'ਪ੍ਰਸ਼ੰਸਕਾਂ ਨੇ ਕਰ ਲਈ ਸੀ ਖੁਦਕੁਸ਼ੀ...' - ਪਾਕਿਸਤਾਨ ਹੱਥੋਂ ਮਿਲੀ ਹਾਰ ਦਾ ਦਰਦ ਬਿਆਨ ਕਰਦੇ ਹੋਏ ਰੋ ਪਏ ਰਹਿਮਾਨਉੱਲ੍ਹਾ ਗੁਰਬਾਜ਼
ਸ਼ੁਭਾਂਕਰ ਮਿਸ਼ਰਾ ਦੇ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਗੁਰਬਾਜ਼ ਨੇ ਉਸ ਮੈਚ ਨੂੰ ਯਾਦ ਕੀਤਾ ਜਿੱਥੇ ਅਫਗਾਨਿਸਤਾਨ ਜਿੱਤ ਦੇ ਬਹੁਤ ਕਰੀਬ ਸੀ। ਪਾਕਿਸਤਾਨ ਨੂੰ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਕੋਲ ਸਿਰਫ਼ ਇੱਕ ਵਿਕਟ ਬਾਕੀ ਸੀ ਪਰ ਨਸੀਮ ਸ਼ਾਹ ਨੇ ਦੋ ਲਗਾਤਾਰ ਛੱਕੇ ਮਾਰ ਕੇ ਅਫਗਾਨਿਸਤਾਨ ਦੇ ਜਿੱਤੇ ਹੋਏ ਮੈਚ ਨੂੰ ਹਾਰ ਵਿੱਚ ਬਦਲ ਦਿੱਤਾ
Publish Date: Tue, 24 Mar 2026 10:08 AM (IST)
Updated Date: Tue, 24 Mar 2026 10:14 AM (IST)
ਨਵੀਂ ਦਿੱਲੀ : ਅਫਗਾਨਿਸਤਾਨ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੇ ਏਸ਼ੀਆ ਕੱਪ 2022 ਵਿੱਚ ਪਾਕਿਸਤਾਨ ਵਿਰੁੱਧ ਮਿਲੀ ਹਾਰ ਨੂੰ ਲੈ ਕੇ ਇੱਕ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੇ ਖੇਡ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੁਰਬਾਜ਼ ਨੇ ਦੱਸਿਆ ਕਿ ਉਸ ਹਾਰ ਦਾ ਅਸਰ ਇੰਨਾ ਗੰਭੀਰ ਸੀ ਕਿ ਅਫਗਾਨਿਸਤਾਨ ਵਿੱਚ ਕੁਝ ਪ੍ਰਸ਼ੰਸਕਾਂ ਨੇ ਸਦਮੇ ਵਿੱਚ ਆ ਕੇ ਖੁਦਕੁਸ਼ੀ (Suicide) ਤੱਕ ਕਰ ਲਈ ਸੀ।
ਏਸ਼ੀਆ ਕੱਪ 2022 ਦਾ ਉਹ ਖ਼ੌਫ਼ਨਾਕ ਮੈਚ
ਸ਼ੁਭਾਂਕਰ ਮਿਸ਼ਰਾ ਦੇ ਪੋਡਕਾਸਟ ਵਿੱਚ ਗੱਲਬਾਤ ਕਰਦਿਆਂ ਗੁਰਬਾਜ਼ ਨੇ ਉਸ ਮੈਚ ਨੂੰ ਯਾਦ ਕੀਤਾ ਜਿੱਥੇ ਅਫਗਾਨਿਸਤਾਨ ਜਿੱਤ ਦੇ ਬਹੁਤ ਕਰੀਬ ਸੀ। ਪਾਕਿਸਤਾਨ ਨੂੰ ਆਖਰੀ ਓਵਰ ਵਿੱਚ 11 ਦੌੜਾਂ ਦੀ ਲੋੜ ਸੀ ਅਤੇ ਉਨ੍ਹਾਂ ਕੋਲ ਸਿਰਫ਼ ਇੱਕ ਵਿਕਟ ਬਾਕੀ ਸੀ ਪਰ ਨਸੀਮ ਸ਼ਾਹ ਨੇ ਦੋ ਲਗਾਤਾਰ ਛੱਕੇ ਮਾਰ ਕੇ ਅਫਗਾਨਿਸਤਾਨ ਦੇ ਜਿੱਤੇ ਹੋਏ ਮੈਚ ਨੂੰ ਹਾਰ ਵਿੱਚ ਬਦਲ ਦਿੱਤਾ। ਗੁਰਬਾਜ਼ ਨੇ ਕਿਹਾ, "ਜਦੋਂ ਵੀ ਮੈਂ ਸ਼ਾਰਜਾਹ ਸਟੇਡੀਅਮ ਜਾਂਦਾ ਹਾਂ, ਮੈਨੂੰ ਉਹ ਦਿਲ ਦਹਿਲਾਉਣ ਵਾਲੀ ਹਾਰ ਯਾਦ ਆ ਜਾਂਦੀ ਹੈ। ਸਾਡੇ ਦੇਸ਼ ਦੇ ਲੋਕ ਬਹੁਤ ਭਾਵੁਕ ਹਨ, ਉਸ ਦਿਨ ਕਈ ਲੋਕ ਰੋਏ ਅਤੇ ਕੁਝ ਨੇ ਆਪਣੀ ਜਾਨ ਤੱਕ ਦੇ ਦਿੱਤੀ।"
2023 ਦੀ ਜਿੱਤ ਨੇ ਦਿੱਤਾ ਸਕੂਨ
ਹਾਲਾਂਕਿ, ਗੁਰਬਾਜ਼ ਨੇ ਇਹ ਵੀ ਸਾਂਝਾ ਕੀਤਾ ਕਿ 2023 ਦੇ ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਨੂੰ ਹਰਾ ਕੇ ਉਨ੍ਹਾਂ ਨੇ ਆਪਣੇ ਦੇਸ਼ ਵਾਸੀਆਂ ਦੇ ਪੁਰਾਣੇ ਜ਼ਖ਼ਮਾਂ 'ਤੇ ਮੱਲ੍ਹਮ ਲਗਾਈ ਹੈ। ਉਨ੍ਹਾਂ ਮੁਤਾਬਕ ਅਫਗਾਨੀ ਲੋਕਾਂ ਲਈ ਉਹ ਜਿੱਤ ਇਤਿਹਾਸਕ ਸੀ। ਉਨ੍ਹਾਂ ਕਿਹਾ ਕਿ ਇੱਕ ਕ੍ਰਿਕਟਰ ਵਜੋਂ ਉਹ ਲੋਕਾਂ ਦੀ ਖੁਸ਼ੀ ਲਈ ਖੇਡਦੇ ਹਨ ਅਤੇ ਜਦੋਂ ਲੋਕ ਖੁਸ਼ ਹੁੰਦੇ ਹਨ ਤਾਂ ਉਨ੍ਹਾਂ ਨੂੰ ਸਕੂਨ ਮਿਲਦਾ ਹੈ।
ਕ੍ਰਿਕਟਰ ਦਾ ਦਰਦ
ਗੁਰਬਾਜ਼ ਨੇ ਸਾਫ਼ ਕੀਤਾ ਕਿ ਮੈਦਾਨ ਦੇ ਅੰਦਰ ਭਾਵੇਂ ਕਿੰਨੀ ਵੀ ਦੁਸ਼ਮਣੀ ਕਿਉਂ ਨਾ ਹੋਵੇ ਪਰ ਮੈਦਾਨ ਤੋਂ ਬਾਹਰ ਕਿਸੇ ਵੀ ਖਿਡਾਰੀ ਨਾਲ ਉਨ੍ਹਾਂ ਦੀ ਨਿੱਜੀ ਰੰਜਿਸ਼ ਨਹੀਂ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਹਮੇਸ਼ਾ ਚਾਹੁੰਦੇ ਹਨ ਕਿ ਅਫਗਾਨਿਸਤਾਨ ਦੀ ਟੀਮ ਪਾਕਿਸਤਾਨ ਨੂੰ ਹਰ ਹਾਲ ਵਿੱਚ ਹਰਾਵੇ।