T20 ਵਿਸ਼ਵ ਕੱਪ 2026 : ਕ੍ਰਿਕਟ ਦਾ ਜਨੂੰਨ ! ਟੀਮ ਦਾ ਹੌਸਲਾ ਵਧਾਉਣ ਲਈ ਜ਼ਿੰਬਾਬਵੇ ਦੇ 6 ਪ੍ਰਸ਼ੰਸਕਾਂ ਨੇ ਖਰਚ ਕੀਤੀ ਸਾਲ ਭਰ ਦੀ ਕਮਾਈ
ਟੀ-20 ਵਿਸ਼ਵ ਕੱਪ 2026 ਵਿੱਚ ਜ਼ਿੰਬਾਬਵੇ ਨੇ ਵੱਡਾ ਉਲਟਫੇਰ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਰਗੀਆਂ ਦਿੱਗਜ ਟੀਮਾਂ ਨੂੰ ਹਰਾ ਕੇ ਜ਼ਿੰਬਾਬਵੇ ਦੀ ਟੀਮ ਹੁਣ ਸੁਪਰ-8 ਵਿੱਚ ਪਹੁੰਚ ਗਈ ਹੈ। ਇਸ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਵੱਡਾ ਹੱਥ ਹੈ
Publish Date: Sat, 21 Feb 2026 11:40 AM (IST)
Updated Date: Sat, 21 Feb 2026 11:46 AM (IST)
ਸਪੋਰਟਸ ਡੈਸਕ,ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਵਿੱਚ ਜ਼ਿੰਬਾਬਵੇ ਨੇ ਵੱਡਾ ਉਲਟਫੇਰ ਕਰਦਿਆਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਅਤੇ ਸ਼੍ਰੀਲੰਕਾ ਵਰਗੀਆਂ ਦਿੱਗਜ ਟੀਮਾਂ ਨੂੰ ਹਰਾ ਕੇ ਜ਼ਿੰਬਾਬਵੇ ਦੀ ਟੀਮ ਹੁਣ ਸੁਪਰ-8 ਵਿੱਚ ਪਹੁੰਚ ਗਈ ਹੈ। ਇਸ ਸਫਲਤਾ ਦੇ ਪਿੱਛੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਵੀ ਵੱਡਾ ਹੱਥ ਹੈ, ਖਾਸ ਕਰਕੇ ਉਨ੍ਹਾਂ 6 ਪ੍ਰਸ਼ੰਸਕਾਂ ਦਾ ਜਿਨ੍ਹਾਂ ਨੇ ਆਪਣੀ ਟੀਮ ਲਈ ਆਪਣੀ ਪੂਰੀ ਸਾਲ ਦੀ ਕਮਾਈ ਦਾਅ 'ਤੇ ਲਗਾ ਦਿੱਤੀ।
'ਕੈਸਲ ਕਾਰਨਰ' ਗਰੁੱਪ ਦੀ ਅਨੋਖੀ ਦੀਵਾਨਗੀ
ਗਰੁੱਪ ਦਾ ਨਾਮ: ਇਸ ਪ੍ਰਸ਼ੰਸਕ ਸਮੂਹ ਦਾ ਨਾਮ 'ਕੈਸਲ ਕਾਰਨਰ' ਹੈ, ਜਿਸਦੀ ਸਥਾਪਨਾ 2011 ਵਿੱਚ ਹੋਈ ਸੀ।
ਭਾਰੀ ਖਰਚਾ: ਸ਼੍ਰੀਲੰਕਾ ਵਿੱਚ ਆਪਣੀ ਟੀਮ ਨੂੰ ਸਪੋਰਟ ਕਰਨ ਆਏ ਇਨ੍ਹਾਂ 6 ਮੈਂਬਰਾਂ ਵਿੱਚੋਂ ਹਰੇਕ ਨੇ ਲਗਪਗ 2000 ਅਮਰੀਕੀ ਡਾਲਰ (ਕਰੀਬ 1.81 ਲੱਖ ਭਾਰਤੀ ਰੁਪਏ) ਖਰਚ ਕੀਤੇ ਹਨ। ਜ਼ਿਕਰਯੋਗ ਹੈ ਕਿ ਜ਼ਿੰਬਾਬਵੇ ਵਿੱਚ ਔਸਤ ਸਾਲਾਨਾ ਆਮਦਨ 2500 ਡਾਲਰ ਤੋਂ ਵੀ ਘੱਟ ਹੈ।
ਕੰਮ ਤੋਂ ਛੁੱਟੀ: ਗਰੁੱਪ ਦੇ ਮੈਂਬਰਾਂ ਵਿੱਚ ਇੱਕ ਲਾਅ ਸਟੂਡੈਂਟ, ਇੱਕ ਅਕਾਊਂਟੈਂਟ ਅਤੇ ਇੱਕ ਮਹਿਲਾ ਲਿਓਨਾ ਤਾਨਿਕਵਾ ਸ਼ਾਮਲ ਹੈ, ਜਿਸ ਨੇ ਵਿਸ਼ਵ ਕੱਪ ਲਈ ਆਪਣੀ ਨੌਕਰੀ ਤੋਂ ਵਿਸ਼ੇਸ਼ ਛੁੱਟੀਆਂ ਲਈਆਂ ਹਨ।
ਗਾਣਿਆਂ ਰਾਹੀਂ ਵਧਾਉਂਦੇ ਹਨ ਹੌਸਲਾ
ਇਹ ਗਰੁੱਪ ਸਟੇਡੀਅਮ ਵਿੱਚ ਆਪਣੀ ਖਾਸ 'ਸ਼ੋਨਾ' ਅਤੇ 'ਨਦੇਬੇਲੇ' ਭਾਸ਼ਾ ਵਿੱਚ ਗੀਤ ਗਾ ਕੇ ਮਾਹੌਲ ਬਣਾਉਂਦਾ ਹੈ।
ਖਾਸ ਗੀਤ: ਜਦੋਂ ਟੀਮ ਜਿੱਤਦੀ ਹੈ ਤਾਂ ਉਹ 'ਵਨੋਫਮਬਾਨੇ ਮਵੇਯਾ ਮੁਤਸਵੇਨੇ' ਗਾਉਂਦੇ ਹਨ।
ਖਿਡਾਰੀਆਂ ਲਈ ਵੱਖਰੇ ਗੀਤ: ਕਪਤਾਨ ਸਿਕੰਦਰ ਰਜ਼ਾ ਲਈ ਉਹ 'ਕ੍ਰੇਮੋਰਾ' ਗੀਤ ਗਾਉਂਦੇ ਹਨ, ਜਿਸਦਾ ਮਤਲਬ ਹੈ ਕਿ ਰਜ਼ਾ ਟੀਮ ਲਈ ਉਨੇ ਹੀ ਜ਼ਰੂਰੀ ਹਨ ਜਿੰਨਾ ਚਾਹ ਵਿੱਚ ਦੁੱਧ। ਇਸੇ ਤਰ੍ਹਾਂ ਮੁਜ਼ਰਬਾਨੀ ਅਤੇ ਰਿਆਨ ਬਰਲ ਲਈ ਵੀ ਉਨ੍ਹਾਂ ਨੇ ਖਾਸ ਗੀਤ ਤਿਆਰ ਕੀਤੇ ਹੋਏ ਹਨ।
ਬਜਟ ਹੋਇਆ ਖ਼ਤਮ, ਹੁਣ ਘਰ ਵਾਪਸੀ
ਹਾਲਾਂਕਿ ਜ਼ਿੰਬਾਬਵੇ ਦੀ ਟੀਮ ਸੁਪਰ-8 ਦੇ ਮੁਕਾਬਲੇ ਖੇਡਣ ਲਈ ਹੁਣ ਭਾਰਤ ਆਵੇਗੀ ਪਰ ਇਹ ਛੇ ਪ੍ਰਸ਼ੰਸਕ ਉਨ੍ਹਾਂ ਦੇ ਨਾਲ ਨਹੀਂ ਆ ਸਕਣਗੇ। ਉਨ੍ਹਾਂ ਦਾ ਬਜਟ ਖ਼ਤਮ ਹੋ ਚੁੱਕਾ ਹੈ। ਸ਼੍ਰੀਲੰਕਾ ਖਿਲਾਫ ਜਿੱਤ ਤੋਂ ਬਾਅਦ ਉਨ੍ਹਾਂ ਨੇ ਭਾਵੁਕ ਹੁੰਦਿਆਂ ਆਪਣਾ ਆਖਰੀ ਗੀਤ ਗਾਇਆ, "ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਹੈ, ਹੁਣ ਘਰ ਜਾਣ ਦਾ ਸਮੇਂ ਹੈ।"