- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟੀ-20 ਵਿਸ਼ਵ ਕੱਪ 2026 ਸ਼ੁਰੂ ਹੋਣ ਵਿੱਚ ਹੁਣ ਸਿਰਫ਼ ਇੱਕ ਹਫ਼ਤੇ ਦਾ ਸਮਾਂ ਬਾਕੀ ਹੈ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਦਾ ਟੂਰਨਾਮੈਂਟ ਹੋਰ ਵੀ ਖ਼ਾਸ ਹੋਣ ਵਾਲਾ ਹੈ ਕਿਉਂਕਿ 20 ਟੀਮਾਂ ਵਿਸ਼ਵ ਕੱਪ ਜਿੱਤਣ ਲਈ ਆਪਣੀ ਪੂਰੀ ਵਾਹ ਲਗਾਉਣਗੀਆਂ। ਇਸ ਦੌਰਾਨ ਕੁੱਲ 55 ਮੁਕਾਬਲੇ ਖੇਡੇ ਜਾਣਗੇ। ਟੀ-20 ਵਿਸ਼ਵ ਕੱਪ 2026 ਦੀ ਮੇਜ਼ਬਾਨੀ ਸਾਂਝੇ ਤੌਰ 'ਤੇ ਭਾਰਤ ਅਤੇ ਸ਼੍ਰੀਲੰਕਾ ਵੱਲੋਂ ਕੀਤੀ ਜਾ ਰਹੀ ਹੈ, ਜੋ 7 ਫਰਵਰੀ ਤੋਂ ਸ਼ੁਰੂ ਹੋ ਕੇ 8 ਮਾਰਚ ਨੂੰ ਖ਼ਤਮ ਹੋਵੇਗਾ।

ਨੌਕਆਊਟ ਮੈਚਾਂ ਲਈ ਰਿਜ਼ਰਵ ਡੇਅ ਦੀ ਵਿਵਸਥਾ
ਟੀ-20 ਵਿਸ਼ਵ ਕੱਪ 2026 ਵਿੱਚ ਸਿਰਫ਼ ਨੌਕਆਊਟ ਮੈਚਾਂ ਲਈ ਹੀ ਰਿਜ਼ਰਵ ਡੇਅ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਸਿਰਫ਼ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਲਈ ਹੀ ਵਾਧੂ ਦਿਨ ਉਪਲਬਧ ਹੋਵੇਗਾ। ਜੇਕਰ ਗਰੁੱਪ ਸਟੇਜ ਅਤੇ ਸੁਪਰ-8 ਦੇ ਮੈਚਾਂ ਦੌਰਾਨ ਲਗਾਤਾਰ ਮੀਂਹ ਪੈਂਦਾ ਰਿਹਾ, ਤਾਂ ਕੋਈ ਰਿਜ਼ਰਵ ਡੇਅ ਨਹੀਂ ਹੋਵੇਗਾ ਅਤੇ ਮੈਚ ਰੱਦ ਕਰ ਦਿੱਤਾ ਜਾਵੇਗਾ।
ਸੈਮੀਫਾਈਨਲ ਲਈ ਖ਼ਾਸ ਨਿਯਮ
ਜੇਕਰ ਸੈਮੀਫਾਈਨਲ ਮੈਚ ਲਈ ਰਿਜ਼ਰਵ ਡੇਅ ਵਾਲੇ ਦਿਨ ਵੀ ਮੀਂਹ ਕਾਰਨ ਖੇਡ ਨਹੀਂ ਹੋ ਪਾਉਂਦੀ, ਤਾਂ ਸੁਪਰ-8 ਦੀ ਅੰਕ ਸੂਚੀ ਵਿੱਚ ਬਿਹਤਰ ਰਨ ਰੇਟ ਅਤੇ ਜ਼ਿਆਦਾ ਅੰਕ ਰੱਖਣ ਵਾਲੀ ਟੀਮ ਸਿੱਧੀ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ।
ਫਾਈਨਲ ’ਚ ਮੀਂਹ ਸਬੰਧੀ ਨਿਯਮ
ਫਾਈਨਲ ਮੁਕਾਬਲੇ ਲਈ ਵੀ ਇੱਕ ਰਿਜ਼ਰਵ ਡੇਅ ਰੱਖਿਆ ਗਿਆ ਹੈ। ਜੇਕਰ ਤੈਅ ਕੀਤੇ ਗਏ ਦਿਨ ਮੈਚ ਪੂਰਾ ਨਹੀਂ ਹੁੰਦਾ, ਤਾਂ ਰਿਜ਼ਰਵ ਡੇਅ 'ਤੇ ਖੇਡ ਹੋਵੇਗੀ। ਹਾਲਾਂਕਿ, ਜੇਕਰ ਰਿਜ਼ਰਵ ਡੇਅ 'ਤੇ ਵੀ ਲਗਾਤਾਰ ਮੀਂਹ ਪੈਂਦਾ ਰਿਹਾ, ਤਾਂ ਦੋਵਾਂ ਟੀਮਾਂ ਨੂੰ ਸਾਂਝਾ ਜੇਤੂ ਐਲਾਨ ਦਿੱਤਾ ਜਾਵੇਗਾ ਅਤੇ ਦੋਵੇਂ ਟੀਮਾਂ ਟਰਾਫੀ ਸਾਂਝੀ ਕਰਨਗੀਆਂ।
ਗਰੁੱਪ ਸਟੇਜ ਦੇ ਮੈਚਾਂ ਲਈ ਨਿਯਮ
ਜੇਕਰ ਗਰੁੱਪ ਸਟੇਜ ਦੇ ਕਿਸੇ ਮੈਚ ਵਿੱਚ ਮੀਂਹ ਰੁਕ-ਰੁਕ ਕੇ ਪੈਂਦਾ ਹੈ, ਤਾਂ ਨਤੀਜੇ ਲਈ ਦੋਵਾਂ ਪਾਰੀਆਂ ਵਿੱਚ ਘੱਟੋ-ਘੱਟ 5-5 ਓਵਰ ਖੇਡਣਾ ਲਾਜ਼ਮੀ ਹੈ। ਅਜਿਹੇ ਮੈਚਾਂ ਵਿੱਚ ਡੱਕਵਰਥ ਲੁਈਸ ਨਿਯਮ ਲਾਗੂ ਹੋਵੇਗਾ। ਜੇਕਰ 5-5 ਓਵਰ ਵੀ ਪੂਰੇ ਨਹੀਂ ਹੁੰਦੇ, ਤਾਂ ਮੈਚ ਰੱਦ ਮੰਨਿਆ ਜਾਵੇਗਾ ਅਤੇ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਵੰਡ ਦਿੱਤਾ ਜਾਵੇਗਾ।