ਇੰਗਲੈਂਡ ਦੇ ਸਾਬਕਾ ਦਿੱਗਜ ਬੱਲੇਬਾਜ਼ ਅਤੇ ਕਪਤਾਨ ਕੇਵਿਨ ਪੀਟਰਸਨ ਦਾ ਦਾਅਵਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਕਾਰਨ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਖਤਮ ਹੋ ਗਿਆ। ਪੀਟਰਸਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਅਤੇ 'ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ' (ECB) ਵਿਚਕਾਰ ਮਤਭੇਦ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਦਾ ਕਰੀਅਰ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ। ਸਾਬਕਾ ਇੰਗਲਿਸ਼ ਖਿਡਾਰੀ ਨੇ ਸਿਰਫ਼ 33 ਸਾਲ ਦੀ ਉਮਰ ਵਿੱਚ ਹੀ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।

ਕੇਵਿਨ ਪੀਟਰਸਨ ਨੇ ਦਿੱਤਾ ਵੱਡਾ ਬਿਆਨ
ਰਣਵੀਰ ਅੱਲਾਬਾਦੀਆ ਦੇ ਨਾਲ ਪੌਡਕਾਸਟ ਵਿੱਚ ਗੱਲ ਕਰਦਿਆਂ ਪੀਟਰਸਨ ਨੇ ਕਿਹਾ, "ਇੰਗਲੈਂਡ ਕ੍ਰਿਕਟ ਬੋਰਡ ਨੇ ਸੈਂਟਰਲ ਕੰਟਰੈਕਟ ਵਿੱਚ ਸ਼ਾਮਲ ਖਿਡਾਰੀਆਂ ਨੂੰ ਆਈ.ਪੀ.ਐੱਲ. ਵਿੱਚ ਖੇਡਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਬੋਰਡ ਦੇ ਇਸ ਰੁਖ਼ ਕਾਰਨ ਲੰਬੇ ਸਮੇਂ ਤੱਕ ਵਿਵਾਦ ਚੱਲਦਾ ਰਿਹਾ। ਇਸੇ ਕਰਕੇ ਮੇਰਾ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਜਲਦੀ ਖਤਮ ਹੋ ਗਿਆ। ਮੈਂ ਬਹੁਤ ਕੁਰਬਾਨੀਆਂ ਦਿੱਤੀਆਂ ਹਨ। ਮੈਂ ਆਪਣਾ ਕਰੀਅਰ ਗੁਆ ਦਿੱਤਾ। ਇਸੇ ਕਾਰਨ ਕਰਕੇ ਉੱਥੇ ਹਰ ਕੋਈ ਮੇਰੇ ਖਿਲਾਫ ਹੋ ਗਿਆ ਸੀ।"
ਸਾਬਕਾ ਇੰਗਲਿਸ਼ ਕਪਤਾਨ ਨੇ ਅੱਗੇ ਕਿਹਾ, "ਜਦੋਂ ਮੇਰਾ ਅੰਤਰਰਾਸ਼ਟਰੀ ਕਰੀਅਰ ਖਤਮ ਹੋਇਆ, ਤਾਂ ਮੇਰੀ ਉਮਰ 33 ਸਾਲ ਸੀ। ਮੈਂ 104 ਟੈਸਟ ਮੈਚ ਖੇਡੇ। ਮੈਨੂੰ 150-160 ਟੈਸਟ ਮੈਚ ਖੇਡਣੇ ਚਾਹੀਦੇ ਸਨ ਅਤੇ 12-13 ਹਜ਼ਾਰ ਦੌੜਾਂ ਬਣਾਉਣੀਆਂ ਚਾਹੀਦੀਆਂ ਸਨ। ਮੈਨੂੰ ਇਹੀ ਹਾਸਲ ਕਰਨਾ ਚਾਹੀਦਾ ਸੀ। ਅੱਜ ਵੀ ਮੈਨੂੰ ਇਸ ਕਾਰਨ ਅਧੂਰਾਪਨ ਮਹਿਸੂਸ ਹੁੰਦਾ ਹੈ।"
ਮੇਰੀ ਕੁਰਬਾਨੀ ਕਰਕੇ IPL ਖੇਡ ਰਹੇ ਹਨ ਇੰਗਲਿਸ਼ ਖਿਡਾਰੀ: ਪੀਟਰਸਨ
ਪੀਟਰਸਨ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪਿਆ। ਹਾਲਾਂਕਿ, ਅੱਜ ਦੇ ਸਮੇਂ ਵਿੱਚ ਇੰਗਲੈਂਡ ਦੇ ਖਿਡਾਰੀਆਂ ਲਈ ਆਈ.ਪੀ.ਐੱਲ. ਵਿੱਚ ਖੇਡਣ ਦਾ ਰਸਤਾ ਇਸੇ ਨੇ ਖੋਲ੍ਹਿਆ ਸੀ। ਉਨ੍ਹਾਂ ਕਿਹਾ, "ਮੈਂ ਕੁਝ ਸਮੇਂ ਪਹਿਲਾਂ ਜੋਸ ਬਟਲਰ ਦਾ ਇੰਟਰਵਿਊ ਲਿਆ ਸੀ। ਉਨ੍ਹਾਂ ਨੇ ਮੇਰਾ ਧੰਨਵਾਦ ਕੀਤਾ ਸੀ। ਮੈਂ ਜੋ ਕੁਰਬਾਨੀ ਦਿੱਤੀ ਸੀ, ਉਸ ਦਾ ਫਲ ਅੱਜ ਇਨ੍ਹਾਂ ਖਿਡਾਰੀਆਂ ਨੂੰ ਮਿਲ ਰਿਹਾ ਹੈ।"