'ਮੈਂ ਸ਼ਰਾਬ ਛੱਡ ਦਿੱਤੀ...' IPL 2026 ਤੋਂ ਪਹਿਲਾਂ ਯੁਜਵੇਂਦਰ ਚਾਹਲ ਦਾ ਵੱਡਾ ਖੁਲਾਸਾ, ਸੁਣ ਕੇ ਡਿਵੀਲੀਅਰਜ਼ ਵੀ ਰਹਿ ਗਏ ਹੈਰਾਨ
ਪਿਛਲੇ ਸੀਜ਼ਨ (IPL 2025) ਵਿੱਚ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਪਰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਹੱਥੋਂ ਮਹਿਜ਼ 6 ਦੌੜਾਂ ਨਾਲ ਖਿਤਾਬ ਹਾਰ ਗਈ। ਚਾਹਲ ਨੇ ਇਸ ਹਾਰ ਦਾ ਵੱਡਾ ਕਾਰਨ ਮਾਰਕੋ ਜਾਨਸਨ ਦੀ ਗੈਰ-ਮੌਜੂਦਗੀ ਨੂੰ ਦੱਸਿਆ।
Publish Date: Thu, 19 Mar 2026 10:55 AM (IST)
Updated Date: Thu, 19 Mar 2026 11:05 AM (IST)
ਖੇਡ ਡੈਸਕ, ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਇਨੀਂ ਦਿਨੀਂ ਆਪਣੀ ਗੇਂਦਬਾਜ਼ੀ ਕਰਕੇ ਨਹੀਂ, ਬਲਕਿ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ ਵਿੱਚ ਹਨ। IPL 2026 ਦੇ ਆਗਾਜ਼ ਤੋਂ ਪਹਿਲਾਂ ਚਾਹਲ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਖਣੀ ਅਫਰੀਕਾ ਦੇ ਦਿੱਗਜ ਬੱਲੇਬਾਜ਼ ਏਬੀ ਡਿਵੀਲੀਅਰਜ਼ ਦੇ ਯੂਟਿਊਬ ਪੋਡਕਾਸਟ 'ਤੇ ਗੱਲਬਾਤ ਕਰਦਿਆਂ ਚਾਹਲ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਵੱਡੇ ਬਦਲਾਅ ਬਾਰੇ ਦੱਸਿਆ।
ਫਿਟਨੈੱਸ ਲਈ ਚਾਹਲ ਦਾ ਵੱਡਾ ਫੈਸਲਾ
35 ਸਾਲਾ ਚਾਹਲ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ 6 ਮਹੀਨਿਆਂ ਤੋਂ ਸ਼ਰਾਬ ਦਾ ਸੇਵਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਚਾਹਲ ਦਾ ਮੰਨਣਾ ਹੈ ਕਿ ਕਰੀਅਰ ਦੇ ਇਸ ਪੜਾਅ 'ਤੇ ਫਿਟਨੈੱਸ ਹੀ ਸਭ ਤੋਂ ਵੱਡੀ ਕੁੰਜੀ ਹੈ। ਉਨ੍ਹਾਂ ਕਿਹਾ, "ਮੈਂ ਹੁਣ ਆਪਣੀ ਟੀਮ ਲਈ ਆਪਣਾ 150% ਦੇਣਾ ਚਾਹੁੰਦਾ ਹਾਂ। ਇੱਕ ਸੀਨੀਅਰ ਖਿਡਾਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਹੈ ਕਿ ਨੌਜਵਾਨ ਖਿਡਾਰੀ ਮੇਰੇ ਤੋਂ ਕੁਝ ਸਕਾਰਾਤਮਕ ਸਿੱਖਣ।"
IPL 2025 ਦੀ ਹਾਰ ਤੇ ਅਧੂਰਾ ਸਪਨਾ
ਪਿਛਲੇ ਸੀਜ਼ਨ (IPL 2025) ਵਿੱਚ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪੰਜਾਬ ਕਿੰਗਜ਼ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਤੱਕ ਦਾ ਸਫਰ ਤੈਅ ਕੀਤਾ ਸੀ ਪਰ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਹੱਥੋਂ ਮਹਿਜ਼ 6 ਦੌੜਾਂ ਨਾਲ ਖਿਤਾਬ ਹਾਰ ਗਈ। ਚਾਹਲ ਨੇ ਇਸ ਹਾਰ ਦਾ ਵੱਡਾ ਕਾਰਨ ਮਾਰਕੋ ਜਾਨਸਨ ਦੀ ਗੈਰ-ਮੌਜੂਦਗੀ ਨੂੰ ਦੱਸਿਆ।
ਸੱਟਾਂ ਨਾਲ ਜੂਝ ਰਹੇ ਸਨ 'ਯੁਜੀ'
ਚਾਹਲ ਨੇ ਇੱਕ ਹੋਰ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਪਿਛਲੇ ਸੀਜ਼ਨ ਦੇ ਅੰਤ ਵਿੱਚ ਉਹ ਬੁਰੀ ਤਰ੍ਹਾਂ ਜ਼ਖਮੀ ਸਨ। ਕੋਲਕਾਤਾ ਨਾਈਟ ਰਾਈਡਰਜ਼ (KKR) ਵਿਰੁੱਧ ਮੈਚ ਦੌਰਾਨ ਉਨ੍ਹਾਂ ਦੀ ਪਸਲੀ (Rib) ਫਰੈਕਚਰ ਹੋ ਗਈ ਸੀ ਅਤੇ ਬਾਅਦ ਵਿੱਚ ਉਂਗਲ ਵਿੱਚ ਵੀ ਫਰੈਕਚਰ ਹੋ ਗਿਆ ਸੀ। ਇਸੇ ਕਾਰਨ ਉਹ ਸੈਮੀਫਾਈਨਲ ਅਤੇ ਫਾਈਨਲ ਵਰਗੇ ਵੱਡੇ ਮੈਚਾਂ ਵਿੱਚ ਆਪਣੀ ਅਸਲੀ ਲੈੱਗ-ਸਪਿਨ ਨਹੀਂ ਪਾ ਸਕੇ ਸਨ। ਭਾਵੁਕ ਹੁੰਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੀ ਕਾਰਗੁਜ਼ਾਰੀ ਤੋਂ ਨਿਰਾਸ਼ ਸਨ, ਇਸ ਲਈ ਇਸ ਸਾਲ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ 'ਸਰੀਰ ਦਾ ਧਿਆਨ' ਰੱਖਣ ਦਾ ਫੈਸਲਾ ਕੀਤਾ ਹੈ।
IPL ਦੇ ਸਭ ਤੋਂ ਸਫਲ ਗੇਂਦਬਾਜ਼
ਭਾਵੇਂ ਚਾਹਲ ਇਸ ਸਮੇਂ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਨ ਪਰ ਆਈ.ਪੀ.ਐੱਲ. ਇਤਿਹਾਸ ਵਿੱਚ ਉਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਉਹ 174 ਮੈਚਾਂ ਵਿੱਚ 221 ਵਿਕਟਾਂ ਦੇ ਨਾਲ IPL ਦੇ ਆਲ-ਟਾਈਮ ਲੀਡਿੰਗ ਵਿਕਟ ਟੇਕਰ (ਸਭ ਤੋਂ ਵੱਧ ਵਿਕਟਾਂ ਲੈਣ ਵਾਲੇ) ਹਨ।