ਭਾਰਤ-ਅਮਰੀਕਾ ਟ੍ਰੇਡ ਡੀਲ 'ਚ ਕਿਉਂ ਫਸਿਆ ਪੇਚ? ਜਾਣੋ ਟੈਰਿਫ ਤੇ ਕਾਨੂੰਨੀ ਅੜਚਣਾਂ ਦਾ ਪੂਰਾ ਮਾਮਲਾ
ਦੋਵੇਂ ਪੱਖ ਕਈ ਮੁੱਖ ਗੱਲਾਂ 'ਤੇ ਸਹਿਮਤ ਹਨ ਪਰ ਕੁਝ ਖਾਸ ਵਸਤੂਆਂ 'ਤੇ ਲੱਗਣ ਵਾਲੇ ਟੈਰਿਫ (ਟੈਕਸ) ਅਤੇ ਸਮਝੌਤੇ ਦੀ ਪ੍ਰਕਿਰਿਆ (Sequencing) ਨੂੰ ਲੈ ਕੇ ਮਤਭੇਦ ਅਜੇ ਵੀ ਬਰਕਰਾਰ ਹਨ। ਅਮਰੀਕੀ ਸੁਪਰੀਮ ਕੋਰਟ ਦਾ ਇੱਕ ਸੰਭਾਵੀ ਫੈਸਲਾ ਇਸ ਡੀਲ 'ਤੇ ਅਸਰ ਪਾ ਸਕਦਾ ਹੈ।
Publish Date: Sun, 25 Jan 2026 12:37 PM (IST)
Updated Date: Sun, 25 Jan 2026 12:42 PM (IST)
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਇੱਕ ਵੱਡੇ ਵਪਾਰਕ ਸਮਝੌਤੇ (India-US Trade Deal) ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਦੋਵਾਂ ਦੇਸ਼ਾਂ ਦੇ ਅਧਿਕਾਰੀ ਆਖਰੀ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਜੇ ਤੱਕ ਕੋਈ ਪੁਖਤਾ ਫੈਸਲਾ ਨਹੀਂ ਹੋ ਸਕਿਆ।
ਗੱਲਬਾਤ ਨਾ ਬਣਨ ਦੇ ਮੁੱਖ ਕਾਰਨ
ਮੀਡੀਆ ਰਿਪੋਰਟਾਂ ਅਨੁਸਾਰ, ਦੋਵੇਂ ਪੱਖ ਕਈ ਮੁੱਖ ਗੱਲਾਂ 'ਤੇ ਸਹਿਮਤ ਹਨ ਪਰ ਕੁਝ ਖਾਸ ਵਸਤੂਆਂ 'ਤੇ ਲੱਗਣ ਵਾਲੇ ਟੈਰਿਫ (ਟੈਕਸ) ਅਤੇ ਸਮਝੌਤੇ ਦੀ ਪ੍ਰਕਿਰਿਆ (Sequencing) ਨੂੰ ਲੈ ਕੇ ਮਤਭੇਦ ਅਜੇ ਵੀ ਬਰਕਰਾਰ ਹਨ। ਅਮਰੀਕੀ ਸੁਪਰੀਮ ਕੋਰਟ ਦਾ ਇੱਕ ਸੰਭਾਵੀ ਫੈਸਲਾ ਇਸ ਡੀਲ 'ਤੇ ਅਸਰ ਪਾ ਸਕਦਾ ਹੈ। ਇਹ ਫੈਸਲਾ ਟੈਰਿਫ ਲਗਾਉਣ ਦੇ ਅਧਿਕਾਰਾਂ ਨਾਲ ਸਬੰਧਤ ਹੈ। ਜੇਕਰ ਅਦਾਲਤ ਟੈਰਿਫ ਲਗਾਉਣ ਦੇ ਕਾਨੂੰਨੀ ਅਧਾਰ ਨੂੰ ਬਦਲਦੀ ਹੈ ਤਾਂ ਵਾਸ਼ਿੰਗਟਨ ਨੂੰ ਸਖ਼ਤ ਪਾਬੰਦੀਆਂ ਵਾਲੇ ਦੂਜੇ ਕਾਨੂੰਨਾਂ ਦਾ ਸਹਾਰਾ ਲੈਣਾ ਪਵੇਗਾ, ਜੋ ਗੱਲਬਾਤ ਨੂੰ ਹੋਰ ਉਲਝਾ ਸਕਦਾ ਹੈ। ਤਕਨੀਕੀ ਟੀਮਾਂ ਵੱਲੋਂ ਮੁੱਦੇ ਸੁਲਝਾਉਣ ਤੋਂ ਬਾਅਦ ਇਸ ਡੀਲ ਨੂੰ ਅਮਰੀਕੀ ਵਪਾਰ ਪ੍ਰਤੀਨਿਧੀ (USTR) ਅਤੇ ਭਾਰਤ ਦੇ ਵਣਜ ਮੰਤਰਾਲੇ ਦੀ ਹਰੀ ਝੰਡੀ ਚਾਹੀਦੀ ਹੋਵੇਗੀ। ਇਸ ਤੋਂ ਬਾਅਦ ਹੀ ਅੰਤਿਮ ਫੈਸਲੇ ਲਈ ਇਸਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜਿਆ ਜਾਵੇਗਾ।
ਡੀਲ ਹੋਣ 'ਤੇ ਕੀ ਪਵੇਗਾ ਪ੍ਰਭਾਵ
ਟੈਰਿਫ ਵਿੱਚ ਕਟੌਤੀ: ਜੇਕਰ ਇਹ ਸਮਝੌਤਾ ਸਿਰੇ ਚੜ੍ਹਦਾ ਹੈ ਤਾਂ ਭਾਰਤੀ ਬਰਾਮਦ (Export) 'ਤੇ ਅਮਰੀਕਾ ਵੱਲੋਂ ਲਗਾਇਆ ਗਿਆ 50 ਫੀਸਦੀ ਟੈਰਿਫ ਹਟਾਇਆ ਜਾ ਸਕਦਾ ਹੈ।
ਭਾਰਤੀ ਉਦਯੋਗਾਂ ਨੂੰ ਰਾਹਤ: ਭਾਰਤ ਦਾ ਟੈਕਸਟਾਈਲ (ਕੱਪੜਾ) ਉਦਯੋਗ ਇਸ ਟੈਰਿਫ ਕਾਰਨ ਕਾਫੀ ਪ੍ਰਭਾਵਿਤ ਹੋਇਆ ਹੈ। ਡੀਲ ਹੋਣ ਨਾਲ ਇਸ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
ਵਪਾਰ ਵਿੱਚ ਵਾਧਾ : ਮੌਜੂਦਾ ਚੁਣੌਤੀਆਂ ਦੇ ਬਾਵਜੂਦ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।