ਭਾਰਤ ਦੀ T20I ਕਪਤਾਨੀ ਮਿਲਦੇ ਹੀ ਸ਼੍ਰੇਅਸ ਅਈਅਰ ਦਾ ਧਮਾਕਾ, ਸੂਰਿਆ ਨੂੰ ਦਿਖਾਇਆ ਆਈਨਾ !
ਮੁੰਬਈ ਟੀ-20 ਲੀਗ ਦੇ 12ਵੇਂ ਮੈਚ ਵਿੱਚ 6 ਜੂਨ ਨੂੰ ਟ੍ਰਾਇੰਫਸ ਨਾਈਟਸ MNE ਅਤੇ SoBo ਮੁੰਬਈ ਫਾਲਕਨਜ਼ ਦੀ ਟੀਮ ਦਾ ਆਹਮੋ-ਸਾਹਮਣਾ ਹੋਇਆ, ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ ਟ੍ਰਾਇੰਫਸ ਨਾਈਟਸ, ਜਿਸ ਦੇ ਕਪਤਾਨ ਸੂਰਿਆਕੁਮਾਰ ਯਾਦਵ ਹਨ
Publish Date: Sun, 07 Jun 2026 10:11 AM (IST)
Updated Date: Sun, 07 Jun 2026 10:24 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀ-20ਆਈ ਟੀਮ ਦੇ ਨਵੇਂ ਕਪਤਾਨ ਬਣਾਏ ਜਾਣ ਦੇ ਕੁਝ ਘੰਟਿਆਂ ਬਾਅਦ ਹੀ ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਮੁੰਬਈ ਫਾਲਕਨਜ਼ ਦੀ ਟੀਮ ਨੇ ਸੂਰਿਆਕੁਮਾਰ ਯਾਦਵ ਦੀ ਟੀਮ ਟ੍ਰਾਇੰਫਸ ਨਾਈਟਸ ਨੂੰ ਮਾਤ ਦੇ ਦਿੱਤੀ। ਮੁੰਬਈ ਟੀ-20 ਲੀਗ ਵਿੱਚ ਖੇਡਦੇ ਹੋਏ ਸ਼ਨੀਵਾਰ ਨੂੰ ਅਈਅਰ ਨੇ 36 ਗੇਂਦਾਂ 'ਤੇ 5 ਚੌਕਿਆਂ ਅਤੇ 4 ਅਸਮਾਨੀ ਛੱਕਿਆਂ ਦੀ ਮਦਦ ਨਾਲ 61 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ।
ਉਨ੍ਹਾਂ ਦੀ ਇਸ ਪਾਰੀ ਦੀ ਖ਼ੂਬ ਚਰਚਾ ਕੀਤੀ ਜਾ ਰਹੀ ਹੈ ਕਿਉਂਕਿ ਸ਼ਨੀਵਾਰ ਨੂੰ ਬੀਸੀਸੀਆਈ ਨੇ ਦੁਪਹਿਰ ਵੇਲੇ ਆਇਰਲੈਂਡ, ਇੰਗਲੈਂਡ ਦੌਰੇ ਦੇ ਨਾਲ-ਨਾਲ ਏਸ਼ੀਅਨ ਗੇਮਜ਼ ਦੇ ਸਕੁਐਡ ਦਾ ਐਲਾਨ ਕਰਕੇ ਸ਼੍ਰੇਅਸ ਅਈਅਰ ਨੂੰ ਨਵਾਂ ਕਪਤਾਨ ਨਿਯੁਕਤ ਕੀਤਾ। ਦਿਨ ਵੇਲੇ ਭਾਰਤੀ ਟੀਮ ਦਾ ਨਵਾਂ ਕਪਤਾਨ ਬਣਾਏ ਜਾਣ ਤੋਂ ਬਾਅਦ ਸ਼ਾਮ ਨੂੰ ਅਈਅਰ ਦੀ ਕਪਤਾਨੀ ਵਿੱਚ ਟੀਮ ਨੇ ਸੂਰਿਆ ਦੀ ਟੀਮ ਨੂੰ 5 ਵਿਕਟਾਂ ਨਾਲ ਧੂੜ ਚੱਟਾ ਦਿੱਤੀ।
ਸ਼੍ਰੇਅਸ ਅਈਅਰ ਦੀ ਟੀਮ ਨੇ ਸੂਰਿਆ ਦੀ ਸੈਨਾ ਨੂੰ ਦਿੱਤੀ ਕਰਾਰੀ ਹਾਰ
ਦਰਅਸਲ, ਮੁੰਬਈ ਟੀ-20 ਲੀਗ ਦੇ 12ਵੇਂ ਮੈਚ ਵਿੱਚ 6 ਜੂਨ ਨੂੰ ਟ੍ਰਾਇੰਫਸ ਨਾਈਟਸ MNE ਅਤੇ SoBo ਮੁੰਬਈ ਫਾਲਕਨਜ਼ ਦੀ ਟੀਮ ਦਾ ਆਹਮੋ-ਸਾਹਮਣਾ ਹੋਇਆ, ਜਿਸ ਵਿੱਚ ਪਹਿਲਾਂ ਬੈਟਿੰਗ ਕਰਦੇ ਹੋਏ ਟ੍ਰਾਇੰਫਸ ਨਾਈਟਸ, ਜਿਸ ਦੇ ਕਪਤਾਨ ਸੂਰਿਆਕੁਮਾਰ ਯਾਦਵ ਹਨ, ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਟੀਮ ਵੱਲੋਂ ਸੂਰਿਆ ਨੇ 48 ਦੌੜਾਂ ਦੀ ਪਾਰੀ ਖੇਡੀ। ਟੀ-20ਆਈ ਟੀਮ ਦੀ ਕਪਤਾਨੀ ਖੁੱਸਣ ਤੋਂ ਬਾਅਦ ਸੂਰਿਆ ਨੇ 48 ਦੌੜਾਂ ਦੀ ਪਾਰੀ ਵਿੱਚ 3 ਚੌਕੇ ਅਤੇ 4 ਛੱਕੇ ਲਗਾਏ।
148 ਦੌੜਾਂ ਦੇ ਜਵਾਬ ਵਿੱਚ SoBo ਮੁੰਬਈ ਫਾਲਕਨਜ਼ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਨੰਬਰ-4 'ਤੇ ਆਏ ਸ਼੍ਰੇਅਸ ਅਈਅਰ ਨੇ 36 ਗੇਂਦਾਂ 'ਤੇ 61 ਦੌੜਾਂ ਦੀ ਪਾਰੀ ਖੇਡ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਅਈਅਰ ਦੀ ਪਾਰੀ ਦੇ ਦਮ 'ਤੇ ਉਨ੍ਹਾਂ ਦੀ ਟੀਮ 20 ਗੇਂਦਾਂ ਅਤੇ 5 ਵਿਕਟਾਂ ਬਾਕੀ ਰਹਿੰਦਿਆਂ ਹੀ ਇਹ ਮੈਚ ਜਿੱਤ ਗਈ।
ਸ਼੍ਰੇਅਸ ਅਈਅਰ ਬਣੇ ਕਪਤਾਨ, ਸੂਰਿਆ ਦਾ ਪੱਤਾ ਕੱਟਿਆ
ਸ਼੍ਰੇਅਸ ਅਈਅਰ ਦੇ ਕਪਤਾਨ ਬਣਦੇ ਹੀ ਸੂਰਿਆ ਤੋਂ ਕਪਤਾਨੀ ਖੁੱਸ ਗਈ ਅਤੇ ਨਾਲ ਹੀ ਉਨ੍ਹਾਂ ਦਾ ਟੀ-20 ਟੀਮ ਵਿੱਚੋਂ ਪੱਤਾ ਸਾਫ਼ ਹੋ ਗਿਆ ਹੈ। ਭਾਰਤ ਨੂੰ 2026 ਟੀ-20 ਵਿਸ਼ਵ ਕੱਪ ਦਾ ਖ਼ਿਤਾਬ ਜਿਤਾਉਣ ਵਾਲੇ ਸੂਰਿਆ ਦਾ ਬਤੌਰ ਕਪਤਾਨ ਰਿਕਾਰਡ ਸ਼ਾਨਦਾਰ ਰਿਹਾ ਪਰ ਉਨ੍ਹਾਂ ਦੀ ਖ਼ਰਾਬ ਫਾਰਮ ਨੇ ਉਨ੍ਹਾਂ ਨੂੰ ਟੀਮ ਤੋਂ ਬਾਹਰ ਕਰ ਦਿੱਤਾ। ਆਈਪੀਐਲ 2026 ਵਿੱਚ ਵੀ ਸੂਰਿਆ ਦਾ ਬੱਲਾ ਖ਼ਾਮੋਸ਼ ਰਿਹਾ ਸੀ, ਅਜਿਹੇ ਵਿੱਚ ਚੋਣਕਾਰਾਂ ਨੇ ਉਨ੍ਹਾਂ ਤੋਂ ਅੱਗੇ ਵਧਣ ਦਾ ਫ਼ੈਸਲਾ ਕੀਤਾ।