ਗੈਰੀ ਕਰਸਟਨ ਨੇ PCB ਤੇ ਮੋਹਸਿਨ ਨਕਵੀ ਦੀ ਖੋਲ੍ਹੀ ਪੋਲ ! ਪਾਕਿਸਤਾਨੀ ਕ੍ਰਿਕਟ ਦੇ 'ਟੌਕਸਿਕ' ਕਲਚਰ 'ਤੇ ਕੀਤਾ ਵੱਡਾ ਹਮਲਾ
ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਵ੍ਹਾਈਟ ਬਾਲ ਹੈੱਡ ਕੋਚ ਗੈਰੀ ਕਰਸਟਨ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਦੀ ਕਾਰਜਪ੍ਰਣਾਲੀ ਦੀ ਸਖ਼ਤ ਆਲੋਚਨਾ ਕੀਤੀ ਹੈ। ਕਰਸਟਨ ਨੇ ਬੋਰਡ ਦੇ ਕੰਮ ਕਰਨ ਦੇ ਤਰੀਕੇ ਨੂੰ 'ਟੌਕਸਿਕ' (ਜ਼ਹਿਰੀਲਾ) ਦੱਸਦਿਆਂ ਕਿਹਾ ਕਿ ਉੱਥੇ ਪੇਸ਼ੇਵਰ ਸਤਿਕਾਰ ਦੀ ਭਾਰੀ ਕਮੀ ਸੀ। ਉਨ੍ਹਾਂ ਮੁਤਾਬਕ ਪੀਸੀਬੀ ਪ੍ਰਧਾਨ ਮੋਹਸਿਨ ਨਕਵੀ ਦੀ ਅਗਵਾਈ ਹੇਠਲੇ ਮਾਹੌਲ ਵਿੱਚ ਟੀਮ ਲਈ ਲਗਾਤਾਰ ਸਫ਼ਲਤਾ ਹਾਸਲ ਕਰਨਾ ਲਗਪਗ ਅਸੰਭਵ ਸੀ।
Publish Date: Sat, 21 Mar 2026 01:39 PM (IST)
Updated Date: Sat, 21 Mar 2026 01:46 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਵ੍ਹਾਈਟ ਬਾਲ ਹੈੱਡ ਕੋਚ ਗੈਰੀ ਕਰਸਟਨ ਨੇ ਪਾਕਿਸਤਾਨ ਕ੍ਰਿਕਟ ਬੋਰਡ (PCB) ਦੀ ਕਾਰਜਪ੍ਰਣਾਲੀ ਦੀ ਸਖ਼ਤ ਆਲੋਚਨਾ ਕੀਤੀ ਹੈ। ਕਰਸਟਨ ਨੇ ਬੋਰਡ ਦੇ ਕੰਮ ਕਰਨ ਦੇ ਤਰੀਕੇ ਨੂੰ 'ਟੌਕਸਿਕ' (ਜ਼ਹਿਰੀਲਾ) ਦੱਸਦਿਆਂ ਕਿਹਾ ਕਿ ਉੱਥੇ ਪੇਸ਼ੇਵਰ ਸਤਿਕਾਰ ਦੀ ਭਾਰੀ ਕਮੀ ਸੀ। ਉਨ੍ਹਾਂ ਮੁਤਾਬਕ ਪੀਸੀਬੀ ਪ੍ਰਧਾਨ ਮੋਹਸਿਨ ਨਕਵੀ ਦੀ ਅਗਵਾਈ ਹੇਠਲੇ ਮਾਹੌਲ ਵਿੱਚ ਟੀਮ ਲਈ ਲਗਾਤਾਰ ਸਫ਼ਲਤਾ ਹਾਸਲ ਕਰਨਾ ਲਗਪਗ ਅਸੰਭਵ ਸੀ।
6 ਮਹੀਨਿਆਂ 'ਚ ਹੀ ਕਿਉਂ ਛੱਡਿਆ ਅਹੁਦਾ
ਸ੍ਰੀਲੰਕਾ ਦੇ ਹੈੱਡ ਕੋਚ ਵਜੋਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਕਰਸਟਨ ਨੇ 'ਟਾਕਸਪੋਰਟ ਕ੍ਰਿਕਟ' (Talksport Cricket) ਨਾਲ ਇੰਟਰਵਿਊ ਦੌਰਾਨ ਪਾਕਿਸਤਾਨੀ ਕੋਚ ਵਜੋਂ ਆਪਣੇ 6 ਮਹੀਨਿਆਂ ਦੇ ਕਠਿਨ ਸਫ਼ਰ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਬੇਲੋੜੀ ਦਖ਼ਲਅੰਦਾਜ਼ੀ: ਕਰਸਟਨ ਨੇ ਕਿਹਾ, "ਮੈਨੂੰ ਸਭ ਤੋਂ ਵੱਧ ਹੈਰਾਨੀ ਇਸ ਗੱਲ 'ਤੇ ਹੋਈ ਕਿ ਬੋਰਡ ਵੱਲੋਂ ਕੰਮ ਵਿੱਚ ਕਿਸ ਹੱਦ ਤੱਕ ਦਖ਼ਲਅੰਦਾਜ਼ੀ ਕੀਤੀ ਜਾਂਦੀ ਹੈ। ਮੈਂ ਆਪਣੇ ਪੂਰੇ ਕਰੀਅਰ ਵਿੱਚ ਪਹਿਲਾਂ ਕਦੇ ਅਜਿਹਾ ਮਾਹੌਲ ਨਹੀਂ ਦੇਖਿਆ।"
ਬਾਹਰੀ ਸ਼ੋਰ-ਸ਼ਰਾਬਾ: ਉਨ੍ਹਾਂ ਦੱਸਿਆ ਕਿ ਜਦੋਂ ਬਾਹਰੋਂ ਲਗਾਤਾਰ ਦਬਾਅ ਅਤੇ ਸ਼ੋਰ-ਸ਼ਰਾਬਾ ਹੁੰਦਾ ਰਹਿੰਦਾ ਹੈ ਤਾਂ ਕਿਸੇ ਵੀ ਕੋਚ ਲਈ ਖਿਡਾਰੀਆਂ ਨਾਲ ਮਿਲ ਕੇ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਸਿਰਫ਼ ਕੋਚ ਨੂੰ ਨਿਸ਼ਾਨਾ ਬਣਾਉਣਾ: ਕਰਸਟਨ ਮੁਤਾਬਕ ਜਦੋਂ ਟੀਮ ਖ਼ਰਾਬ ਪ੍ਰਦਰਸ਼ਨ ਕਰਦੀ ਹੈ ਤਾਂ ਕੋਚ ਸਭ ਤੋਂ ਸੌਖਾ ਨਿਸ਼ਾਨਾ ਹੁੰਦਾ ਹੈ। ਲੋਕ ਤੁਰੰਤ ਕੋਚ ਨੂੰ ਹਟਾਉਣ ਜਾਂ ਉਸ 'ਤੇ ਪਾਬੰਦੀ ਲਗਾਉਣ ਦੀ ਗੱਲ ਕਰਨ ਲੱਗਦੇ ਹਨ, ਜੋ ਕਿ ਬਿਲਕੁਲ ਗ਼ਲਤ ਪਹੁੰਚ ਹੈ।
"ਫਿਰ ਕੋਚ ਦੀ ਭਰਤੀ ਹੀ ਕਿਉਂ ਕਰਨੀ?"
ਗੈਰੀ ਕਰਸਟਨ ਨੇ ਪੀਸੀਬੀ ਦੀ ਮਾਨਸਿਕਤਾ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਬੋਰਡ ਨੇ ਹਰ ਚੀਜ਼ ਵਿੱਚ ਦਖ਼ਲ ਦੇਣਾ ਹੈ ਅਤੇ ਕੋਚ ਨੂੰ ਖੁੱਲ੍ਹ ਕੇ ਕੰਮ ਨਹੀਂ ਕਰਨ ਦੇਣਾ ਤਾਂ ਫਿਰ ਕੋਚ ਦੀ ਨਿਯੁਕਤੀ ਕਰਨ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਉਨ੍ਹਾਂ ਅਨੁਸਾਰ ਪਾਕਿਸਤਾਨ ਵਿੱਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ 'ਦੰਡਕਾਰੀ ਕਾਰਵਾਈਆਂ' (Punitive Actions) ਟੀਮ ਦੇ ਹਿੱਤ ਵਿੱਚ ਨਹੀਂ ਹੁੰਦੀਆਂ।