ਮੌਜੂਦਾ ਚੈਂਪੀਅਨ ਭਾਰਤ 'ਅਜੇਤੂ' ਰਹਿੰਦੇ ਹੋਏ ਸੁਪਰ-8 ਵਿੱਚ ਪਹੁੰਚ ਗਿਆ ਹੈ ਅਤੇ ਅਗਲੇ ਦੌਰ ਵਿੱਚ ਉਸਦਾ ਸਾਹਮਣਾ ਦੱਖਣੀ ਅਫਰੀਕਾ ਨਾਲ ਹੋਵੇਗਾ, ਜੋ ਕਿ ਖੁਦ ਵੀ ਹੁਣ ਤੱਕ ਇੱਕ ਵੀ ਮੈਚ ਨਹੀਂ ਹਾਰੀ ਹੈ। ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਭਾਵੇਂ ਗਰੁੱਪ ਪੜਾਅ ਦੇ ਸਾਰੇ ਮੈਚ ਜਿੱਤ ਕੇ ਸੁਪਰ-8 ਵਿੱਚ ਪਹੁੰਚ ਗਈ ਹੋਵੇ, ਪਰ ਇਹਨਾਂ ਮੁਕਾਬਲਿਆਂ ਵਿੱਚ ਆਫ-ਸਪਿਨ ਵਿਰੁੱਧ ਉਸਦੀ ਕਮਜ਼ੋਰੀ ਉਜਾਗਰ ਹੋਈ ਹੈ। ਟੀ-20 ਕ੍ਰਿਕਟ ਵਿੱਚ ਜਿੱਥੇ 8-9 ਰਨ ਪ੍ਰਤੀ ਓਵਰ ਆਮ ਮੰਨੇ ਜਾਂਦੇ ਹਨ, ਉੱਥੇ ਹੀ ਭਾਰਤ ਦਾ ਆਫ-ਸਪਿਨ ਵਿਰੁੱਧ ਸਿਰਫ਼ 6.23 ਰਨ ਪ੍ਰਤੀ ਓਵਰ ਦੀ ਰਫ਼ਤਾਰ ਨਾਲ ਸਕੋਰ ਕਰਨਾ ਚਿੰਤਾ ਦਾ ਵਿਸ਼ਾ ਹੈ।

ਭਾਰਤ ਦੇ ਟੌਪ ਆਰਡਰ ’ਚ ਤਿੰਨ ਖੱਬੇ ਹੱਥ ਦੇ ਬੱਲੇਬਾਜ਼
ਭਾਰਤ ਦੇ ਉਪਰਲੇ ਕ੍ਰਮ ਵਿੱਚ ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਤਿੰਨੋਂ ਖੱਬੇ ਹੱਥ ਦੇ ਬੱਲੇਬਾਜ਼ ਹਨ। ਇਸ ਨਾਲ ਵਿਰੋਧੀ ਟੀਮਾਂ ਨੂੰ ਰਣਨੀਤੀ ਬਣਾਉਣ ਵਿੱਚ ਆਸਾਨੀ ਹੋ ਰਹੀ ਹੈ। ਨੀਦਰਲੈਂਡ ਦੇ ਆਰੀਅਨ ਦੱਤ ਨੇ ਪਾਵਰਪਲੇਅ ਵਿੱਚ ਤਿੰਨ ਓਵਰ ਸੁੱਟ ਕੇ ਅਭਿਸ਼ੇਕ ਅਤੇ ਕਿਸ਼ਨ ਦੋਵਾਂ ਨੂੰ ਆਊਟ ਕੀਤਾ। ਆਰੀਅਨ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਅਤੇ ਇਹ ਅੰਕੜੇ ਸਾਬਤ ਕਰਦੇ ਹਨ ਕਿ ਕੰਟਰੋਲ ਅਤੇ ਸਟੀਕਤਾ ਕਿੰਨੀ ਅਹਿਮ ਹੈ। ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਨਾਮੀਬੀਆ ਦੇ ਕਪਤਾਨ ਗੇਰਹਾਰਡ ਇਰਾਸਮਸ ਨੇ ਵੱਖ-ਵੱਖ ਰਿਲੀਜ਼ ਪੁਆਇੰਟਾਂ ਰਾਹੀਂ ਬੱਲੇਬਾਜ਼ਾਂ ਨੂੰ ਉਲਝਾਇਆ।
ਤੀਜੇ ਮੈਚ ਵਿੱਚ ਪਾਕਿਸਤਾਨ ਦੇ ਸਲਮਾਨ ਆਗਾ ਅਤੇ ਸੈਮ ਅਯੂਬ ਨੇ ਆਪਣੀ ਗੇਂਦਬਾਜ਼ੀ ਦੀਆਂ ਵਿਭਿੰਨਤਾਵਾਂ ਨਾਲ ਦੌੜਾਂ ਦੀ ਰਫ਼ਤਾਰ ਰੋਕੀ। ਕੋਲੰਬੋ ਦੀ ਹੌਲੀ ਪਿੱਚ ਅਤੇ ਫਿਰ ਅਹਿਮਦਾਬਾਦ ਦੀ ਸਕਿਡੀ ਸਤਹ—ਇਨ੍ਹਾਂ ਹਾਲਾਤਾਂ ਵਿੱਚ ਤਾਲਮੇਲ ਬਿਠਾਉਣ ਵਿੱਚ ਭਾਰਤ ਨੂੰ ਸਮਾਂ ਲੱਗਾ ਅਤੇ ਉਸੇ ਦੌਰਾਨ ਨੁਕਸਾਨ ਹੋਇਆ। ਅਭਿਸ਼ੇਕ ਸ਼ਰਮਾ ਦੀ ਫਾਰਮ ਵੀ ਚਿੰਤਾ ਦਾ ਵਿਸ਼ਾ ਹੈ। ਉਹ ਤਿੰਨ ਮੈਚਾਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ ਅਤੇ ਦੋ ਵਾਰ ਆਫ-ਸਪਿਨ ਵਿਰੁੱਧ ਹਮਲਾਵਰ ਸ਼ਾਟ ਖੇਡਦੇ ਹੋਏ ਆਊਟ ਹੋਏ। ਹਾਲਾਂਕਿ, ਸਹਾਇਕ ਕੋਚ ਰਿਆਨ ਟੇਨ ਡੋਸ਼ੇ ਨੂੰ ਉਨ੍ਹਾਂ ਦੀ ਫਾਰਮ ਬਾਰੇ ਕੋਈ ਚਿੰਤਾ ਨਹੀਂ ਹੈ।
ਰਿਆਨ ਟੇਨ ਡੋਸ਼ੇ ਨੂੰ ਨਹੀਂ ਹੈ ਕੋਈ ਫ਼ਿਕਰ
ਉਨ੍ਹਾਂ ਦਾ ਕਹਿਣਾ ਹੈ ਕਿ ਨੈੱਟਸ ਵਿੱਚ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ ਅਤੇ ਉਹ ਜਲਦੀ ਹੀ ਲੈਅ ਵਿੱਚ ਵਾਪਸ ਆਉਣਗੇ। ਡੋਸ਼ੇ ਨੇ ਸਵੀਕਾਰ ਕੀਤਾ ਕਿ ਫਿੰਗਰ ਸਪਿਨ ਦੇ ਸਾਹਮਣੇ ਟੀਮ ਨੂੰ ਸੁਧਾਰ ਦੀ ਲੋੜ ਹੈ। ਪਾਕਿਸਤਾਨ ਖ਼ਿਲਾਫ਼ ਮੁਕਾਬਲੇ ਵਿੱਚ 14 ਓਵਰ ਫਿੰਗਰ ਸਪਿਨ ਸੁੱਟੀ ਗਈ, ਜਿਸ ਵਿੱਚ ਚਾਰ ਵਿਕਟਾਂ ਡਿੱਗੀਆਂ ਅਤੇ 78 ਦੌੜਾਂ ਬਣੀਆਂ, ਜੋ ਕਿ ਚੰਗੇ ਅੰਕੜੇ ਨਹੀਂ ਮੰਨੇ ਜਾ ਸਕਦੇ।
ਸੁਪਰ-8 ਵਿੱਚ ਭਾਰਤ ਨੂੰ ਦੱਖਣੀ ਅਫਰੀਕਾ, ਜ਼ਿੰਬਾਬਵੇ ਅਤੇ ਵੈਸਟਇੰਡੀਜ਼ ਵਰਗੀਆਂ ਟੀਮਾਂ ਦਾ ਸਾਹਮਣਾ ਕਰਨਾ ਹੈ, ਜਿਨ੍ਹਾਂ ਕੋਲ ਪ੍ਰਭਾਵਸ਼ਾਲੀ ਫਿੰਗਰ ਸਪਿਨਰ ਮੌਜੂਦ ਹਨ। ਡੋਸ਼ੇ ਨੇ ਕਿਹਾ ਕਿ ਬਿਹਤਰ ਪਿੱਚਾਂ 'ਤੇ ਬੱਲੇਬਾਜ਼ ਵਧੇਰੇ ਆਤਮ-ਵਿਸ਼ਵਾਸ ਨਾਲ ਖੇਡ ਸਕਦੇ ਹਨ, ਪਰ ਜਿੱਥੇ ਗੇਂਦ ਰੁਕ ਕੇ ਆਉਂਦੀ ਹੈ, ਉੱਥੇ ਰਣਨੀਤੀ ਬਦਲਣੀ ਹੋਵੇਗੀ। ਵਿਰੋਧੀ ਟੀਮਾਂ ਹੁਣ ਸਪੱਸ਼ਟ ਤੌਰ 'ਤੇ ਭਾਰਤ ਦੀ ਇਸ ਕਮਜ਼ੋਰੀ ਨੂੰ ਨਿਸ਼ਾਨਾ ਬਣਾ ਰਹੀਆਂ ਹਨ।