ਐਮਾਜ਼ਾਨ ਦੇ ਸੰਸਥਾਪਕ ਜੈਫ ਬੇਜੋਸ ਦੀ ਸਾਬਕਾ ਪਤਨੀ ਮੈਕੇਂਜੀ ਸਕੌਟ ਨੇ ਅਰਬਾਂ ਰੁਪਏ ਦਾਨ ਕੀਤੇ ਹਨ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਦਾਨ ਦਿੰਦੀ ਹੈ, ਤਾਂ ਉਹ ਕਿਸ ਬਾਰੇ ਸੋਚਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ 'ਤੇ ਪਰਉਪਕਾਰ ਕਰਨ ਦਾ ਇਹ ਨਜ਼ਰੀਆ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਸਾਲਾਂ ਵਿੱਚ ਲੋਕਾਂ ਤੋਂ ਮਿਲੇ ਦਿਆਲੂ ਸੁਭਾਅ ਤੋਂ ਮਿਲਿਆ ਹੈ।

ਕਾਲਜ ਦੇ ਦਿਨਾਂ ਵਿੱਚ ਦੋਸਤਾਂ ਤੋਂ ਲਿਆ ਸੀ ਉਧਾਰ
ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਮੈਕੇਂਜੀ ਸਕੌਟ ਨੇ ਦੱਸਿਆ ਕਿ ਜਦੋਂ ਉਹ ਆਪਣੇ ਇਲਾਜ ਦਾ ਖ਼ਰਚਾ ਨਹੀਂ ਚੁੱਕ ਸਕਦੀ ਸੀ, ਤਾਂ ਉਨ੍ਹਾਂ ਨੇ ਪੜ੍ਹਾਈ ਵਿਚਾਲੇ ਛੱਡਣ ਤੋਂ ਬਚਣ ਲਈ ਆਪਣੇ ਕਾਲਜ ਰੂਮਮੇਟ ਤੋਂ ਪੈਸੇ ਉਧਾਰ ਲਏ ਸਨ। ਇੰਨਾ ਹੀ ਨਹੀਂ, ਇੱਕ ਸਥਾਨਕ ਡੈਂਟਿਸਟ ਨੇ ਉਨ੍ਹਾਂ ਦੇ ਦੰਦਾਂ ਦਾ ਮੁਫ਼ਤ ਵਿੱਚ ਇਲਾਜ ਕੀਤਾ ਸੀ।
ਸਕੌਟ ਨੇ ਆਪਣੇ ਲੇਖ ਵਿੱਚ ਲਿਖਿਆ, “ਇਹ ਅਜਿਹੇ ਪ੍ਰਭਾਵ ਹਨ ਜੋ ਸਾਡੇ ਕਿਸੇ ਵੀ ਦਿਆਲਤਾ ਭਰੇ ਕੰਮ ਦੀ ਤਾਕਤ ਦੀ ਕਲਪਨਾ ਕਰਨਾ ਅਸੰਭਵ ਬਣਾ ਦਿੰਦੇ ਹਨ। ਜਦੋਂ ਵੀ ਮੈਂ ਹਜ਼ਾਰਾਂ ਤੋਹਫ਼ੇ ਦਿੱਤੇ, ਤਾਂ ਮੈਂ ਕਿਸ ਦੀ ਦਰਿਆਦਿਲੀ ਬਾਰੇ ਸੋਚਿਆ? ਉਹ ਸਥਾਨਕ ਡੈਂਟਿਸਟ ਹੀ ਸੀ ਜਿਸ ਨੇ ਮੈਨੂੰ ਕਾਲਜ ਵਿੱਚ ਟੁੱਟੇ ਹੋਏ ਦੰਦ ਨੂੰ 'ਡੇਂਚਰ ਗਲੂ' (ਨਕਲੀ ਦੰਦ ਚਿਪਕਾਉਣ ਵਾਲੀ ਗੂੰਦ) ਨਾਲ ਜੋੜਦਿਆਂ ਦੇਖਿਆ ਸੀ ਅਤੇ ਮੈਨੂੰ ਮੁਫ਼ਤ ਵਿੱਚ ਇਲਾਜ ਦੀ ਪੇਸ਼ਕਸ਼ ਕੀਤੀ ਸੀ।”
ਉਨ੍ਹਾਂ ਨੇ ਅੱਗੇ ਕਿਹਾ, "ਕਾਲਜ ਦੀ ਰੂਮਮੇਟ ਨੇ ਮੈਨੂੰ ਰੋਂਦਿਆਂ ਪਾਇਆ ਅਤੇ ਉਸ ਨੇ ਮੈਨੂੰ ਦੂਜੇ ਸਾਲ ਵਿੱਚ ਪੜ੍ਹਾਈ ਛੱਡਣ ਤੋਂ ਬਚਾਉਣ ਲਈ ਇੱਕ ਹਜ਼ਾਰ ਡਾਲਰ ਉਧਾਰ ਦਿੱਤੇ ਸਨ।"
ਦਾਨ ਕਰ ਦਿੱਤੇ 58 ਮਿਲੀਅਨ ਦੇ ਐਮਾਜ਼ਾਨ ਸ਼ੇਅਰ
ਮੈਕੇਂਜੀ ਸਕੌਟ ਨੇ ਲਗਪਗ 58 ਮਿਲੀਅਨ ਐਮਾਜ਼ਾਨ ਸ਼ੇਅਰ ਦਾਨ ਕਰ ਦਿੱਤੇ ਹਨ। ਉਨ੍ਹਾਂ ਨੇ 2020 ਤੋਂ ਹੁਣ ਤੱਕ ਲਗਪਗ 58 ਮਿਲੀਅਨ ਐਮਾਜ਼ਾਨ ਸ਼ੇਅਰ ਦਾਨ ਕੀਤੇ ਹਨ, ਜਿਸ ਕਾਰਨ 2019 ਵਿੱਚ ਬੇਜੋਸ ਤੋਂ ਤਲਾਕ ਤੋਂ ਬਾਅਦ ਉਨ੍ਹਾਂ ਨੂੰ ਮਿਲੀ ਹਿੱਸੇਦਾਰੀ ਵਿੱਚ ਕਾਫ਼ੀ ਕਮੀ ਆਈ ਹੈ।
ਤਲਾਕ ਤੋਂ ਬਾਅਦ ਮੈਕੇਂਜੀ ਸਕੌਟ ਨੂੰ ਐਮਾਜ਼ਾਨ ਵਿੱਚ ਲਗਭਗ 4% ਹਿੱਸੇਦਾਰੀ ਮਿਲੀ ਸੀ, ਜੋ ਉਸ ਸਮੇਂ ਲਗਭਗ 139 ਮਿਲੀਅਨ ਸ਼ੇਅਰ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਉਸ ਹਿੱਸੇਦਾਰੀ ਵਿੱਚ ਲਗਭਗ 42% ਦੀ ਕਟੌਤੀ ਕੀਤੀ ਹੈ।