ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਆਖਰੀ ਪੰਜ ਓਵਰਾਂ ਵਿੱਚ ਤਹਿਲਕਾ ਮਚਾਉਣ ਵਾਲੇ ਬੱਲੇਬਾਜ਼ ਮੁਕੁਲ ਚੌਧਰੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ, ਪਰ ਉਨ੍ਹਾਂ ਦੀ ਟੀਮ ਲਖਨਊ ਸੁਪਰ ਜਾਇੰਟਸ ਦੇ ਕਪਤਾਨ ਰਿਸ਼ਭ ਪੰਤ ਕੋਲ ਉਨ੍ਹਾਂ ਲਈ ਕਹਿਣ ਵਾਸਤੇ ਸ਼ਬਦ ਹੀ ਨਹੀਂ ਹਨ। ਈਡਨ ਗਾਰਡਨ ਸਟੇਡੀਅਮ ਵਿੱਚ ਵੀਰਵਾਰ ਨੂੰ ਖੇਡੇ ਗਏ ਮੈਚ ਵਿੱਚ ਕੋਲਕਾਤਾ ਦੀ ਟੀਮ ਜਿੱਤ ਹਾਸਲ ਕਰਦੀ ਦਿਖ ਰਹੀ ਸੀ, ਪਰ ਫਿਰ ਮੁਕੁਲ ਦਾ ਤੂਫਾਨ ਆਇਆ ਜਿਸ ਵਿੱਚ ਮੇਜ਼ਬਾਨ ਟੀਮ ਉੱਡ ਗਈ।

ਪੰਤ ਹੋਏ ਹੈਰਾਨ
ਮੁਕੁਲ ਨੇ ਇਕਤਰਫ਼ਾ ਅੰਦਾਜ਼ ਵਿੱਚ ਲਖਨਊ ਨੂੰ ਜਿੱਤ ਦਿਵਾਈ। ਉਨ੍ਹਾਂ ਦੀ ਇਹ ਪਾਰੀ ਦੇਖ ਕੇ ਕਪਤਾਨ ਪੰਤ ਹੈਰਾਨ ਰਹਿ ਗਏ ਹਨ ਅਤੇ ਉਨ੍ਹਾਂ ਕੋਲ ਮੁਕੁਲ ਦੀ ਤਾਰੀਫ਼ ਲਈ ਸ਼ਬਦ ਨਹੀਂ ਬਚੇ। ਮੈਚ ਤੋਂ ਬਾਅਦ ਪੰਤ ਨੇ ਕਿਹਾ, "ਇਹ ਕਿੰਨੀ ਸ਼ਾਨਦਾਰ ਕੋਸ਼ਿਸ਼ ਸੀ, ਇਹ ਦੱਸਣ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਇੱਕ ਚੀਜ਼ ਜੋ ਮੈਂ ਨਿੱਜੀ ਤੌਰ 'ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹ ਇਹ ਹੈ ਕਿ ਮੈਂ ਆਪਣੇ ਖਿਡਾਰੀਆਂ 'ਤੇ ਵਿਸ਼ਵਾਸ ਕਰਾਂ, ਕਿਉਂਕਿ ਜਦੋਂ ਤੁਸੀਂ ਕਿਸੇ 'ਤੇ ਭਰੋਸਾ ਕਰਦੇ ਹੋ, ਤਾਂ ਉਹ ਚਮਤਕਾਰ ਵੀ ਕਰ ਸਕਦੇ ਹਨ।"
ਉਨ੍ਹਾਂ ਨੇ ਅੱਗੇ ਕਿਹਾ, "ਇਸ ਤਰ੍ਹਾਂ ਦੇ ਹਰ ਮੈਚ ਵਿੱਚ ਜਿਸ ਤਰ੍ਹਾਂ ਦਾ ਕਿਰਦਾਰ ਸਾਹਮਣੇ ਆਉਂਦਾ ਹੈ, ਉਹ ਦੱਸਦਾ ਹੈ ਕਿ ਟੀਮ ਵਿੱਚ ਕੀ ਬਣ ਰਿਹਾ ਹੈ। ਅਸੀਂ ਉਸ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੇ, ਪਰ ਅੰਦਰ ਖਾਤੇ ਕੁਝ ਖਾਸ ਪੱਕ ਰਿਹਾ ਹੈ।"
ਬਡੋਨੀ ਦੀ ਵੀ ਕੀਤੀ ਸ਼ਲਾਘਾ
ਲਖਨਊ ਦੀ ਇਸ ਜਿੱਤ ਵਿੱਚ ਆਯੂਸ਼ ਬਡੋਨੀ ਦੀ ਪਾਰੀ ਨੂੰ ਵੀ ਭੁਲਾਇਆ ਨਹੀਂ ਜਾ ਸਕਦਾ। ਬਡੋਨੀ ਨੇ 34 ਗੇਂਦਾਂ 'ਤੇ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਉਹ ਟੀਮ ਦੇ ਛੇਵੇਂ ਵਿਕਟ ਵਜੋਂ ਆਊਟ ਹੋਏ ਸਨ ਅਤੇ ਉਸ ਤੋਂ ਬਾਅਦ ਮੁਕੁਲ ਨੇ ਮੋਰਚਾ ਸੰਭਾਲਿਆ। ਪੰਤ ਨੇ ਬਡੋਨੀ ਦੀ ਵੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ, "ਉਹ ਹੁਣ ਸਾਡੀ ਟੀਮ ਦੇ ਸੀਨੀਅਰ ਖਿਡਾਰੀ ਹਨ। ਅਸੀਂ ਉਨ੍ਹਾਂ ਨੂੰ ਇਹ ਭੂਮਿਕਾ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਬਡੋਨੀ ਤੋਂ ਯੋਗਦਾਨ ਦੀ ਉਮੀਦ ਕਰਦੇ ਹੋ।"
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਤਾਰੀਫ਼ ਕਰਦਿਆਂ ਪੰਤ ਨੇ ਕਿਹਾ ਕਿ ਉਹ ਜੋ ਤਜਰਬਾ ਟੀਮ ਵਿੱਚ ਲੈ ਕੇ ਆਉਂਦੇ ਹਨ, ਉਹ ਅਣਮੋਲ ਹੈ ਅਤੇ ਉਨ੍ਹਾਂ ਵਰਗੇ ਖਿਡਾਰੀ ਦਾ ਹੋਣਾ ਟੀਮ ਲਈ ਫਾਇਦੇਮੰਦ ਹੈ। ਸ਼ਮੀ ਨੇ ਕੋਲਕਾਤਾ ਖਿਲਾਫ ਚਾਰ ਓਵਰਾਂ ਵਿੱਚ ਸਿਰਫ 27 ਦੌੜਾਂ ਦਿੱਤੀਆਂ, ਹਾਲਾਂਕਿ ਉਹ ਕੋਈ ਵਿਕਟ ਨਹੀਂ ਲੈ ਸਕੇ।