AI ਡੀਪਫੇਕ ਦੀ ਦੁਰਵਰਤੋਂ ਵਿਰੁੱਧ ਦਿੱਲੀ ਹਾਈ ਕੋਰਟ ਪਹੁੰਚੇ ਗੌਤਮ ਗੰਭੀਰ, 2.5 ਕਰੋੜ ਰੁਪਏ ਦੇ ਹਰਜਾਨੇ ਦੀ ਕੀਤੀ ਮੰਗ
ਇਹ ਮਾਮਲਾ ਸਾਲ 2025 ਦੇ ਅਖੀਰ ਦਾ ਹੈ, ਜਦੋਂ ਗੌਤਮ ਗੰਭੀਰ ਦੇ ਨਾਂ, ਚਿਹਰੇ ਅਤੇ ਆਵਾਜ਼ ਦੀ ਗਲਤ ਵਰਤੋਂ ਕੀਤੀ ਗਈ ਸੀ। ਕੁਝ ਸ਼ਰਾਰਤੀ ਅਨਸਰਾਂ ਨੇ AI, ਫੇਸ-ਸਵੈਪਿੰਗ ਅਤੇ ਵੌਇਸ ਕਲੋਨਿੰਗ ਤਕਨੀਕ ਦੀ ਵਰਤੋਂ ਕਰਕੇ ਅਜਿਹੀਆਂ ਵੀਡੀਓਜ਼ ਬਣਾਈਆਂ, ਜਿਨ੍ਹਾਂ ਵਿੱਚ ਗੰਭੀਰ ਨੂੰ ਅਜਿਹੀਆਂ ਗੱਲਾਂ ਕਹਿੰਦੇ ਦਿਖਾਇਆ ਗਿਆ ਜੋ ਉਨ੍ਹਾਂ ਨੇ ਕਦੇ ਕਹੀਆਂ ਹੀ ਨਹੀਂ ਸਨ।
Publish Date: Thu, 19 Mar 2026 03:19 PM (IST)
Updated Date: Thu, 19 Mar 2026 03:26 PM (IST)

ਖੇਡ ਡੈਸਕ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ AI ਡੀਪਫੇਕ ਵੀਡੀਓਜ਼ ਦਾ ਸ਼ਿਕਾਰ ਹੋ ਗਏ ਹਨ। ਆਪਣੀ ਪਛਾਣ ਅਤੇ ਅਕਸ ਦੀ ਦੁਰਵਰਤੋਂ ਖ਼ਿਲਾਫ਼ ਸਖ਼ਤ ਰੁਖ ਅਪਣਾਉਂਦੇ ਹੋਏ, ਗੰਭੀਰ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਅਦਾਲਤ ਵਿੱਚ ਇੱਕ ਸਿਵਲ ਮੁਕੱਦਮਾ ਦਾਇਰ ਕਰਕੇ ਆਪਣੇ 'ਪਰਸਨੈਲਿਟੀ ਰਾਈਟਸ' (Personality Rights) ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਇਹ ਮਾਮਲਾ ਸਾਲ 2025 ਦੇ ਅਖੀਰ ਦਾ ਹੈ, ਜਦੋਂ ਗੌਤਮ ਗੰਭੀਰ ਦੇ ਨਾਂ, ਚਿਹਰੇ ਅਤੇ ਆਵਾਜ਼ ਦੀ ਗਲਤ ਵਰਤੋਂ ਕੀਤੀ ਗਈ ਸੀ। ਕੁਝ ਸ਼ਰਾਰਤੀ ਅਨਸਰਾਂ ਨੇ AI, ਫੇਸ-ਸਵੈਪਿੰਗ ਅਤੇ ਵੌਇਸ ਕਲੋਨਿੰਗ ਤਕਨੀਕ ਦੀ ਵਰਤੋਂ ਕਰਕੇ ਅਜਿਹੀਆਂ ਵੀਡੀਓਜ਼ ਬਣਾਈਆਂ, ਜਿਨ੍ਹਾਂ ਵਿੱਚ ਗੰਭੀਰ ਨੂੰ ਅਜਿਹੀਆਂ ਗੱਲਾਂ ਕਹਿੰਦੇ ਦਿਖਾਇਆ ਗਿਆ ਜੋ ਉਨ੍ਹਾਂ ਨੇ ਕਦੇ ਕਹੀਆਂ ਹੀ ਨਹੀਂ ਸਨ।
ਵਾਇਰਲ ਹੋਈਆਂ ਦੋ ਫਰਜ਼ੀ ਵੀਡੀਓਜ਼
ਅਸਤੀਫ਼ੇ ਦੀ ਅਫ਼ਵਾਹ: ਇੱਕ ਵੀਡੀਓ ਵਿੱਚ ਗੰਭੀਰ ਨੂੰ ਭਾਰਤੀ ਟੀਮ ਦੇ ਹੈੱਡ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦਿੰਦੇ ਦਿਖਾਇਆ ਗਿਆ, ਜਿਸ ਨੂੰ 20 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ।
ਦਿੱਗਜ ਖਿਡਾਰੀਆਂ 'ਤੇ ਟਿੱਪਣੀ: ਦੂਜੀ ਵੀਡੀਓ ਵਿੱਚ ਉਨ੍ਹਾਂ ਨੂੰ ਸੀਨੀਅਰ ਖਿਡਾਰੀਆਂ 'ਤੇ ਵਿਵਾਦਿਤ ਟਿੱਪਣੀਆਂ ਕਰਦੇ ਦਿਖਾਇਆ ਗਿਆ, ਜਿਸ ਨੂੰ 17 ਲੱਖ ਤੋਂ ਵੱਧ ਵਿਊਜ਼ ਮਿਲੇ। ਇਸ ਨਾਲ ਸੋਸ਼ਲ ਮੀਡੀਆ 'ਤੇ ਭਾਰੀ ਵਿਵਾਦ ਖੜ੍ਹਾ ਹੋ ਗਿਆ ਸੀ।
ਕਿੰਨ੍ਹਾਂ 'ਤੇ ਲਾਏ ਗਏ ਦੋਸ਼
ਗੰਭੀਰ ਨੇ ਇਸ ਮਾਮਲੇ ਵਿੱਚ 16 ਲੋਕਾਂ ਅਤੇ ਸੰਸਥਾਵਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਕੁਝ ਸੋਸ਼ਲ ਮੀਡੀਆ ਅਕਾਊਂਟਸ ਤੋਂ ਇਲਾਵਾ ਵੱਡੀਆਂ ਟੈਕ ਕੰਪਨੀਆਂ ਜਿਵੇਂ Meta (Facebook/Instagram), X (Twitter) ਅਤੇ Google ਸ਼ਾਮਲ ਹਨ। ਇਸ ਤੋਂ ਇਲਾਵਾ ਈ-ਕਾਮਰਸ ਕੰਪਨੀਆਂ Amazon ਅਤੇ Flipkart ਨੂੰ ਵੀ ਧਿਰ ਬਣਾਇਆ ਗਿਆ ਹੈ ਤਾਂ ਜੋ ਅਦਾਲਤੀ ਹੁਕਮਾਂ ਦੀ ਸਹੀ ਪਾਲਣਾ ਹੋ ਸਕੇ।
ਗੰਭੀਰ ਦੀਆਂ ਪ੍ਰਮੁੱਖ ਮੰਗਾਂ
ਵਰਤੋਂ 'ਤੇ ਰੋਕ: ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਨਾਂ, ਚਿਹਰੇ ਅਤੇ ਆਵਾਜ਼ ਦੀ ਵਰਤੋਂ ਤੁਰੰਤ ਬੰਦ ਕੀਤੀ ਜਾਵੇ।
ਕੰਟੈਂਟ ਹਟਾਉਣਾ: ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਫਰਜ਼ੀ ਵੀਡੀਓਜ਼ ਨੂੰ ਤੁਰੰਤ ਹਟਾਇਆ ਜਾਵੇ।
ਹਰਜਾਨਾ: ਆਪਣੀ ਸਾਖ ਨੂੰ ਪਹੁੰਚੇ ਨੁਕਸਾਨ ਦੇ ਬਦਲੇ 2.5 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਗੌਤਮ ਗੰਭੀਰ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਛਾਣ ਦੀ ਵਰਤੋਂ ਗਲਤ ਜਾਣਕਾਰੀ ਫੈਲਾਉਣ ਅਤੇ ਪੈਸੇ ਕਮਾਉਣ ਲਈ ਕੀਤੀ ਜਾ ਰਹੀ ਹੈ। ਇਹ ਸਿਰਫ਼ ਉਨ੍ਹਾਂ ਦੀ ਨਿੱਜੀ ਇੱਜ਼ਤ ਦਾ ਸਵਾਲ ਨਹੀਂ, ਸਗੋਂ ਕਾਨੂੰਨ ਅਤੇ ਮਰਿਆਦਾ ਨਾਲ ਜੁੜਿਆ ਇੱਕ ਵੱਡਾ ਮੁੱਦਾ ਹੈ।