ਸ਼ੁਭਮਨ ਗਿੱਲ ਦੀ BCCI ਤੋਂ ਵੱਡੀ ਮੰਗ... ਟੈਸਟ ਕ੍ਰਿਕਟ 'ਚ ਹਾਰ ਤੋਂ ਬਚਣ ਲਈ ਦਿੱਤਾ ਨਵੇਂ ਨਿਯਮ ਦਾ ਸੁਝਾਅ
ਕਪਤਾਨ ਗਿੱਲ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੇ ਟੈਸਟ ਕ੍ਰਿਕਟ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਹੈ ਤਾਂ ਤਿਆਰੀ ਦੇ ਰਵਾਇਤੀ ਤਰੀਕਿਆਂ ਵਿੱਚ ਬਦਲਾਅ ਕਰਨਾ ਹੋਵੇਗਾ। ਗਿੱਲ ਨੇ ਸੁਝਾਅ ਦਿੱਤਾ ਹੈ ਕਿ, BCCI ਨੂੰ ਹਰ ਟੈਸਟ ਸੀਰੀਜ਼ ਤੋਂ ਪਹਿਲਾਂ ਘੱਟੋ-ਘੱਟ 15 ਦਿਨਾਂ ਦਾ ਵਿਸ਼ੇਸ਼ ਟ੍ਰੇਨਿੰਗ ਕੈਂਪ ਲਾਜ਼ਮੀ ਕਰਨਾ ਚਾਹੀਦਾ ਹੈ।
Publish Date: Mon, 05 Jan 2026 01:24 PM (IST)
Updated Date: Mon, 05 Jan 2026 01:44 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਜਦੋਂ ਤੋਂ ਗੌਤਮ ਗੰਭੀਰ ਭਾਰਤੀ ਟੀਮ ਦੇ ਹੈੱਡ ਕੋਚ ਬਣੇ ਹਨ, ਉਦੋਂ ਤੋਂ ਟੀਮ ਇੰਡੀਆ ਦੋ ਵਾਰ ਟੈਸਟ ਸੀਰੀਜ਼ ਵਿੱਚ 'ਕਲੀਨ ਸਵੀਪ' (ਸਾਰੇ ਮੈਚ ਹਾਰਨਾ) ਦਾ ਸਾਹਮਣਾ ਕਰ ਚੁੱਕੀ ਹੈ। 2024 ਦੇ ਅੰਤ ਵਿੱਚ ਨਿਊਜ਼ੀਲੈਂਡ ਨੇ 3-0 ਨਾਲ ਅਤੇ 2025 ਦੇ ਅੰਤ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 2-0 ਨਾਲ ਹਰਾਇਆ।
ਅਜਿਹੀ ਸਥਿਤੀ ਵਿੱਚ ਟੀਮ ਦੇ ਪ੍ਰਦਰਸ਼ਨ ਨੂੰ ਸੁਧਾਰਨ ਲਈ ਭਾਰਤੀ ਟੈਸਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਇੱਕ ਖਾਸ ਸੁਝਾਅ ਦਿੱਤਾ ਹੈ।
15 ਦਿਨਾਂ ਦਾ 'ਸਪੈਸ਼ਲ ਕੈਂਪ'
ਕਪਤਾਨ ਗਿੱਲ ਦਾ ਮੰਨਣਾ ਹੈ ਕਿ ਜੇਕਰ ਭਾਰਤ ਨੇ ਟੈਸਟ ਕ੍ਰਿਕਟ ਵਿੱਚ ਆਪਣਾ ਦਬਦਬਾ ਕਾਇਮ ਰੱਖਣਾ ਹੈ ਤਾਂ ਤਿਆਰੀ ਦੇ ਰਵਾਇਤੀ ਤਰੀਕਿਆਂ ਵਿੱਚ ਬਦਲਾਅ ਕਰਨਾ ਹੋਵੇਗਾ। ਗਿੱਲ ਨੇ ਸੁਝਾਅ ਦਿੱਤਾ ਹੈ ਕਿ, BCCI ਨੂੰ ਹਰ ਟੈਸਟ ਸੀਰੀਜ਼ ਤੋਂ ਪਹਿਲਾਂ ਘੱਟੋ-ਘੱਟ 15 ਦਿਨਾਂ ਦਾ ਵਿਸ਼ੇਸ਼ ਟ੍ਰੇਨਿੰਗ ਕੈਂਪ ਲਾਜ਼ਮੀ ਕਰਨਾ ਚਾਹੀਦਾ ਹੈ। ਗਿੱਲ ਅਨੁਸਾਰ, ਖਿਡਾਰੀ ਅਕਸਰ T20 ਜਾਂ ਵਨਡੇ ਫਾਰਮੈਟ ਖੇਡ ਕੇ ਸਿੱਧੇ ਟੈਸਟ ਮੈਚਾਂ ਵਿੱਚ ਉਤਰ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਲਾਲ ਗੇਂਦ (Red Ball) ਦੇ ਖੇਡ ਅਤੇ ਲੰਬੇ ਫਾਰਮੈਟ ਦੀ ਮਾਨਸਿਕਤਾ ਵਿੱਚ ਢਲਣ ਦਾ ਸਮਾਂ ਨਹੀਂ ਮਿਲਦਾ। ਇਹ 15 ਦਿਨ ਨਾ ਸਿਰਫ਼ ਹਾਲਾਤਾਂ ਦੇ ਅਨੁਕੂਲ ਹੋਣ ਵਿੱਚ ਮਦਦ ਕਰਨਗੇ, ਸਗੋਂ ਖਿਡਾਰੀਆਂ ਦੀ ਤਕਨੀਕੀ ਕਮੀਆਂ ਨੂੰ ਵੀ ਦੂਰ ਕੀਤਾ ਜਾ ਸਕੇਗਾ।
ਵਿਦੇਸ਼ੀ ਦੌਰਿਆਂ 'ਤੇ ਹਾਰ ਦਾ ਡਰ ਹੋਵੇਗਾ ਖ਼ਤਮ
ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਭਾਰਤੀ ਟੀਮ ਨੂੰ ਸ਼ੁਰੂਆਤੀ ਟੈਸਟਾਂ ਵਿੱਚ ਸੰਘਰਸ਼ ਕਰਨਾ ਪਿਆ ਹੈ। ਗਿੱਲ ਦਾ ਮੰਨਣਾ ਹੈ ਕਿ ਜੇਕਰ ਟੀਮ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਉਸੇ ਦੇਸ਼ ਦੇ ਹਾਲਾਤਾਂ ਵਿੱਚ 15 ਦਿਨ ਬਿਤਾਉਂਦੀ ਹੈ ਤਾਂ ਹਾਰ ਦੀ ਸੰਭਾਵਨਾ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਅਭਿਆਸ ਮੈਚਾਂ ਦੇ ਨਾਲ-ਨਾਲ ਨੈੱਟ 'ਤੇ ਬਿਤਾਇਆ ਗਿਆ ਇਹ ਸਮਾਂ ਖਿਡਾਰੀਆਂ ਦੇ ਆਤਮ-ਵਿਸ਼ਵਾਸ ਲਈ 'ਗੇਮ-ਚੇਂਜਰ' ਸਾਬਿਤ ਹੋਵੇਗਾ।
ਵੀ.ਵੀ.ਐੱਸ. ਲਕਸ਼ਮਣ ਦੀ ਲਈ ਜਾ ਸਕਦੀ ਹੈ ਮਦਦ
ਭਾਰਤੀ ਟੀਮ ਦੇ ਰੁਝੇਵਿਆਂ ਭਰੇ ਸ਼ਡਿਊਲ ਕਾਰਨ ਹਰ ਵਾਰ 15 ਦਿਨਾਂ ਦਾ ਕੈਂਪ ਲਗਾਉਣਾ ਆਸਾਨ ਨਹੀਂ ਹੋਵੇਗਾ। BCCI ਦੇ ਸੂਤਰਾਂ ਅਨੁਸਾਰ, ਬੋਰਡ ਬੈਂਗਲੁਰੂ ਵਿੱਚ 'ਸੈਂਟਰ ਆਫ ਐਕਸੀਲੈਂਸ' (CoE) ਦੀਆਂ ਸਹੂਲਤਾਂ ਅਤੇ ਕੋਚਿੰਗ ਸਟਾਫ ਦੀ ਵਰਤੋਂ ਕਰ ਸਕਦਾ ਹੈ।
ਜਦੋਂ ਹੈੱਡ ਕੋਚ ਗੌਤਮ ਗੰਭੀਰ ਵ੍ਹਾਈਟ-ਬਾਲ (ਵਨਡੇ/T20) ਟੀਮਾਂ ਦੇ ਨਾਲ ਰੁਝੇ ਹੋਣਗੇ, ਉਦੋਂ ਟੈਸਟ ਸੀਰੀਜ਼ ਦੀ ਤਿਆਰੀ ਲਈ ਬੋਰਡ ਰੈੱਡ-ਬਾਲ ਕੈਂਪ ਆਯੋਜਿਤ ਕਰੇਗਾ। ਇਸ ਦੇ ਲਈ CoE ਦੇ ਕ੍ਰਿਕਟ ਹੈੱਡ ਵੀ.ਵੀ.ਐੱਸ. ਲਕਸ਼ਮਣ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ।