NZ W vs SA W : ਨਿਊਜ਼ੀਲੈਂਡ ਨੇ ਸੀਰੀਜ਼ 'ਤੇ ਜਮਾਇਆ ਕਬਜ਼ਾ, ਚੌਥੇ T20 'ਚ ਸਾਊਥ ਅਫਰੀਕਾ ਨੂੰ ਦਿੱਤੀ ਕਰਾਰੀ ਸ਼ਿਕਸਤ
ਨਿਊਜ਼ੀਲੈਂਡ ਵੱਲੋਂ ਜੇਸ ਕੇਰ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ T20 ਇੰਟਰਨੈਸ਼ਨਲ ਗੇਂਦਬਾਜ਼ੀ ਕੀਤੀ। ਜੇਸ ਨੇ 4 ਓਵਰਾਂ ਵਿੱਚ ਸਿਰਫ਼ 4 ਦੀ ਇਕਾਨਮੀ ਨਾਲ 16 ਰਨ ਦੇ ਕੇ 3 ਅਹਿਮ ਵਿਕਟਾਂ ਲਈਆਂ। ਉਸ ਨੇ ਕਲੋਈ ਟ੍ਰਾਇਓਨ (14) ਨੂੰ LBW ਆਊਟ ਕੀਤਾ ਅਤੇ ਕਪਤਾਨ ਲੌਰਾ (10) ਤੇ ਤਾਜ਼ਮਿਨ ਬ੍ਰਿਟਸ (8) ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ।
Publish Date: Sun, 22 Mar 2026 12:57 PM (IST)
Updated Date: Sun, 22 Mar 2026 01:01 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਸੋਫੀ ਡਿਵਾਈਨ ਦੀ ਤੂਫ਼ਾਨੀ ਪਾਰੀ ਅਤੇ ਜੇਸ ਕੇਰ ਦੀ ਕਰੀਅਰ ਦੀ ਬਿਹਤਰੀਨ T20I ਗੇਂਦਬਾਜ਼ੀ ਦੀ ਬਦੌਲਤ, ਨਿਊਜ਼ੀਲੈਂਡ ਮਹਿਲਾ ਟੀਮ ਨੇ ਐਤਵਾਰ ਨੂੰ ਖੇਡੇ ਗਏ ਚੌਥੇ T20 ਮੁਕਾਬਲੇ ਵਿੱਚ ਸਾਊਥ ਅਫਰੀਕਾ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਨਿਊਜ਼ੀਲੈਂਡ ਨੇ 5 ਮੈਚਾਂ ਦੀ ਸੀਰੀਜ਼ 3-1 ਨਾਲ ਆਪਣੇ ਨਾਮ ਕਰ ਲਈ ਹੈ। ਸੀਰੀਜ਼ ਦਾ ਆਖ਼ਰੀ ਮੁਕਾਬਲਾ 25 ਮਾਰਚ ਨੂੰ ਖੇਡਿਆ ਜਾਵੇਗਾ।
ਸਾਊਥ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਡਟ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਐਨੇਰੀ ਡੇਰਕਸਨ ਦੇ ਨਾਬਾਦ ਅਰਧ ਸੈਂਕੜੇ ਦੀ ਮਦਦ ਨਾਲ ਟੀਮ ਨੇ 20 ਓਵਰਾਂ ਵਿੱਚ 6 ਵਿਕਟਾਂ ਗੁਆ ਕੇ 159 ਦੌੜਾਂ ਬਣਾਇਆ। ਐਨੇਰੀ ਨੇ 32 ਗੇਂਦਾਂ 'ਤੇ 55 ਦੌੜਾਂ ਜੜੀਆਂ, ਜਿਸ ਵਿੱਚ 8 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਓਪਨਰ ਸੁਨੇ ਲੁਸ ਨੇ 29 ਗੇਂਦਾਂ 'ਤੇ 30 ਦੌੜਾਂ ਦੀ ਹੌਲੀ ਪਾਰੀ ਖੇਡੀ, ਜਦਕਿ ਨਾਦਿਨ ਡੀ ਕਲਰਕ ਨੇ 20 ਦੌੜਾਂ ਦਾ ਯੋਗਦਾਨ ਪਾਇਆ।
ਜੇਸ ਕੇਰ ਦੀ ਕਿਫਾਇਤੀ ਗੇਂਦਬਾਜ਼ੀ
ਨਿਊਜ਼ੀਲੈਂਡ ਵੱਲੋਂ ਜੇਸ ਕੇਰ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ T20 ਇੰਟਰਨੈਸ਼ਨਲ ਗੇਂਦਬਾਜ਼ੀ ਕੀਤੀ। ਜੇਸ ਨੇ 4 ਓਵਰਾਂ ਵਿੱਚ ਸਿਰਫ਼ 4 ਦੀ ਇਕਾਨਮੀ ਨਾਲ 16 ਰਨ ਦੇ ਕੇ 3 ਅਹਿਮ ਵਿਕਟਾਂ ਲਈਆਂ। ਉਸ ਨੇ ਕਲੋਈ ਟ੍ਰਾਇਓਨ (14) ਨੂੰ LBW ਆਊਟ ਕੀਤਾ ਅਤੇ ਕਪਤਾਨ ਲੌਰਾ (10) ਤੇ ਤਾਜ਼ਮਿਨ ਬ੍ਰਿਟਸ (8) ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ। ਸ਼ਾਨਦਾਰ ਪ੍ਰਦਰਸ਼ਨ ਲਈ ਜੇਸ ਨੂੰ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।
ਸੋਫੀ ਦੀ ਧਮਾਕੇਦਾਰ ਪਾਰੀ
160 ਦੌੜਾਂ ਦੇ ਟੀਚੇ ਨੂੰ ਨਿਊਜ਼ੀਲੈਂਡ ਦੀ ਟੀਮ ਨੇ 9 ਗੇਂਦਾਂ ਪਹਿਲਾਂ ਹੀ ਹਾਸਲ ਕਰ ਲਿਆ। ਇਹ ਸਭ ਸੋਫੀ ਡਿਵਾਈਨ ਦੀ ਹਮਲਾਵਰ ਬੱਲੇਬਾਜ਼ੀ ਕਾਰਨ ਸੰਭਵ ਹੋਇਆ, ਜਿਸ ਨੇ 34 ਗੇਂਦਾਂ ਦਾ ਸਾਹਮਣਾ ਕਰਦਿਆਂ 64 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਉਸ ਤੋਂ ਇਲਾਵਾ ਕਪਤਾਨ ਅਮੇਲੀਆ ਕੇਰ ਨੇ 31 ਅਤੇ ਜਾਰਜੀਆ ਪਲਿਮਰ ਨੇ 29 ਦੌੜਾਂ ਬਣਾਈਆਂ। ਬਰੂਕ ਹਾਲੀਡੇ 16 ਅਤੇ ਮੈਡੀ ਗ੍ਰੀਨ 9 ਦੌੜਾਂ ਬਣਾ ਕੇ ਨਾਬਾਦ ਰਹੀਆਂ। ਸਾਊਥ ਅਫਰੀਕਾ ਵੱਲੋਂ ਕਲੋਈ ਟ੍ਰਾਇਓਨ ਨੇ 2 ਵਿਕਟਾਂ ਹਾਸਲ ਕੀਤੀਆਂ।