ਟੀ-20 ਵਿਸ਼ਵ ਕੱਪ 2026 ਵਿੱਚ ਅੱਜ, ਵੀਰਵਾਰ ਨੂੰ ਭਾਰਤੀ ਟੀਮ ਦਾ ਸਾਹਮਣਾ ਜ਼ਿੰਬਾਬਵੇ ਨਾਲ ਹੋਵੇਗਾ। ਇਹ ਮੈਚ ਚੇਨਈ ਦੇ ਐੱਮ.ਏ. ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੂੰ ਸੁਪਰ-8 ਦੇ ਆਪਣੇ ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਅਭਿਸ਼ੇਕ ਨੂੰ ਦਿੱਤਾ ਜਾਵੇ ਆਰਾਮ
ਵੀਰੇਂਦਰ ਸਹਿਵਾਗ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਨੂੰ ਜ਼ਿੰਬਾਬਵੇ ਦੇ ਖ਼ਿਲਾਫ਼ ਹੋਣ ਵਾਲੇ ਟੀ-20 ਵਿਸ਼ਵ ਕੱਪ 2026 ਦੇ ਸੁਪਰ-8 ਮੈਚ ਵਿੱਚ ਅਭਿਸ਼ੇਕ ਸ਼ਰਮਾ ਨੂੰ ਆਰਾਮ ਦੇਣਾ ਚਾਹੀਦਾ ਹੈ। ਭਾਰਤੀ ਟੀਮ ਮੈਨੇਜਮੈਂਟ ਨੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਅਭਿਸ਼ੇਕ ਸ਼ਰਮਾ ਦਾ ਸਮਰਥਨ ਕਰਨਾ ਜਾਰੀ ਰੱਖਿਆ ਹੈ। ਹਾਲਾਂਕਿ, ਸਹਿਵਾਗ ਨੇ ਇੰਨੇ ਮਹੱਤਵਪੂਰਨ ਮੈਚ ਵਿੱਚ ਇਸ ਬੱਲੇਬਾਜ਼ ਨੂੰ ਟੀਮ ਵਿੱਚ ਬਣਾਈ ਰੱਖਣ ਦੇ ਫੈਸਲੇ 'ਤੇ ਸਵਾਲ ਚੁੱਕੇ ਹਨ।
ਸੰਜੂ ਨੂੰ ਮੌਕਾ ਦਿੰਦਾ
ਸਹਿਵਾਗ ਨੇ ਗੱਲਬਾਤ ਕਰਦਿਆਂ ਕਿਹਾ,
"ਜੇਕਰ ਮੈਂ ਉੱਥੇ ਹੁੰਦਾ, ਤਾਂ ਮੈਂ ਅਭਿਸ਼ੇਕ ਸ਼ਰਮਾ ਨੂੰ ਆਰਾਮ ਦਿੰਦਾ ਅਤੇ ਉਨ੍ਹਾਂ ਦੀ ਜਗ੍ਹਾ ਸੰਜੂ ਸੈਮਸਨ ਨੂੰ ਮੌਕਾ ਦਿੰਦਾ। ਇਹੀ ਇੱਕ ਮੈਚ ਹੈ ਜਿੱਥੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਕਿਉਂਕਿ ਜੇਕਰ ਭਾਰਤ ਇਹ ਮੈਚ ਹਾਰ ਜਾਂਦਾ ਹੈ ਤਾਂ ਉਹ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। ਇਹ ਇੰਨਾ ਮਹੱਤਵਪੂਰਨ ਮੈਚ ਹੈ, ਇਸ ਲਈ ਭਾਰਤ ਨੂੰ ਆਪਣੀ ਸਰਵੋਤਮ ਪਲੇਇੰਗ-11 ਦੀ ਚੋਣ ਫਾਰਮ ਦੇ ਆਧਾਰ 'ਤੇ ਹੀ ਕਰਨੀ ਪਵੇਗੀ।"
ਦੱਖਣੀ ਅਫਰੀਕਾ ਹੱਥੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਭਾਰਤ ਦਾ ਨੈੱਟ ਰਨ-ਰੇਟ -3.800 'ਤੇ ਪਹੁੰਚ ਗਿਆ ਹੈ। ਜੇਕਰ ਵੈਸਟਇੰਡੀਜ਼ ਸੁਪਰ-8 ਵਿੱਚ ਦੱਖਣੀ ਅਫਰੀਕਾ ਨੂੰ ਹਰਾ ਦਿੰਦਾ ਹੈ, ਤਾਂ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ 'ਤੇ ਦਬਾਅ ਹੋਰ ਵੀ ਵਧ ਸਕਦਾ ਹੈ। ਅਜਿਹੀ ਸਥਿਤੀ ਵਿੱਚ ਭਾਰਤ ਨੂੰ ਨਾ ਸਿਰਫ਼ ਮੈਚ ਜਿੱਤਣੇ ਹੋਣਗੇ, ਸਗੋਂ ਰਨ-ਰੇਟ ਵਿੱਚ ਵੀ ਵੱਡਾ ਸੁਧਾਰ ਕਰਨਾ ਪਵੇਗਾ।
ਟੀਮ ਚੋਣ ਵਿੱਚ ਬਦਲਾਅ ਦੀ ਸੰਭਾਵਨਾ
ਸਹਿਵਾਗ ਨੇ ਅੱਗੇ ਕਿਹਾ,
"ਮੈਨੂੰ ਲੱਗਦਾ ਹੈ ਕਿ ਚੋਣ ਵਿੱਚ ਬਦਲਾਅ ਹੋ ਸਕਦੇ ਹਨ, ਪਰ ਰਣਨੀਤੀ ਖ਼ਰਾਬ ਨਹੀਂ ਰਹੀ ਹੈ। ਸਮੱਸਿਆ ਸਿਰਫ਼ ਉਸ ਨੂੰ ਮੈਦਾਨ 'ਤੇ ਸਹੀ ਤਰੀਕੇ ਨਾਲ ਲਾਗੂ ਕਰਨ ਵਿੱਚ ਰਹੀ ਹੈ। ਇਸ ਪਹਿਲੂ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਟੀਮ ਇਸ 'ਤੇ ਕੰਮ ਕਰੇਗੀ। ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੋਵੇਂ ਹੀ ਚੰਗੀ ਫਾਰਮ ਵਿੱਚ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਹੋਵੇਗਾ।"