ਭਾਰਤੀ ਟੀਮ ਦੇ ਹੈੱਡ ਕੋਚ ਗੌਤਮ ਗੰਭੀਰ ਵੈਸੇ ਤਾਂ ਆਪਣੇ ਬਹੁਤ ਸਖ਼ਤ ਅੰਦਾਜ਼ ਲਈ ਜਾਣੇ ਅਤੇ ਪਛਾਣੇ ਜਾਂਦੇ ਹਨ, ਪਰ ਸੂਰਿਆਕੁਮਾਰ ਯਾਦਵ ਦੀ ਕਪਤਾਨੀ ਨੇ ਉਨ੍ਹਾਂ ਨੂੰ ਆਪਣਾ ਫੈਨ ਬਣਾ ਲਿਆ ਹੈ। ਟੀ-20 ਵਰਲਡ ਕੱਪ 2026 ਵਿੱਚ ਭਾਰਤੀ ਟੀਮ ਦੇ ਪਹਿਲੇ ਮੈਚ ਵਿੱਚ ਜਿੱਤ ਤੋਂ ਬਾਅਦ ਗੰਭੀਰ ਨੇ ਸੂਰਿਆ ਦੀ ਜਮ ਕੇ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਰਿਆ ਨੇ ਕਪਤਾਨ ਵਜੋਂ ਹਰ ਉਹ ਕੰਮ ਕੀਤਾ ਹੈ ਜਿਸ ਦੀ ਟੀਮ ਨੂੰ ਲੋੜ ਸੀ।

ਕੋਚ ਦੇ ਅਨੁਸਾਰ, ਸੂਰਿਆ ਹਰ ਖਿਡਾਰੀ ਨਾਲ ਗੱਲਬਾਤ ਕਰਦੇ ਹਨ। ਉਹਨਾਂ ਨਾਲ ਸਮਾਂ ਬਿਤਾਉਂਦੇ ਹਨ ਅਤੇ ਟੀਮ ਵਿੱਚ ਦੋਸਤੀ ਵਾਲਾ ਮਾਹੌਲ ਬਣਾਈ ਰੱਖਦੇ ਹਨ। ਜਦੋਂ ਕਪਤਾਨ ਇੰਨਾ ਮਿਲਣਸਾਰ ਹੋਵੇ, ਤਾਂ ਪੂਰੀ ਟੀਮ ਬਿਨਾਂ ਕਿਸੇ ਤਣਾਅ ਦੇ ਵਧੀਆ ਖੇਡਦੀ ਹੈ। ਇੱਕ ਕੋਚ ਲਈ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ।
ਸੂਰਿਆ ਨੇ ਦਬਾਅ ਵਿੱਚ ਦਿਖਾਇਆ ਦਮ
ਸੂਰਿਆ ਨੇ ਨਾ ਸਿਰਫ਼ ਆਪਣੇ ਫੈਸਲਿਆਂ ਨਾਲ, ਸਗੋਂ ਆਪਣੇ ਬੱਲੇ ਨਾਲ ਵੀ ਸਾਬਤ ਕਰ ਦਿੱਤਾ ਕਿ ਉਹ ਇੱਕ ਸੱਚੇ ਲੀਡਰ ਹਨ। ਅਮਰੀਕਾ ਦੇ ਖਿਲਾਫ਼ ਖੇਡੇ ਗਏ ਟੀ-20 ਵਿਸ਼ਵ ਕੱਪ 2026 ਵਿੱਚ ਭਾਰਤ ਦੇ ਪਹਿਲੇ ਮੈਚ ਵਿੱਚ ਜਦੋਂ ਟੀਮ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ, ਉਦੋਂ ਸੂਰਿਆ ਨੇ ਇਕੱਲੇ ਦਮ 'ਤੇ 49 ਗੇਂਦਾਂ ਵਿੱਚ 84 ਦੌੜਾਂ ਬਣਾ ਦਿੱਤੀਆਂ ਅਤੇ ਟੀਮ ਨੂੰ 161 ਦੌੜਾਂ ਦਾ ਸਕੋਰ ਖੜ੍ਹਾ ਕਰਨ ਵਿੱਚ ਮਦਦ ਕੀਤੀ। ਇਸ ਦੇ ਜਵਾਬ ਵਿੱਚ ਅਮਰੀਕਾ ਦੀ ਟੀਮ 132 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ 29 ਦੌੜਾਂ ਨਾਲ ਇਹ ਮੈਚ ਜਿੱਤ ਲਿਆ।
ਗੰਭੀਰ ਨੇ ਕਿਹਾ ਕਿ ਸੂਰਿਆ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਜਦੋਂ ਮੈਚ ਫਸਦਾ ਹੈ, ਉਦੋਂ ਉਹ ਸਹੀ ਫੈਸਲੇ ਲੈਂਦੇ ਹਨ। ਉਨ੍ਹਾਂ ਦਾ ਦਿਲ ਸਾਫ਼ ਹੈ ਅਤੇ ਉਹ ਹਮੇਸ਼ਾ ਟੀਮ ਦੇ ਹਿੱਤ ਵਿੱਚ ਸੋਚਦੇ ਹਨ। ਭਾਰਤ ਦਾ ਅਗਲਾ ਮੈਚ ਹੁਣ ਨਾਮੀਬੀਆ ਨਾਲ ਹੈ ਅਤੇ ਸੂਰਿਆ ਦੀ ਇਸ ਸ਼ਾਨਦਾਰ ਕਪਤਾਨੀ ਨੂੰ ਦੇਖ ਕੇ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਇਸ ਵਾਰ ਵਰਲਡ ਕੱਪ ਭਾਰਤ ਹੀ ਆਵੇਗਾ।
ਦੱਸ ਦੇਈਏ ਕਿ ਟੀਮ ਇੰਡੀਆ ਦਾ ਹੁਣ ਅਗਲਾ ਮੈਚ ਨਾਮੀਬੀਆ ਨਾਲ 12 ਫਰਵਰੀ 2026 ਨੂੰ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ।