ਲਖਨਊ ਦੇ ਇਕਾਨਾ ਸਟੇਡੀਅਮ ਵਿੱਚ 1 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਨੇ ਲਖਨਊ ਸੁਪਰ ਜਾਇੰਟਸ ਨੂੰ ਹਰਾ ਕੇ ਆਈ.ਪੀ.ਐੱਲ. 2026 ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਇਸ ਜਿੱਤ ਤੋਂ ਬਾਅਦ ਦਿੱਲੀ ਟੀਮ ਦੇ ਕਪਤਾਨ ਅਕਸ਼ਰ ਪਟੇਲ ਸੰਤੁਸ਼ਟ ਅਤੇ ਕਾਫ਼ੀ ਖ਼ੁਸ਼ ਨਜ਼ਰ ਆਏ। ਮੈਚ ਤੋਂ ਬਾਅਦ ਪ੍ਰੈਜ਼ੈਂਟੇਸ਼ਨ ਵਿੱਚ ਉਨ੍ਹਾਂ ਨੇ ਟੀਮ ਦੇ ਪ੍ਰਦਰਸ਼ਨ, ਮੁਸ਼ਕਲ ਹਾਲਾਤ ਅਤੇ ਅਹਿਮ ਸਾਂਝੇਦਾਰੀ 'ਤੇ ਖੁੱਲ੍ਹ ਕੇ ਗੱਲ ਕੀਤੀ।

ਅਕਸ਼ਰ ਪਟੇਲ ਨੇ ਕਿਹਾ, "ਮੈਂ ਗੇਂਦਬਾਜ਼ੀ ਤੋਂ ਕਾਫ਼ੀ ਖ਼ੁਸ਼ ਹਾਂ ਅਤੇ ਅਸੀਂ ਆਪਣੀ ਯੋਜਨਾ ਮੁਤਾਬਕ ਹੀ ਚੱਲਦੇ ਰਹੇ।" ਤੇਜ਼ ਗੇਂਦਬਾਜ਼ੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਹਾਲਾਤ ਨੂੰ ਦੇਖਦੇ ਹੋਏ ਤੇਜ਼ ਗੇਂਦਬਾਜ਼ਾਂ ਨੂੰ ਵੱਧ ਓਵਰ ਦੇਣਗੇ। ਸਮੀਰ ਰਿਜ਼ਵੀ ਬਾਰੇ ਉਨ੍ਹਾਂ ਦੱਸਿਆ ਕਿ ਪਹਿਲਾਂ ਤੋਂ ਹੀ ਇਹੀ ਯੋਜਨਾ ਸੀ ਕਿ ਉਹ 'ਇਮਪੈਕਟ ਪਲੇਅਰ' ਵਜੋਂ ਖੇਡਣਗੇ ਅਤੇ ਉਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ।
ਗੇਂਦਬਾਜ਼ਾਂ ਦੀ ਕੀਤੀ ਜੰਮ ਕੇ ਤਾਰੀਫ਼
ਅਕਸ਼ਰ ਨੇ ਦੱਸਿਆ ਕਿ 142 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਦੋਂ ਟੀਮ ਨੇ ਮਹਿਜ਼ 26 ਦੌੜਾਂ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ, ਤਾਂ ਸਥਿਤੀ ਕਾਫ਼ੀ ਚੁਣੌਤੀਪੂਰਨ ਹੋ ਗਈ ਸੀ। ਹਾਲਾਂਕਿ, ਉਨ੍ਹਾਂ ਨੂੰ ਭਰੋਸਾ ਸੀ ਕਿ ਇੱਕ ਚੰਗੀ ਸਾਂਝੇਦਾਰੀ ਟੀਮ ਨੂੰ ਮੁਕਾਬਲੇ ਵਿੱਚ ਵਾਪਸ ਲਿਆ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਚ ਜਲਦੀ ਖ਼ਤਮ ਹੋ ਗਿਆ, ਪਰ ਵਿਚਾਲੇ ਮੁਕਾਬਲਾ ਕਾਫ਼ੀ ਫਸ ਗਿਆ ਸੀ। ਸਾਨੂੰ ਬਸ ਇੱਕ ਸਾਂਝੇਦਾਰੀ ਦੀ ਲੋੜ ਸੀ ਅਤੇ ਬ੍ਰੇਕ ਦੌਰਾਨ ਅਸੀਂ ਇਸੇ 'ਤੇ ਧਿਆਨ ਦਿੱਤਾ।
ਇਸ ਦੇ ਨਾਲ ਹੀ ਕਪਤਾਨ ਨੇ ਗੇਂਦਬਾਜ਼ਾਂ ਦੀ ਜੰਮ ਕੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਨਵੀਂ ਗੇਂਦ ਨਾਲ ਮਿਲਣ ਵਾਲੀ ਮਦਦ ਦਾ ਟੀਮ ਨੇ ਬਿਹਤਰੀਨ ਇਸਤੇਮਾਲ ਕੀਤਾ। ਉਨ੍ਹਾਂ ਕਿਹਾ, "ਅਸੀਂ ਜਾਣਦੇ ਸੀ ਕਿ ਸ਼ੁਰੂਆਤ ਵਿੱਚ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ, ਇਸ ਲਈ ਹਰ ਗੇਂਦਬਾਜ਼ ਨੂੰ ਉਸੇ ਹਿਸਾਬ ਨਾਲ ਤਿਆਰ ਕੀਤਾ ਗਿਆ ਸੀ।"
ਆਪਣੀ ਇਸ ਗਲਤੀ 'ਤੇ ਜਤਾਇਆ ਅਫ਼ਸੋਸ
ਆਪਣੇ ਕੋਟੇ ਦੇ ਸਿਰਫ਼ 3 ਓਵਰ ਗੇਂਦਬਾਜ਼ੀ ਕਰਨ ਬਾਰੇ ਗੱਲ ਕਰਦਿਆਂ ਅਕਸ਼ਰ ਪਟੇਲ ਨੇ ਕਿਹਾ, "ਤੁਸੀਂ ਦੇਖ ਸਕਦੇ ਹੋ ਕਿ ਮੈਚ ਕਿਵੇਂ ਚੱਲ ਰਿਹਾ ਸੀ, ਬਾਊਂਡਰੀ ਕਿਤੇ ਵੱਡੀ ਸੀ ਤੇ ਕਿਤੇ ਛੋਟੀ। ਮੈਂ ਦੇਖ ਰਿਹਾ ਸੀ ਕਿ ਮੈਂ ਕਿਸ ਤੋਂ ਗੇਂਦਬਾਜ਼ੀ ਕਰਵਾ ਸਕਦਾ ਹਾਂ। ਅਖੀਰ ਵਿੱਚ ਸ਼ਾਇਦ ਮੈਂ 1-2 ਓਵਰ ਗਲਤ ਚੁਣ ਲਏ।"
ਜਦੋਂ ਕਪਤਾਨ ਤੋਂ ਪੁੱਛਿਆ ਗਿਆ ਕਿ ਕੀ ਸਮੀਰ ਰਿਜ਼ਵੀ ਨੂੰ 'ਇਮਪੈਕਟ ਸਬਸਟੀਟਿਊਟ' ਵਜੋਂ ਲਿਆਉਣਾ ਪਹਿਲਾਂ ਤੋਂ ਹੀ ਤੈਅ ਸੀ? ਤਾਂ ਉਨ੍ਹਾਂ ਕਿਹਾ ਕਿ ਯੋਜਨਾ ਰਿਜ਼ਵੀ ਨੂੰ ਖਿਡਾਉਣ ਦੀ ਸੀ, ਪਰ ਆਸ਼ੂਤੋਸ਼ ਸ਼ਰਮਾ ਦਾ ਵਿਕਲਪ ਵੀ ਮੌਜੂਦ ਸੀ। ਉਨ੍ਹਾਂ ਅੱਗੇ ਕਿਹਾ ਕਿ ਸ਼ਾਇਦ ਜੇਕਰ ਅਸੀਂ ਸ਼ੁਰੂਆਤੀ ਵਿਕਟਾਂ ਨਾ ਗੁਆਈਆਂ ਹੁੰਦੀਆਂ, ਤਾਂ ਨਤੀਜਾ ਕੁਝ ਹੋਰ ਹੁੰਦਾ।