ਡੀਜ਼ਲ ਤੇ ਹਵਾਈ ਇੰਧਨ 'ਤੇ ਐਕਸਪੋਰਟ ਟੈਕਸ 'ਚ ਭਾਰੀ ਵਾਧਾ: ਜਾਣੋ ਤੁਹਾਡੀ ਜੇਬ 'ਤੇ ਕੀ ਹੋਵੇਗਾ ਅਸਰ?
ਆਮ ਜਨਤਾ ਲਈ ਰਾਹਤ ਵਾਲੀ ਖ਼ਬਰ ਇਹ ਹੈ ਕਿ ਇਸ ਵਾਧੇ ਦਾ ਤੁਹਾਡੀ ਜੇਬ 'ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ। ਦਰਅਸਲ, ਇਹ ਟੈਕਸ ਸਿਰਫ਼ ਉਨ੍ਹਾਂ ਕੰਪਨੀਆਂ 'ਤੇ ਲਗਾਇਆ ਗਿਆ ਹੈ ਜੋ ਭਾਰਤ ਤੋਂ ਬਾਹਰ ਤੇਲ ਵੇਚਦੀਆਂ ਹਨ। ਦੇਸ਼ ਦੇ ਅੰਦਰ ਪੈਟਰੋਲ ਪੰਪਾਂ 'ਤੇ ਮਿਲਣ ਵਾਲੇ ਤੇਲ ਦੀਆਂ ਕੀਮਤਾਂ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ
Publish Date: Sun, 12 Apr 2026 10:27 AM (IST)
Updated Date: Sun, 12 Apr 2026 10:37 AM (IST)
ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਅਚਾਨਕ ਇੱਕ ਵੱਡਾ ਫੈਸਲਾ ਲੈਂਦਿਆਂ ਡੀਜ਼ਲ ਅਤੇ ਐਵੀਏਸ਼ਨ ਟਰਬਾਈਨ ਫਿਊਲ (ATF) ਦੇ ਨਿਰਯਾਤ ਸ਼ੁਲਕ (Export Duty) ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਦਾ ਇਹ ਕਦਮ ਕੌਮਾਂਤਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਉਤਾਰ-ਚੜ੍ਹਾਅ ਵਿਚਕਾਰ ਦੇਸ਼ ਅੰਦਰ ਤੇਲ ਦੀ ਸਪਲਾਈ ਨੂੰ ਸੁਚਾਰੂ ਰੱਖਣ ਲਈ ਲਿਆ ਗਿਆ ਹੈ।
ਟੈਕਸ ਦੀਆਂ ਨਵੀਆਂ ਦਰਾਂ: ਇੱਕ ਨਜ਼ਰ 'ਚ
ਸਰਕਾਰ ਨੇ ਡੀਜ਼ਲ 'ਤੇ ਲੱਗਣ ਵਾਲੇ ਟੈਕਸ ਨੂੰ ਦੁੱਗਣੇ ਤੋਂ ਵੀ ਜ਼ਿਆਦਾ ਵਧਾ ਦਿੱਤਾ ਹੈ। ਨਵੀਆਂ ਦਰਾਂ ਹੇਠ ਲਿਖੇ ਅਨੁਸਾਰ ਹਨ।
ਡੀਜ਼ਲ: ਪਹਿਲਾਂ 21.5 ਰੁਪਏ ਸੀ, ਜੋ ਹੁਣ ਵਧ ਕੇ 55.5 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਹਵਾਈ ਇੰਧਨ (ATF): ਪਹਿਲਾਂ 29.5 ਰੁਪਏ ਸੀ, ਜੋ ਹੁਣ 42 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਪੈਟਰੋਲ: ਪੈਟਰੋਲ 'ਤੇ ਕੋਈ ਟੈਕਸ ਨਹੀਂ ਲਗਾਇਆ ਗਿਆ, ਇਹ ਪਹਿਲਾਂ ਵਾਂਗ 'ਸਿਫਰ' (Nil) 'ਤੇ ਬਰਕਰਾਰ ਹੈ।
ਕੀ ਪੈਟਰੋਲ-ਡੀਜ਼ਲ ਹੋਵੇਗਾ ਮਹਿੰਗਾ
ਆਮ ਜਨਤਾ ਲਈ ਰਾਹਤ ਵਾਲੀ ਖ਼ਬਰ ਇਹ ਹੈ ਕਿ ਇਸ ਵਾਧੇ ਦਾ ਤੁਹਾਡੀ ਜੇਬ 'ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ। ਦਰਅਸਲ, ਇਹ ਟੈਕਸ ਸਿਰਫ਼ ਉਨ੍ਹਾਂ ਕੰਪਨੀਆਂ 'ਤੇ ਲਗਾਇਆ ਗਿਆ ਹੈ ਜੋ ਭਾਰਤ ਤੋਂ ਬਾਹਰ ਤੇਲ ਵੇਚਦੀਆਂ ਹਨ। ਦੇਸ਼ ਦੇ ਅੰਦਰ ਪੈਟਰੋਲ ਪੰਪਾਂ 'ਤੇ ਮਿਲਣ ਵਾਲੇ ਤੇਲ ਦੀਆਂ ਕੀਮਤਾਂ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ। ਉਲਟਾ, ਇਸ ਫੈਸਲੇ ਨਾਲ ਦੇਸ਼ ਵਿੱਚ ਤੇਲ ਦੀ ਕਿੱਲਤ ਖਤਮ ਹੋਵੇਗੀ ਅਤੇ ਆਮ ਆਦਮੀ ਨੂੰ ਪੰਪਾਂ 'ਤੇ ਤੇਲ ਦੀ ਸਪਲਾਈ ਆਸਾਨੀ ਨਾਲ ਮਿਲੇਗੀ।
ਸਰਕਾਰ ਨੇ ਅਚਾਨਕ ਇਹ ਕਦਮ ਕਿਉਂ ਚੁੱਕਿਆ
ਇਹ ਫੈਸਲਾ 'ਵਿੰਡਫਾਲ ਟੈਕਸ ਫਰੇਮਵਰਕ' ਦਾ ਹਿੱਸਾ ਹੈ। ਇਸ ਦੇ ਪਿੱਛੇ ਮੁੱਖ ਕਾਰਨ ਇਹ ਹਨ।
ਘਰੇਲੂ ਸਪਲਾਈ ਨੂੰ ਯਕੀਨੀ ਬਣਾਉਣਾ: ਜਦੋਂ ਵਿਦੇਸ਼ਾਂ ਵਿੱਚ ਤੇਲ ਦੀਆਂ ਕੀਮਤਾਂ ਵਧਦੀਆਂ ਹਨ ਤਾਂ ਨਿਰਯਾਤਕ ਕੰਪਨੀਆਂ ਜ਼ਿਆਦਾ ਮੁਨਾਫੇ ਲਈ ਸਾਰਾ ਤੇਲ ਬਾਹਰ ਭੇਜਣ ਲੱਗਦੀਆਂ ਹਨ। ਟੈਕਸ ਵਧਣ ਨਾਲ ਹੁਣ ਉਹ ਪਹਿਲਾਂ ਭਾਰਤੀ ਬਾਜ਼ਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੀਆਂ।
ਮੁਨਾਫੇ 'ਤੇ ਲਗਾਮ: ਸਰਕਾਰ ਚਾਹੁੰਦੀ ਹੈ ਕਿ ਕੰਪਨੀਆਂ ਅੰਤਰਰਾਸ਼ਟਰੀ ਕੀਮਤਾਂ ਦੇ ਅੰਤਰ ਦਾ ਨਾਜਾਇਜ਼ ਫਾਇਦਾ ਨਾ ਉਠਾ ਸਕਣ।
ਪੈਟਰੋਲ ਨੂੰ ਛੋਟ ਕਿਉਂ? ਸਰਕਾਰ ਮੁਤਾਬਕ ਦੇਸ਼ ਕੋਲ ਪੈਟਰੋਲ ਦਾ ਲੋੜੀਂਦਾ ਭੰਡਾਰ ਮੌਜੂਦ ਹੈ, ਇਸ ਲਈ ਇਸ ਦੇ ਨਿਰਯਾਤ 'ਤੇ ਕੋਈ ਸਖ਼ਤੀ ਨਹੀਂ ਕੀਤੀ ਗਈ।