਦਾ ਖਤਰਾ ਸੀ।ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ਅਤੇ ਸਵੈ-ਮਾਣ ਦੇ ਹਿੱਤ ਵਿੱਚ ਇਸ ਕਦਮ ਦਾ ਸਮਰਥਨ ਕਰਨ ਲਈ ਖਿਡਾਰੀਆਂ ਦੀ ਸ਼ਲਾਘਾ ਕੀਤੀ। ਇਹ ਬਿਆਨ ਬੀਸੀਬੀ ਦੇ ਇੱਕ ਪ੍ਰੋਗਰਾਮ ਦੌਰਾਨ ਆਇਆ, ਜਿੱਥੇ ਢਾਕਾ ਯੂਨੀਵਰਸਿਟੀ ਨੂੰ ਖੇਡ ਮੈਦਾਨ ਦੇ ਵਿਕਾਸ ਲਈ 20 ਮਿਲੀਅਨ ਬੰਗਲਾਦੇਸ਼ੀ ਟਕਾ ਦਾ ਚੈੱਕ ਸੌਂਪਿਆ ਗਿਆ ਸੀ।