ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ: ਮੱਧ ਪੂਰਬ (Middle East) ਵਿੱਚ ਚੱਲ ਰਹੀ ਜੰਗ ਕਾਰਨ ਕੱਚਾ ਤੇਲ 156 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਭਾਰਤ ਆਪਣੀ ਲੋੜ ਦਾ 88% ਤੇਲ ਆਯਾਤ ਕਰਦਾ ਹੈ, ਜਿਸ ਨਾਲ ਦੇਸ਼ ਦਾ ਖਰਚਾ ਅਸਮਾਨੀ ਚੜ੍ਹ ਗਿਆ ਹੈ।

ਨਵੀਂ ਦਿੱਲੀ : ਹਿੰਦੂ ਨਵਾਂ ਸਾਲ ਵਿਕਰਮ ਸੰਮਤ 2083 ਦੀ ਸ਼ੁਰੂਆਤ (19 ਮਾਰਚ) ਭਾਰਤੀ ਰੁਪਏ ਲਈ ਬਹੁਤੀ ਸ਼ੁਭ ਨਹੀਂ ਰਹੀ। ਤਿਉਹਾਰਾਂ ਦੀ ਛੁੱਟੀ ਤੋਂ ਠੀਕ ਇੱਕ ਦਿਨ ਬਾਅਦ 20 ਮਾਰਚ (ਸ਼ੁੱਕਰਵਾਰ) ਨੂੰ ਜਦੋਂ ਬਾਜ਼ਾਰ ਖੁੱਲ੍ਹੇ ਤਾਂ ਰੁਪਏ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਸ ਭਿਆਨਕ ਗਿਰਾਵਟ ਨੇ ਅਸਥਿਰ ਵਿਸ਼ਵ ਹਾਲਾਤਾਂ ਵਿਚਕਾਰ ਭਾਰਤ ਦੀਆਂ ਆਰਥਿਕ ਕਮਜ਼ੋਰੀਆਂ ਨੂੰ ਉਜਾਗਰ ਕਰ ਦਿੱਤਾ ਹੈ।
ਸ਼ੁੱਕਰਵਾਰ ਨੂੰ ਭਾਰਤੀ ਮੁਦਰਾ ਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੀ ਸਭ ਤੋਂ ਵੱਡੀ ਇੱਕ ਦਿਨ ਦੀ ਗਿਰਾਵਟ ਦਾ ਸਾਹਮਣਾ ਕੀਤਾ। ਰੁਪਿਆ 108 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 93.71 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ। ਇਹ ਪਹਿਲੀ ਵਾਰ ਹੈ ਜਦੋਂ ਰੁਪਏ ਨੇ 93 ਦਾ ਮਨੋਵਿਗਿਆਨਕ ਪੱਧਰ ਪਾਰ ਕੀਤਾ ਹੈ। ਮਾਰਚ ਦੇ ਮਹੀਨੇ ਵਿੱਚ ਹੁਣ ਤੱਕ ਭਾਰਤੀ ਕਰੰਸੀ 266 ਪੈਸੇ (ਲਗਪਗ 2%) ਟੁੱਟ ਚੁੱਕੀ ਹੈ।
ਗਿਰਾਵਟ ਦੇ 5 ਵੱਡੇ ਕਾਰਨ
ਵਿਦੇਸ਼ੀ ਨਿਵੇਸ਼ਕਾਂ ਦੀ ਭਾਰੀ ਨਿਕਾਸੀ: ਵਿਦੇਸ਼ੀ ਨਿਵੇਸ਼ਕਾਂ (FPIs) ਨੇ ਭਾਰਤੀ ਬਾਜ਼ਾਰ ਵਿੱਚੋਂ ਸਿਰਫ਼ ਮਾਰਚ ਵਿੱਚ ਹੀ 8.5 ਬਿਲੀਅਨ ਡਾਲਰ (ਲਗਪਗ ₹80,000 ਕਰੋੜ) ਕੱਢ ਲਏ ਹਨ, ਜਿਸ ਕਾਰਨ ਡਾਲਰ ਦੀ ਮੰਗ ਅਚਾਨਕ ਵਧ ਗਈ ਹੈ।
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ: ਮੱਧ ਪੂਰਬ (Middle East) ਵਿੱਚ ਚੱਲ ਰਹੀ ਜੰਗ ਕਾਰਨ ਕੱਚਾ ਤੇਲ 156 ਡਾਲਰ ਪ੍ਰਤੀ ਬੈਰਲ ਦੇ ਪਾਰ ਪਹੁੰਚ ਗਿਆ ਹੈ। ਭਾਰਤ ਆਪਣੀ ਲੋੜ ਦਾ 88% ਤੇਲ ਆਯਾਤ ਕਰਦਾ ਹੈ, ਜਿਸ ਨਾਲ ਦੇਸ਼ ਦਾ ਖਰਚਾ ਅਸਮਾਨੀ ਚੜ੍ਹ ਗਿਆ ਹੈ।
ਭੂ-ਸਿਆਸੀ ਤਣਾਅ: ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਕਾਰ ਵਧਦੇ ਵਿਵਾਦ ਨੇ ਨਿਵੇਸ਼ਕਾਂ ਨੂੰ ਡਰਾ ਦਿੱਤਾ ਹੈ, ਜੋ ਹੁਣ ਸੁਰੱਖਿਅਤ ਨਿਵੇਸ਼ ਲਈ ਡਾਲਰ ਵੱਲ ਭੱਜ ਰਹੇ ਹਨ।
ਵਪਾਰਕ ਘਾਟਾ: ਊਰਜਾ ਦੀ ਉੱਚੀ ਲਾਗਤ ਨੇ ਕਰੰਟ ਅਕਾਊਂਟ ਡੈਫੀਸਿਟ (CAD) ਵਧਣ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ।
RBI ਦੀ ਸੀਮਤ ਦਖ਼ਲਅੰਦਾਜ਼ੀ: ਰਿਜ਼ਰਵ ਬੈਂਕ ਨੇ ਬਾਜ਼ਾਰ ਨੂੰ ਸੰਭਾਲਣ ਲਈ ਬਹੁਤ ਹਮਲਾਵਰ ਕਦਮ ਨਹੀਂ ਚੁੱਕੇ ਤਾਂ ਜੋ ਭਵਿੱਖ ਲਈ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਇਆ ਜਾ ਸਕੇ।
ਆਮ ਆਦਮੀ ਅਤੇ ਆਰਥਿਕਤਾ 'ਤੇ ਅਸਰ
ਆਮ ਆਦਮੀ ਲਈ: ਪੈਟਰੋਲ-ਡੀਜ਼ਲ ਮਹਿੰਗਾ ਹੋ ਸਕਦਾ ਹੈ। ਬਾਹਰੋਂ ਆਉਣ ਵਾਲੇ ਇਲੈਕਟ੍ਰਾਨਿਕ ਸਮਾਨ, ਮੋਬਾਈਲ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਵਧਣਗੀਆਂ।
ਉਦਯੋਗਾਂ ਲਈ: ਉਹ ਕੰਪਨੀਆਂ ਜੋ ਕੱਚੇ ਮਾਲ ਦੇ ਆਯਾਤ 'ਤੇ ਨਿਰਭਰ ਹਨ, ਉਨ੍ਹਾਂ ਦਾ ਮੁਨਾਫਾ ਘਟੇਗਾ ਅਤੇ ਵਿਦੇਸ਼ੀ ਕਰਜ਼ਾ ਲੈਣ ਵਾਲੀਆਂ ਕੰਪਨੀਆਂ 'ਤੇ ਬੋਝ ਵਧੇਗਾ।
ਆਰਥਿਕਤਾ ਲਈ: ਮਹਿੰਗਾਈ ਵਧਣ ਕਾਰਨ RBI ਵਿਆਜ ਦਰਾਂ ਵਿੱਚ ਕਟੌਤੀ ਨਹੀਂ ਕਰ ਸਕੇਗਾ, ਜਿਸ ਨਾਲ ਆਰਥਿਕ ਵਿਕਾਸ ਦੀ ਰਫ਼ਤਾਰ ਮੱਠੀ ਪੈ ਸਕਦੀ ਹੈ।
ਕੀ ਰੁਪਿਆ 100 ਦੇ ਪਾਰ ਜਾਵੇਗਾ
ਮਾਹਿਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਪੱਛਮੀ ਏਸ਼ੀਆ ਵਿੱਚ ਜੰਗ ਵਰਗੀ ਸਥਿਤੀ ਬਣੀ ਹੋਈ ਹੈ, ਰੁਪਏ 'ਤੇ ਦਬਾਅ ਰਹੇਗਾ। ਜੇਕਰ ਹਾਲਾਤ ਜਲਦੀ ਨਾ ਸੁਧਰੇ ਤਾਂ ਰੁਪਿਆ 94 ਤੋਂ 95 ਦੇ ਪੱਧਰ ਨੂੰ ਛੂਹ ਸਕਦਾ ਹੈ। ਜੇਕਰ ਤਣਾਅ ਹੋਰ ਵਧਦਾ ਹੈ ਤਾਂ ਭਵਿੱਖ ਵਿੱਚ ਇਸ ਦੇ 100 ਡਾਲਰ ਦੇ ਅੰਕੜੇ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।