ਬਜਟ 2026 ਤੋਂ ਪਹਿਲਾਂ RBI ਦੇ ਸਾਬਕਾ ਗਵਰਨਰ ਦੀ ਚਿਤਾਵਨੀ : ਵਿੱਤ ਮੰਤਰੀ ਨੂੰ ਕਿਹਾ- ਇਨ੍ਹਾਂ ਖ਼ਤਰਨਾਕ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼
ਸੁੱਬਾਰਾਓ ਨੇ ਕਿਹਾ ਕਿ ਕੈਪੀਟਲ ਗੇਨ ਟੈਕਸ ਵਿੱਚ ਵਾਰ-ਵਾਰ ਕੀਤੇ ਗਏ ਬਦਲਾਅ ਸਰਕਾਰ ਦੀਆਂ ਨੀਤੀਆਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ। ਨਿਵੇਸ਼ਕ ਸਿਰਫ਼ ਮੁਨਾਫ਼ਾ ਹੀ ਨਹੀਂ, ਸਗੋਂ ਨੀਤੀਆਂ ਵਿੱਚ ਸਥਿਰਤਾ ਅਤੇ ਸਪੱਸ਼ਟਤਾ ਵੀ ਚਾਹੁੰਦੇ ਹਨ।
Publish Date: Wed, 28 Jan 2026 04:09 PM (IST)
Updated Date: Wed, 28 Jan 2026 04:19 PM (IST)
ਨਵੀਂ ਦਿੱਲੀ : ਆਮ ਬਜਟ 2026 ਤੋਂ ਪਹਿਲਾਂ ਭਾਰਤੀ ਰਿਜ਼ਰਵ ਬੈਂਕ (RBI) ਦੇ ਸਾਬਕਾ ਗਵਰਨਰ ਦੁਵਵੂਰੀ ਸੁੱਬਾਰਾਓ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇੱਕ ਚਿੱਠੀ ਲਿਖ ਕੇ ਅਰਥਵਿਵਸਥਾ ਦੀ ਮੌਜੂਦਾ ਹਾਲਤ ਬਾਰੇ ਸੁਚੇਤ ਕੀਤਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਬਾਜ਼ਾਰ ਵਿੱਚੋਂ ਵਿਦੇਸ਼ੀ ਨਿਵੇਸ਼ਕਾਂ ਦਾ ਲਗਾਤਾਰ ਪੈਸਾ ਕੱਢਣਾ (Capital Outflow) ਇੱਕ ਖ਼ਤਰਨਾਕ ਸੰਕੇਤ ਹੈ, ਜਿਸ ਨੂੰ ਸਰਕਾਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
1. ਨੀਤੀਆਂ ਦੀ ਭਰੋਸੇਯੋਗਤਾ 'ਤੇ ਸਵਾਲ
ਸੁੱਬਾਰਾਓ ਨੇ ਕਿਹਾ ਕਿ ਕੈਪੀਟਲ ਗੇਨ ਟੈਕਸ ਵਿੱਚ ਵਾਰ-ਵਾਰ ਕੀਤੇ ਗਏ ਬਦਲਾਅ ਸਰਕਾਰ ਦੀਆਂ ਨੀਤੀਆਂ ਦੀ ਭਰੋਸੇਯੋਗਤਾ ਨੂੰ ਕਮਜ਼ੋਰ ਕਰਦੇ ਹਨ। ਨਿਵੇਸ਼ਕ ਸਿਰਫ਼ ਮੁਨਾਫ਼ਾ ਹੀ ਨਹੀਂ, ਸਗੋਂ ਨੀਤੀਆਂ ਵਿੱਚ ਸਥਿਰਤਾ ਅਤੇ ਸਪੱਸ਼ਟਤਾ ਵੀ ਚਾਹੁੰਦੇ ਹਨ।
2. ਵਿਦੇਸ਼ੀ ਨਿਵੇਸ਼ਕਾਂ ਦੀ ਬਿਕਵਾਲੀ (FII Selling)
ਉਨ੍ਹਾਂ ਨੇ ਵਿੱਤ ਮੰਤਰੀ ਦਾ ਧਿਆਨ ਇਸ ਗੱਲ ਵੱਲ ਦਿਵਾਇਆ ਕਿ ਵਿਦੇਸ਼ੀ ਨਿਵੇਸ਼ਕ ਭਾਰਤੀ ਬਾਜ਼ਾਰ ਵਿੱਚੋਂ ਪੈਸਾ ਕੱਢ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਵਿਕਸਿਤ ਦੇਸ਼ਾਂ ਦੇ ਬਾਜ਼ਾਰਾਂ ਵਿੱਚ ਲਗਾ ਰਹੇ ਹਨ। ਇਹ ਭਾਰਤ ਲਈ ਇੱਕ 'ਸ਼ੁਰੂਆਤੀ ਚਿਤਾਵਨੀ' ਹੈ।
3. ਰੁਜ਼ਗਾਰ ਤੇ ਨਿਵੇਸ਼ 'ਚ ਸੁਸਤੀ
ਸਾਬਕਾ ਗਵਰਨਰ ਨੇ ਵਿਕਾਸ ਦੀ ਗੁਣਵੱਤਾ 'ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, ਨਿੱਜੀ ਨਿਵੇਸ਼ ਹਾਲੇ ਵੀ ਸੁਸਤ ਹੈ। ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਰਫ਼ਤਾਰ ਕਮਜ਼ੋਰ ਹੈ। ਮੈਨੂਫੈਕਚਰਿੰਗ ਸੈਕਟਰ ਉਮੀਦ ਅਨੁਸਾਰ ਲੇਬਰ ਨੂੰ ਆਕਰਸ਼ਿਤ ਨਹੀਂ ਕਰ ਸਕਿਆ।
4. 'ਵਿਕਸਿਤ ਭਾਰਤ' ਲਈ ਸਲਾਹ
ਉਨ੍ਹਾਂ ਮੁਤਾਬਕ 'ਵਿਕਸਿਤ ਭਾਰਤ' ਦਾ ਮਤਲਬ ਸਿਰਫ਼ ਪ੍ਰਤੀ ਵਿਅਕਤੀ ਆਮਦਨ ਵਧਾਉਣਾ ਨਹੀਂ ਹੈ, ਸਗੋਂ ਇਸ ਵਿੱਚ ਅਸਮਾਨਤਾ ਘਟਾਉਣਾ, ਮਨੁੱਖੀ ਪੂੰਜੀ (Human Capital) ਵਧਾਉਣਾ ਅਤੇ ਟਿਕਾਊ ਵਿਕਾਸ ਸ਼ਾਮਲ ਹੋਣਾ ਚਾਹੀਦਾ ਹੈ।