ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਲਈ ਆਈਪੀਐਲ-2026 (IPL-2026) ਚੰਗਾ ਨਹੀਂ ਰਿਹਾ। ਟੀਮ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਉਸ ਨੂੰ ਪੰਜਾਬ ਕਿੰਗਜ਼ ਹੱਥੋਂ ਹਾਰ ਮਿਲੀ। ਇਸ ਹਾਰ ਤੋਂ ਬਾਅਦ ਕਪਤਾਨ ਹਾਰਦਿਕ ਪਾਂਡਿਆ ਕਾਫੀ ਨਿਰਾਸ਼ ਅਤੇ ਤਲਖ਼ ਨਜ਼ਰ ਆਏ।

ਗੁੱਸੇ ਵਿੱਚ ਨਜ਼ਰ ਆਏ ਪਾਂਡਿਆ
ਇਸ ਹਾਰ ਤੋਂ ਬਾਅਦ ਮੁੰਬਈ ਦੇ ਕਪਤਾਨ ਪਾਂਡਿਆ ਕਾਫੀ ਨਾਰਾਜ਼ ਨਜ਼ਰ ਆਏ ਅਤੇ ਉਨ੍ਹਾਂ ਨੇ ਟੀਮ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਨਸੀਹਤ ਦੇ ਦਿੱਤੀ। ਮੈਚ ਤੋਂ ਬਾਅਦ ਪਾਂਡਿਆ ਨੇ ਕਿਹਾ, "ਇਮਾਨਦਾਰੀ ਨਾਲ ਕਹਾਂ ਤਾਂ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਹੈ। ਸਾਨੂੰ ਦੁਬਾਰਾ ਵਾਪਸ ਜਾਣਾ ਪਵੇਗਾ ਅਤੇ ਦੇਖਣਾ ਪਵੇਗਾ ਕਿ ਅਸੀਂ ਕਿੱਥੇ ਪਛੜ ਰਹੇ ਹਾਂ। ਫਿਰ ਚਾਹੇ ਇਹ ਨਿੱਜੀ ਪ੍ਰਦਰਸ਼ਨ ਹੋਵੇ, ਗਰੁੱਪ ਹੋਵੇ ਜਾਂ ਪਲੈਨਿੰਗ ਵਿੱਚ ਕਮੀ ਹੋਵੇ। ਸਾਨੂੰ ਇਸ 'ਤੇ ਕੰਮ ਕਰਨਾ ਹੋਵੇਗਾ।"
ਪੰਜਾਬ ਨੂੰ ਦਿੱਤਾ ਕ੍ਰੈਡਿਟ
ਪਾਂਡਿਆ ਨੇ ਆਪਣੀ ਟੀਮ ਦੀਆਂ ਕਮੀਆਂ 'ਤੇ ਗੱਲ ਕਰਨ ਤੋਂ ਇਲਾਵਾ ਪੰਜਾਬ ਦੀ ਟੀਮ ਨੂੰ ਉਨ੍ਹਾਂ ਦੀ ਸ਼ਾਨਦਾਰ ਖੇਡ ਲਈ ਕ੍ਰੈਡਿਟ ਦਿੱਤਾ। ਉਨ੍ਹਾਂ ਕਿਹਾ, "ਜਿੱਤ ਦਾ ਸਿਹਰਾ ਪੰਜਾਬ ਕਿੰਗਜ਼ ਨੂੰ ਜਾਂਦਾ ਹੈ। ਗੇਂਦ ਰਿਵਰਸ ਸਵਿੰਗ ਕਰ ਰਹੀ ਸੀ ਅਤੇ ਦੂਜੀ ਪਾਰੀ ਵਿੱਚ ਤ੍ਰੇਲ ਵੀ ਆ ਗਈ ਸੀ, ਪਰ ਫਿਰ ਵੀ ਉਨ੍ਹਾਂ ਨੇ ਸਾਨੂੰ ਹਰਾਇਆ। ਉਨ੍ਹਾਂ ਨੇ ਵਧੀਆ ਗੇਂਦਬਾਜ਼ੀ ਕੀਤੀ ਅਤੇ ਸ਼ਾਨਦਾਰ ਫੀਲਡਿੰਗ ਦਿਖਾਈ। ਸਾਨੂੰ ਦੇਖਣਾ ਹੋਵੇਗਾ ਕਿ ਕੀ ਸਾਨੂੰ ਕੁਝ ਸਖ਼ਤ ਫੈਸਲੇ ਲੈਣ ਦੀ ਲੋੜ ਹੈ ਜਾਂ ਫਿਰ ਅਸੀਂ ਇਸੇ ਸੁਮੇਲ ਨੂੰ ਜਾਰੀ ਰੱਖਦੇ ਹੋਏ ਵੱਡੇ ਬਦਲਾਅ ਕਰ ਸਕਦੇ ਹਾਂ। ਸਾਨੂੰ ਜ਼ਿੰਮੇਵਾਰੀ ਲੈਣੀ ਪਵੇਗੀ।"