ਕ੍ਰਿਕਟ ਅਨਿਸ਼ਚਿਤਤਾਵਾਂ ਦੀ ਖੇਡ ਹੈ, ਜਿੱਥੇ ਕਦੋਂ ਕੀ ਹੋ ਜਾਵੇ, ਇਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ। ਇਹ ਸਿਰਫ਼ ਚੌਕੇ-ਛੱਕੇ ਲਗਾਉਣ ਜਾਂ ਵਿਕਟਾਂ ਲੈਣ ਤੱਕ ਹੀ ਸੀਮਤ ਨਹੀਂ ਹੈ, ਪਰ ਇਸ ਖੇਡ ਦਾ ਅਕਸ ਉਦੋਂ ਖਰਾਬ ਹੋਣ ਲੱਗਦਾ ਹੈ ਜਦੋਂ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਿਸ ਨਾਲ ਹਰ ਕੋਈ ਦੰਗ ਰਹਿ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਕ੍ਰਿਕਟ ਜਗਤ ਨੂੰ ਸੁੰਨ ਕਰ ਦਿੱਤਾ ਹੈ।

ਰਨ ਆਊਟ ਦੇ ਫੈਸਲੇ ਨੂੰ ਲੈ ਕੇ ਅੰਪਾਇਰ ਦਾ ਕਤਲ
ਦਰਅਸਲ, ਵਿਸ਼ਾਖਾਪਟਨਮ ਵਿੱਚ ਇੱਕ ਸਥਾਨਕ ਮੈਚ ਦੌਰਾਨ ਦੋ ਇਲਾਕਿਆਂ ਦੇ ਖਿਡਾਰੀਆਂ ਵਿਚਕਾਰ ਰਨ-ਆਊਟ ਦੇ ਫੈਸਲੇ ਨੂੰ ਲੈ ਕੇ ਬਹਿਸ ਹੋ ਗਈ। ਇਸ ਦੌਰਾਨ ਪ੍ਰਸ਼ੰਸਕ ਵੀ ਮੈਦਾਨ ਵਿੱਚ ਆ ਗਏ। ਦੋਵਾਂ ਅੰਪਾਇਰਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਇੱਕ ਦਰਸ਼ਕ ਗੁੱਸੇ ਵਿੱਚ ਅੰਪਾਇਰਾਂ ਨੂੰ ਅਪਸ਼ਬਦ ਕਹਿਣ ਲੱਗਾ। ਸਰਕਲ ਇੰਸਪੈਕਟਰ ਨੇ ਦੱਸਿਆ ਕਿ ਦੋਵਾਂ ਅੰਪਾਇਰਾਂ ਨੇ ਵਿਚੋਲਗੀ ਕੀਤੀ ਅਤੇ ਮੈਦਾਨ 'ਤੇ ਹੀ ਮਾਮਲਾ ਸੁਲਝਾ ਲਿਆ। ਹਾਲਾਂਕਿ, ਦਰਸ਼ਕਾਂ ਵਿੱਚੋਂ ਇੱਕ ਕਾਂਤਾ ਕਿਸ਼ੋਰ ਗੁੱਸੇ ਵਿੱਚ ਆ ਗਿਆ ਅਤੇ ਅੰਪਾਇਰਾਂ ਦੇ ਨਾਲ-ਨਾਲ ਖਿਡਾਰੀਆਂ ਨੂੰ ਗਾਲ੍ਹਾਂ ਕੱਢਣ ਲੱਗਾ।
ਪੁਲਿਸ ਨੇ ਦੱਸਿਆ ਕਿ ਮੁਲਜ਼ਮ 26 ਸਾਲਾ ਕਾਂਤਾ ਕਿਸ਼ੋਰ ਨੇ ਬਾਅਦ ਵਿੱਚ ਅੰਪਾਇਰਾਂ ਨੂੰ ਮਾਮਲਾ ਸੁਲਝਾਉਣ ਲਈ ਇੱਕ ਪਾਸੇ ਬੁਲਾਇਆ। ਮੈਚ ਖ਼ਤਮ ਹੋਣ ਤੋਂ ਬਾਅਦ ਅਜੀਤ ਬਾਬੂ, ਚਿਰੰਜੀਵੀ ਅਤੇ ਕੁਝ ਦੋਸਤ ਉੱਥੇ ਪਹੁੰਚ ਗਏ। ਫਿਰ ਉੱਥੇ ਬਹਿਸ ਹੋਣ ਲੱਗੀ ਅਤੇ ਕਿਸ਼ੋਰ ਨੇ ਅਚਾਨਕ ਅਜੀਤ ਬਾਬੂ ਦੀ ਛਾਤੀ ਵਿੱਚ ਚਾਕੂ ਮਾਰ ਦਿੱਤਾ, ਜਿਸ ਨਾਲ ਉਹ ਉੱਥੇ ਹੀ ਡਿੱਗ ਪਏ। ਚਿਰੰਜੀਵੀ ਆਪਣੀ ਜਾਨ ਬਚਾ ਕੇ ਭੱਜਿਆ, ਉਸ ਨੂੰ ਵੀ ਸੱਟਾਂ ਲੱਗੀਆਂ, ਪਰ ਅੰਪਾਇਰ ਅਜੀਤ ਦੀ ਮੌਤ ਹੋ ਗਈ।
ਉਨ੍ਹਾਂ ਨੂੰ ਅਪੋਲੋ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅਜੀਤ ਬਾਬੂ ਦੇ ਭਰਾ ਨੇ ਦੋਸ਼ ਲਾਇਆ ਕਿ ਕਾਂਤਾ ਕਿਸ਼ੋਰ ਨੇ ਸ਼ਰਾਬ ਦੇ ਨਸ਼ੇ ਵਿੱਚ ਇਸ ਕਤਲ ਨੂੰ ਅੰਜਾਮ ਦਿੱਤਾ ਹੈ। ਅਜੀਤ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਕਿਸ਼ੋਰ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮੁਲਜ਼ਮ ਫਰਾਰ ਹੈ।