ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਆਈ.ਪੀ.ਐੱਲ. ਦੇ ਮੌਜੂਦਾ ਸੀਜ਼ਨ ਵਿੱਚ ਆਪਣੇ ਘਰੇਲੂ ਮੈਦਾਨ 'ਤੇ ਲਗਾਤਾਰ ਤਿੰਨ ਮੈਚ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ਅਤੇ ਇਸ ਵਿੱਚ ਉਸ ਦੇ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਅਹਿਮ ਰਹੀ। ਚਿੰਨਾਸਵਾਮੀ ਸਟੇਡੀਅਮ ਵਿੱਚ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਸਨਰਾਈਜ਼ਰਜ਼ ਹੈਦਰਾਬਾਦ, ਚੇਨਈ ਸੁਪਰ ਕਿੰਗਜ਼ (CSK) ਅਤੇ ਲਖਨਊ ਸੁਪਰ ਜਾਇੰਟਸ ਵਰਗੀਆਂ ਟੀਮਾਂ 'ਤੇ ਹਾਵੀ ਰਹਿ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ।

ਇੱਥੇ ਮਿਲਿਆ ਪਹਿਲਾ ਸੰਕੇਤ
ਬਦਲਾਅ ਦਾ ਪਹਿਲਾ ਸੰਕੇਤ 28 ਮਾਰਚ ਨੂੰ ਮਿਲਿਆ ਜਦੋਂ ਜੈਕਬ ਡਫੀ ਨੇ ਤਿੰਨ ਵਿਕਟਾਂ ਲੈ ਕੇ ਸਨਰਾਈਜ਼ਰਜ਼ ਦੇ ਚੋਟੀ ਦੇ ਕ੍ਰਮ ਨੂੰ ਤਬਾਹ ਕਰ ਦਿੱਤਾ। ਜੋਸ਼ ਹੇਜ਼ਲਵੁੱਡ ਦੀ ਸ਼ੁਰੂਆਤੀ ਮੈਚਾਂ ਵਿੱਚ ਗੈਰ-ਹਾਜ਼ਰੀ ਵਿੱਚ ਉਨ੍ਹਾਂ ਨੇ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਈ। ਹੇਜ਼ਲਵੁੱਡ ਨੇ ਵਾਪਸੀ ਤੋਂ ਬਾਅਦ ਆਪਣਾ ਜਲਵਾ ਦਿਖਾਇਆ ਅਤੇ ਲਖਨਊ ਦੀ ਟੀਮ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਓਵਰਾਂ ਵਿੱਚ 21 ਰਨ ਦੇ ਕੇ ਇੱਕ ਵਿਕਟ ਲਈ। ਇਸ ਲਈ ਉਨ੍ਹਾਂ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।
ਉਹ ਜਾਣਦੇ ਹਨ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀ ਗੇਂਦਬਾਜ਼ੀ ਕਰਨੀ ਹੈ। ਆਰ.ਸੀ.ਬੀ. ਦੇ ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਨੇ ਹੇਜ਼ਲਵੁੱਡ ਬਾਰੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਹ ਪਹਿਲਾਂ ਨਾਲੋਂ ਜ਼ਿਆਦਾ ਚੁਸਤ-ਦਰੁਸਤ ਦਿਖਾਈ ਦੇ ਰਹੇ ਹਨ। ਸੱਟ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਆਰਾਮ ਮਿਲਿਆ ਹੈ, ਇਸ ਲਈ ਉਹ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਅਤੇ ਫਿੱਟ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਆਪਣੇ ਸਰੀਰ 'ਤੇ ਪੂਰਾ ਭਰੋਸਾ ਹੈ। ਇਹ ਉਨ੍ਹਾਂ ਦੀ ਗੇਂਦਬਾਜ਼ੀ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ।
ਭੁਵਨੇਸ਼ਵਰ ਦਾ ਮਿਲਿਆ ਸਾਥ
ਆਰ.ਸੀ.ਬੀ. ਕੋਲ ਭੁਵਨੇਸ਼ਵਰ ਕੁਮਾਰ ਦੇ ਰੂਪ ਵਿੱਚ ਇੱਕ ਹੋਰ ਉਪਯੋਗੀ ਤੇਜ਼ ਗੇਂਦਬਾਜ਼ ਹੈ, ਜਿਨ੍ਹਾਂ ਨੇ ਹੇਜ਼ਲਵੁੱਡ ਦਾ ਸਾਥ ਦਿੰਦੇ ਹੋਏ ਤਿੰਨ ਵਿਕਟਾਂ ਲਈਆਂ। ਉਹ ਆਪਣੀ ਹੌਲੀ ਬਾਊਂਸਰ, ਯਾਰਕਰ ਅਤੇ ਘੱਟ ਗਤੀ ਵਾਲੀਆਂ ਗੇਂਦਾਂ ਨਾਲ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਹਨ। ਇੰਨਾ ਹੀ ਨਹੀਂ, ਆਰ.ਸੀ.ਬੀ. ਨੂੰ ਰਾਸਿਖ ਸਲਾਮ ਦੇ ਰੂਪ ਵਿੱਚ ਇੱਕ ਪ੍ਰਤਿਭਾਸ਼ਾਲੀ ਤੇਜ਼ ਗੇਂਦਬਾਜ਼ ਮਿਲਿਆ ਹੈ, ਜਿਨ੍ਹਾਂ ਨੇ ਪਿਛਲੇ ਮੈਚ ਵਿੱਚ ਚਾਰ ਵਿਕਟਾਂ ਲਈਆਂ ਸਨ। ਆਪਣੇ ਇਸ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਕਾਰਨ ਆਰ.ਸੀ.ਬੀ. ਕਿਸੇ ਵੀ ਮੈਦਾਨ 'ਤੇ ਜਿੱਤ ਹਾਸਲ ਕਰਨ ਦੇ ਸਮਰੱਥ ਹੈ ਅਤੇ ਇਸੇ ਲਈ ਉਹ ਟੂਰਨਾਮੈਂਟ ਦੀ ਸਭ ਤੋਂ ਖ਼ਤਰਨਾਕ ਟੀਮ ਬਣ ਗਈ ਹੈ।