T20 World Cup 2026 : ਭਾਰਤ-ਪਾਕਿਸਤਾਨ ਹੀ ਨਹੀਂ, ਬੰਗਲਾਦੇਸ਼ ਵੀ 15 ਫਰਵਰੀ ਨੂੰ ਕੋਲੰਬੋ 'ਚ ਹੋਵੇਗਾ; ਜਾਣੋ ਕੀ ਹੈ ਪੂਰਾ ਮਾਮਲਾ?
ਬੀਸੀਬੀ ਚੀਫ਼ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ 'ਤੇ ਅੜਿਆ ਹੋਇਆ ਸੀ। ਅਮੀਨੁਲ ਇਸਲਾਮ ਨੇ ਨਿੱਜੀ ਤੌਰ 'ਤੇ ਪੀਸੀਬੀ ਪ੍ਰਧਾਨ ਮੋਹਸਿਨ ਨਕਵੀ ਨੂੰ ਵਿੱਤੀ ਨੁਕਸਾਨ ਬਾਰੇ ਸਮਝਾਇਆ। ਭਾਰਤ-ਪਾਕਿਸਤਾਨ ਮੈਚ ਤੋਂ ਲਗਪਗ 25 ਕਰੋੜ ਅਮਰੀਕੀ ਡਾਲਰ (ਕਰੀਬ 22 ਅਰਬ 64 ਕਰੋੜ ਰੁਪਏ) ਦਾ ਮਾਲੀਆ ਇਕੱਠਾ ਹੁੰਦਾ ਹੈ।
Publish Date: Thu, 12 Feb 2026 04:20 PM (IST)
Updated Date: Thu, 12 Feb 2026 04:25 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਭਾਰਤ, ਬੰਗਲਾਦੇਸ਼ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਏਸ਼ੀਆ ਦੇ ਚੋਟੀ ਦੇ ਪੰਜ ਕ੍ਰਿਕਟ ਦੇਸ਼ਾਂ ਦੇ ਮੁਖੀਆਂ ਨੂੰ ਮੀਟਿੰਗ ਲਈ ਬੁਲਾਇਆ ਹੈ। ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਪ੍ਰਧਾਨ ਅਮੀਨੁਲ ਇਸਲਾਮ ਨੇ ਇਸ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।
ਮੈਚ ਦੇ ਨਾਲ-ਨਾਲ ਹੋਵੇਗੀ ਅਹਿਮ ਚਰਚਾ
ਅਮੀਨੁਲ ਇਸਲਾਮ ਅਨੁਸਾਰ, ਇਹ ਮੀਟਿੰਗ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਹੋਵੇਗੀ। ਆਈਸੀਸੀ ਚਾਹੁੰਦੀ ਹੈ ਕਿ ਪੰਜੇ ਏਸ਼ੀਆਈ ਦੇਸ਼ਾਂ ਦੇ ਨੁਮਾਇੰਦੇ ਇਕੱਠੇ ਬੈਠ ਕੇ ਮੈਚ ਦੇਖਣ ਅਤੇ ਆਪਸੀ ਸਬੰਧਾਂ 'ਤੇ ਗੱਲਬਾਤ ਕਰਨ। ਇਸ ਬੈਠਕ ਦਾ ਮੁੱਖ ਮਕਸਦ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਵਿਚਾਲੇ ਤਣਾਅ ਨੂੰ ਘੱਟ ਕਰਨਾ ਹੈ ਤਾਂ ਜੋ ਵਿਸ਼ਵ ਕੱਪ 'ਤੇ ਅਨਿਸ਼ਚਿਤਤਾ ਦੇ ਬੱਦਲ ਹਟ ਸਕਣ।
ਪਾਕਿਸਤਾਨ ਨੂੰ ਮਨਾਉਣ 'ਚ ਬੰਗਲਾਦੇਸ਼ ਦਾ ਰੋਲ
ਬੀਸੀਬੀ ਚੀਫ਼ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਵਿਰੁੱਧ ਮੈਚ ਦਾ ਬਾਈਕਾਟ ਕਰਨ 'ਤੇ ਅੜਿਆ ਹੋਇਆ ਸੀ। ਅਮੀਨੁਲ ਇਸਲਾਮ ਨੇ ਨਿੱਜੀ ਤੌਰ 'ਤੇ ਪੀਸੀਬੀ ਪ੍ਰਧਾਨ ਮੋਹਸਿਨ ਨਕਵੀ ਨੂੰ ਵਿੱਤੀ ਨੁਕਸਾਨ ਬਾਰੇ ਸਮਝਾਇਆ। ਭਾਰਤ-ਪਾਕਿਸਤਾਨ ਮੈਚ ਤੋਂ ਲਗਪਗ 25 ਕਰੋੜ ਅਮਰੀਕੀ ਡਾਲਰ (ਕਰੀਬ 22 ਅਰਬ 64 ਕਰੋੜ ਰੁਪਏ) ਦਾ ਮਾਲੀਆ ਇਕੱਠਾ ਹੁੰਦਾ ਹੈ। ਬੰਗਲਾਦੇਸ਼ ਨੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਈਸੀਸੀ ਨੂੰ ਇੰਨਾ ਵੱਡਾ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਅਸਰ ਸਾਰੇ ਕ੍ਰਿਕਟ ਖੇਡਣ ਵਾਲੇ ਦੇਸ਼ਾਂ ਦੇ ਫੰਡਾਂ 'ਤੇ ਪਵੇਗਾ।
ਬਾਈਕਾਟ ਦਾ ਫੈਸਲਾ ਵਾਪਸ ਲਿਆ
ਪਾਕਿਸਤਾਨ ਸਰਕਾਰ ਨੇ 9 ਫਰਵਰੀ ਦੀ ਦੇਰ ਰਾਤ ਭਾਰਤ ਵਿਰੁੱਧ ਮੈਚ ਦੇ ਬਾਈਕਾਟ ਦਾ ਫੈਸਲਾ ਵਾਪਸ ਲੈ ਲਿਆ। ਆਈਸੀਸੀ ਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਜੇਕਰ ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਵੱਡੇ ਦੇਸ਼ ਟੂਰਨਾਮੈਂਟ ਤੋਂ ਹਟਦੇ ਹਨ ਤਾਂ ਬ੍ਰੌਡਕਾਸਟਿੰਗ ਕੰਟਰੈਕਟ ਅਤੇ ਕਮਰਸ਼ੀਅਲ ਡੀਲਜ਼ 'ਤੇ ਬੁਰਾ ਅਸਰ ਪਵੇਗਾ।