ਕ੍ਰਿਕਟ ਦੇ ਮੈਦਾਨ 'ਤੇ ਆਏ ਦਿਨ ਕਈ ਰਿਕਾਰਡ ਬਣਦੇ ਅਤੇ ਟੁੱਟਦੇ ਹਨ। ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਇੱਕ ਨਵਾਂ ਇਤਿਹਾਸ ਜੁੜ ਗਿਆ। ਰਵਾਂਡਾ ਦੀ ਬੱਲੇਬਾਜ਼ ਫੈਨੀ ਉਤਾਗੁਸ਼ੀਮਾਨਿੰਦੇ ਨੇ ਟੀ-20 ਅੰਤਰਰਾਸ਼ਟਰੀ ਸੈਂਕੜਾ ਲਗਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਲਾਗੋਸ ਦੇ ਤਾਫਾਵਾ ਬਲੇਵਾ ਸਕੁਏਅਰ ਕ੍ਰਿਕਟ ਓਵਲ ਵਿੱਚ ਨਾਈਜੀਰੀਆ ਇਨਵੀਟੇਸ਼ਨਲ ਮਹਿਲਾ ਟੀ-20 ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਘਾਨਾ ਦੇ ਖ਼ਿਲਾਫ਼ ਇਹ ਉਪਲਬਧੀ ਹਾਸਲ ਕੀਤੀ।

ਮੈਂਸ ਕ੍ਰਿਕਟ ਵਿੱਚ ਸਭ ਤੋਂ ਘੱਟ ਉਮਰ ਵਿੱਚ ਟੀ-20 ਅੰਤਰਰਾਸ਼ਟਰੀ ਸੈਂਕੜਾ ਲਗਾਉਣ ਦਾ ਰਿਕਾਰਡ ਫਰਾਂਸ ਦੇ ਗੁਸਤਾਵ ਮੈਕਕਾਨ ਦੇ ਨਾਮ ਹੈ। ਉਨ੍ਹਾਂ ਨੇ 2022 ਵਿੱਚ ਸਵਿਟਜ਼ਰਲੈਂਡ ਵਿਰੁੱਧ 18 ਸਾਲ ਅਤੇ 280 ਦਿਨਾਂ ਦੀ ਉਮਰ ਵਿੱਚ ਸੈਂਕੜਾ ਬਣਾਇਆ ਸੀ। ਉਤਾਗੁਸ਼ੀਮਾਨਿੰਦੇ ਵੂਮੈਨਸ ਟੀ-20 ਅੰਤਰਰਾਸ਼ਟਰੀ ਇਤਿਹਾਸ ਵਿੱਚ ਡੈਬਿਊ ਮੈਚ ਵਿੱਚ ਸੈਂਕੜਾ ਬਣਾਉਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ ਹੈ। ਉਨ੍ਹਾਂ ਨੇ ਵੂਮੈਨਸ ਟੀ-20 ਅੰਤਰਰਾਸ਼ਟਰੀ ਡੈਬਿਊ ਮੈਚ ਵਿੱਚ ਸਰਵੋਤਮ ਸਕੋਰ ਲਈ ਕਰੇਨ ਰੋਲਟਨ ਦੇ 96* ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
ਮੈਂਸ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਕੈਨੇਡਾ ਦੇ ਮੈਥਿਊਜ਼ ਸਪੂਰਸ, ਸਰਬੀਆ ਦੇ ਲੈਸਲੀ ਡਨਬਰ, ਨਾਮੀਬੀਆ ਦੇ ਜੇਪੀ ਕੋਟਜ਼ੇ ਅਤੇ ਕੈਨੇਡਾ ਦੇ ਰਵਿੰਦਰਪਾਲ ਸਿੰਘ ਵਰਗੇ ਖਿਡਾਰੀਆਂ ਨੇ ਆਪਣੇ ਪਹਿਲੇ ਹੀ ਮੈਚ ਵਿੱਚ ਸੈਂਕੜੇ ਬਣਾਏ ਹਨ। ਇਨ੍ਹਾਂ ਵਿੱਚੋਂ ਕੋਈ ਵੀ ਫੁੱਲ ਮੈਂਬਰ ਦੇਸ਼ ਦਾ ਖਿਡਾਰੀ ਨਹੀਂ ਸੀ।
ਫੈਨੀ ਉਤਾਗੁਸ਼ੀਮਾਨਿੰਦੇ ਦੇ ਸੈਂਕੜੇ ਦੀ ਬਦੌਲਤ ਰਵਾਂਡਾ ਮਹਿਲਾ ਟੀਮ ਨੇ ਘਾਨਾ ਮਹਿਲਾ ਟੀਮ ਨੂੰ 122 ਦੌੜਾਂ ਨਾਲ ਕਰਾਰੀ ਸ਼ਿਕਸਤ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਵਾਂਡਾ ਨੇ 20 ਓਵਰਾਂ ਵਿੱਚ 3 ਵਿਕਟਾਂ ਗੁਆ ਕੇ 210 ਦੌੜਾਂ ਬਣਾਈਆਂ ਸਨ। ਉਤਾਗੁਸ਼ੀਮਾਨਿੰਦੇ ਨੇ 170.76 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ ਅਤੇ 65 ਗੇਂਦਾਂ 'ਤੇ 111 ਦੌੜਾਂ ਠੋਕ ਦਿੱਤੀਆਂ। ਗਿਜ਼ੇਲ ਇਸ਼ਿਮਵੇ (14) ਅਤੇ ਕਲਾਰਿਸ ਉਵਾਸੇ (15) ਨੇ ਛੋਟੀਆਂ ਪਰ ਅਹਿਮ ਪਾਰੀਆਂ ਖੇਡੀਆਂ। ਮਰਵੇਲ ਉਵਾਸੇ ਨੇ 32 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਟੀਮ ਨੂੰ 25 ਵਾਧੂ ਦੌੜਾਂ ਵੀ ਮਿਲੀਆਂ।
ਜਵਾਬ ਵਿੱਚ ਘਾਨਾ ਦੀ ਪੂਰੀ ਟੀਮ ਨਿਰਧਾਰਿਤ ਓਵਰਾਂ ਵਿੱਚ 8 ਵਿਕਟਾਂ ਗੁਆ ਕੇ 88 ਦੌੜਾਂ ਹੀ ਬਣਾ ਸਕੀ। ਬੇਲਿਸ ਮੁਰੇਕਾਤੇਤੇ ਨੇ ਕਮਾਲ ਦੀ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 20 ਰਨ ਦੇ ਕੇ 3 ਵਿਕਟਾਂ ਚਟਕਾਈਆਂ। ਮੈਰੀ ਬਿਮੇਨੀਮਾਨਾ, ਹੈਨਰੀਏਟ ਇਸ਼ਿਮਵੇ ਅਤੇ ਮਰਵੇਲ ਉਵਾਸੇ ਨੇ ਵੀ ਗੇਂਦਬਾਜ਼ੀ ਵਿੱਚ ਯੋਗਦਾਨ ਪਾਇਆ। ਉਤਾਗੁਸ਼ੀਮਾਨਿੰਦੇ ਨੂੰ ਉਨ੍ਹਾਂ ਦੇ ਸੈਂਕੜੇ ਲਈ 'ਪਲੇਅਰ ਆਫ ਦ ਮੈਚ' ਚੁਣਿਆ ਗਿਆ।