ਆਈਪੀਐਲ 2026 ਦੇ ਵਿਚਕਾਰ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿਸ ਨਾਲ ਕ੍ਰਿਕਟ ਜਗਤ ਵਿੱਚ ਹੜਕੰਪ ਮਚ ਗਿਆ ਹੈ। ਆਈਪੀਐਲ ਮੈਚਾਂ ਲਈ ਬੀਸੀਸੀਆਈ (BCCI) ਦੇ ਨਾਲ ਬ੍ਰੌਡਕਾਸਟ ਇੰਜੀਨੀਅਰ ਵਜੋਂ ਕੰਮ ਕਰ ਰਹੇ ਇੱਕ ਬ੍ਰਿਟਿਸ਼ ਨਾਗਰਿਕ ਦੀ ਮੌਤ ਹੋ ਗਈ ਹੈ।

BCCI ਬ੍ਰੌਡਕਾਸਟ ਇੰਜੀਨੀਅਰ ਦੀ ਹੋਈ ਮੌਤ
ਦਰਅਸਲ, ਇਆਨ ਵਿਲੀਅਮਜ਼ ਲੈਂਗਫੋਰਡ 24 ਮਾਰਚ ਤੋਂ ਆਈਪੀਐਲ ਕਵਰ ਕਰਨ ਲਈ ਮੁੰਬਈ ਦੇ ਹੋਟਲ ਵਿੱਚ ਰੁਕੇ ਹੋਏ ਸਨ। 29 ਮਾਰਚ ਨੂੰ ਐਮਆਈ (MI) ਬਨਾਮ ਕੇਕੇਆਰ ਮੈਚ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਪਰਤ ਆਏ ਸਨ। ਉਹ ਮੁੰਬਈ ਦੇ ਹੋਟਲ ਦੇ ਕਮਰਾ ਨੰਬਰ 2715 ਵਿੱਚ ਠਹਿਰੇ ਹੋਏ ਸਨ।
30 ਮਾਰਚ ਨੂੰ ਜਦੋਂ ਹੋਟਲ ਦੇ ਰਿਸੈਪਸ਼ਨਿਸਟ ਨੇ ਉਨ੍ਹਾਂ ਦੇ ਕਮਰੇ ਵਿੱਚ ਫ਼ੋਨ ਕੀਤਾ ਤਾਂ ਕੋਈ ਜਵਾਬ ਨਹੀਂ ਮਿਲਿਆ, ਜਿਸ ਤੋਂ ਬਾਅਦ ਹੋਟਲ ਦੇ ਸਟਾਫ਼ ਨੂੰ ਉਨ੍ਹਾਂ ਦੇ ਕਮਰੇ ਵਿੱਚ ਚੈੱਕ ਕਰਨ ਲਈ ਭੇਜਿਆ ਗਿਆ। ਸਟਾਫ਼ ਨੇ ਇਆਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ, ਪਰ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਨ੍ਹਾਂ ਨੇ ਮਾਸਟਰ ਚਾਬੀ ਨਾਲ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਅਤੇ ਫਿਰ ਜੋ ਦਿਖਿਆ ਉਸ ਨੂੰ ਦੇਖ ਕੇ ਉਨ੍ਹਾਂ ਦੇ ਹੋਸ਼ ਉੱਡ ਗਏ।
ਇਆਨ ਲੈਂਗਫੋਰਡ ਦੀ ਲਾਸ਼ ਫ਼ਰਸ਼ 'ਤੇ ਪਈ ਸੀ। ਹੋਟਲ ਦੇ ਡਾਕਟਰ ਨੇ ਆ ਕੇ ਇਆਨ ਦੀ ਜਾਂਚ ਕੀਤੀ, ਜਿਸ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮੌਤ ਨੂੰ ਲੈ ਕੇ ਮੁੰਬਈ ਦੇ ਮਰੀਨ ਡਰਾਈਵ ਪੁਲਿਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਅਜੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਈ ਅਤੇ ਕਮਰੇ ਵਿੱਚ ਉਨ੍ਹਾਂ ਨਾਲ ਕੀ ਵਾਪਰਿਆ ਸੀ?