ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਵਿਨੋਦ ਕਾਂਬਲੀ ਪਿਛਲੇ ਕਈ ਮਹੀਨਿਆਂ ਤੋਂ ਅਸਵਸਥ ਹਨ। ਉਨ੍ਹਾਂ ਬਾਰੇ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਸਿਰ ਵਿੱਚ 'ਬਲੱਡ ਕਲੌਟ' (ਖੂਨ ਦੇ ਥੱਕੇ) ਬਣ ਰਹੇ ਹਨ, ਜਿਸ ਨਾਲ ਉਨ੍ਹਾਂ ਦੀ ਯਾਦਦਾਸ਼ਤ 'ਤੇ ਅਸਰ ਪੈ ਰਿਹਾ ਹੈ। ਇਨ੍ਹਾਂ ਖ਼ਬਰਾਂ ਨੂੰ ਲੈ ਕੇ ਕਾਂਬਲੀ ਦੀ ਪਤਨੀ ਐਂਡਰੀਆ ਹੇਵਿਟ ਨੇ ਆਪਣਾ ਪੱਖ ਰੱਖਿਆ ਹੈ ਅਤੇ ਕਿਹਾ ਹੈ ਕਿ ਇਹ ਸਿਰਫ਼ ਇੱਕ ਅਫ਼ਵਾਹ ਹੈ ਜੋ ਕਿਸੇ ਨੇ ਉਡਾਈ ਹੈ।

ਕਾਂਬਲੀ ਬਿਲਕੁਲ ਠੀਕ ਹਨ
ਐਂਡਰੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਬਲੀ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਬਾਰੇ ਕੋਈ ਗਲਤ ਅਫ਼ਵਾਹਾਂ ਫੈਲਾ ਰਿਹਾ ਹੈ। ਉਨ੍ਹਾਂ ਕਿਹਾ, "ਪਰਮਾਤਮਾ ਦੀ ਮਿਹਰ ਨਾਲ ਵਿਨੋਦ ਠੀਕ ਹਨ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਬਾਰੇ ਕੌਣ ਗਲਤ ਜਾਣਕਾਰੀ ਫੈਲਾ ਰਿਹਾ ਹੈ।"
ਦੋਸਤ ਨੇ ਹੀ ਦਿੱਤੀ ਸੀ ਜਾਣਕਾਰੀ
ਦਰਅਸਲ, ਕਾਂਬਲੀ ਦੀ ਯਾਦਦਾਸ਼ਤ ਜਾਣ ਦੀ ਜਾਣਕਾਰੀ ਉਨ੍ਹਾਂ ਦੇ ਹੀ ਪੁਰਾਣੇ ਦੋਸਤ ਅਤੇ ਸਾਬਕਾ ਫਸਟ ਕਲਾਸ ਅੰਪਾਇਰ ਮਾਰਕਸ ਕੋਊਟੋ ਨੇ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਕਾਂਬਲੀ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਹੇ ਹਨ। ਕੋਊਟੋ ਨੇ ਗੱਲ ਕਰਦਿਆਂ ਦਾਅਵਾ ਕੀਤਾ ਸੀ, "18 ਮਹੀਨੇ ਪਹਿਲਾਂ ਜਦੋਂ ਉਹ ਠਾਣੇ ਦੇ ਹਸਪਤਾਲ ਵਿੱਚ ਭਰਤੀ ਹੋਏ ਸਨ, ਉਦੋਂ ਤੋਂ ਉਨ੍ਹਾਂ ਦੇ ਦਿਮਾਗ ਵਿੱਚ 'ਕਲੌਟ' ਹੈ। ਉਨ੍ਹਾਂ ਦੀ ਯਾਦਦਾਸ਼ਤ ਠੀਕ ਨਹੀਂ ਹੈ। ਉਹ ਚੀਜ਼ਾਂ ਨੂੰ ਯਾਦ ਕਰਦੇ ਹਨ ਅਤੇ ਫਿਰ ਭੁੱਲ ਜਾਂਦੇ ਹਨ।"
ਮਦਦ ਲਈ ਤਿਆਰ ਹਨ ਦਿੱਗਜ
ਮੀਡੀਆ ਰਿਪੋਰਟਾਂ ਵਿੱਚ ਇਹ ਗੱਲਾਂ ਵੀ ਸਾਹਮਣੇ ਆਈਆਂ ਸਨ ਕਿ ਕਾਂਬਲੀ ਦੇ ਕਰੀਬੀ ਦੋਸਤਾਂ ਵੱਲੋਂ ਉਨ੍ਹਾਂ ਦੀ ਮਦਦ ਲਈ ਇੱਕ ਸਿਸਟਮ ਬਣਾਇਆ ਗਿਆ ਹੈ, ਜਿਸ ਵਿੱਚ ਕਈ ਸਾਬਕਾ ਕ੍ਰਿਕਟਰ ਸ਼ਾਮਲ ਹਨ। ਮਾਰਕਸ ਵੱਲੋਂ ਇੱਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ ਜੋ ਕਾਂਬਲੀ ਦੇ ਦੋਸਤਾਂ ਨੂੰ ਇੱਕਜੁੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਸਚਿਨ ਤੇਂਦੁਲਕਰ ਵੀ ਸ਼ਾਮਲ ਹਨ। ਸਚਿਨ ਅਤੇ ਕਾਂਬਲੀ ਬਚਪਨ ਤੋਂ ਇਕੱਠੇ ਖੇਡੇ ਹਨ ਅਤੇ ਮੁਸ਼ਕਲ ਸਮੇਂ ਵਿੱਚ ਸਚਿਨ ਨੇ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਹੈ।