ਕਰੰਸੀ 'ਤੇ ਛਪਿਆ ਹੈ 1,00,00,000 ਪਰ ਕੀਮਤ 700 ਰੁਪਏ ਤੋਂ ਵੀ ਘੱਟ ! ਜਾਣੋ ਇਸ ਦੇਸ਼ ਨੇ ਕਿਉਂ ਜਾਰੀ ਕੀਤਾ 1 ਕਰੋੜ ਦਾ ਨੋਟ?
ਈਰਾਨ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਆਮ ਲੈਣ-ਦੇਣ ਲਈ ਵੀ ਬਹੁਤ ਜ਼ਿਆਦਾ ਨਕਦੀ (Cash) ਦੀ ਲੋੜ ਪੈ ਰਹੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਅਤੇ ਬਾਜ਼ਾਰ ਵਿੱਚ ਕਰੰਸੀ ਦੇ ਬੋਝ ਨੂੰ ਘਟਾਉਣ ਲਈ ਅਧਿਕਾਰੀਆਂ ਨੇ ਵੱਡੀ ਕੀਮਤ ਵਾਲੇ ਨੋਟ ਛਾਪਣ ਦਾ ਫੈਸਲਾ ਕੀਤਾ ਹੈ।
Publish Date: Sun, 22 Mar 2026 10:20 AM (IST)
Updated Date: Sun, 22 Mar 2026 10:29 AM (IST)
ਨਵੀਂ ਦਿੱਲੀ : ਈਰਾਨ ਨੇ 10 ਮਿਲੀਅਨ (1 ਕਰੋੜ) ਰਿਆਲ ਦਾ ਇੱਕ ਨੋਟ ਜਾਰੀ ਕੀਤਾ ਹੈ, ਜੋ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵੈਲਯੂ ਵਾਲੀ ਕਰੰਸੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਰਕਮ ਲਿਖੀ ਹੋਣ ਦੇ ਬਾਵਜੂਦ ਭਾਰਤੀ ਰੁਪਏ ਵਿੱਚ ਇਸ ਦੀ ਕੀਮਤ ਮਹਿਜ਼ 650 ਤੋਂ 700 ਰੁਪਏ ਦੇ (ਲਗਪਗ $7 ਡਾਲਰ) ਕਰੀਬ ਹੈ। ਇਹ ਨੋਟ ਈਰਾਨੀ ਕਰੰਸੀ ਵਿੱਚ ਆਈ ਭਾਰੀ ਗਿਰਾਵਟ ਦੀ ਜਿਉਂਦੀ-ਜਾਗਦੀ ਮਿਸਾਲ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਈਰਾਨ ਵਧਦੀ ਮਹਿੰਗਾਈ, ਕਮਜ਼ੋਰ ਹੁੰਦੇ ਰਿਆਲ ਅਤੇ ਅਮਰੀਕਾ-ਇਜ਼ਰਾਈਲ ਨਾਲ ਚੱਲ ਰਹੇ ਤਣਾਅ ਕਾਰਨ ਆਰਥਿਕ ਦਬਾਅ ਹੇਠ ਹੈ।
ਜ਼ਿਆਦਾ ਕੈਸ਼ ਦੀ ਲੋੜ ਕਿਉਂ ਪਈ?
ਈਰਾਨ ਵਿੱਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਇੰਨੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਆਮ ਲੈਣ-ਦੇਣ ਲਈ ਵੀ ਬਹੁਤ ਜ਼ਿਆਦਾ ਨਕਦੀ (Cash) ਦੀ ਲੋੜ ਪੈ ਰਹੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਅਤੇ ਬਾਜ਼ਾਰ ਵਿੱਚ ਕਰੰਸੀ ਦੇ ਬੋਝ ਨੂੰ ਘਟਾਉਣ ਲਈ ਅਧਿਕਾਰੀਆਂ ਨੇ ਵੱਡੀ ਕੀਮਤ ਵਾਲੇ ਨੋਟ ਛਾਪਣ ਦਾ ਫੈਸਲਾ ਕੀਤਾ ਹੈ।
ਲੋਕ ਬੈਂਕਾਂ 'ਚੋਂ ਕਢਵਾ ਰਹੇ ਹਨ ਪੈਸਾ
ਮੀਡੀਆ ਰਿਪੋਰਟਾਂ ਅਨੁਸਾਰ, ਈਰਾਨ ਵਿੱਚ ਲੋਕਾਂ ਵੱਲੋਂ ਬੈਂਕਾਂ ਵਿੱਚੋਂ ਨਕਦੀ ਕਢਵਾਉਣ ਦੀ ਦਰ ਵਿੱਚ ਭਾਰੀ ਵਾਧਾ ਹੋਇਆ ਹੈ। ਮੌਜੂਦਾ ਜੰਗੀ ਹਾਲਾਤ ਅਤੇ ਡਿਜੀਟਲ ਪੇਮੈਂਟ ਸਿਸਟਮ ਦੇ ਠੱਪ ਹੋਣ ਦੇ ਡਰੋਂ, ਲੋਕ ਆਪਣੇ ਕੋਲ ਨਕਦੀ ਰੱਖਣਾ ਸੁਰੱਖਿਅਤ ਸਮਝ ਰਹੇ ਹਨ। ਇਸੇ ਕਾਰਨ ਏ.ਟੀ.ਐਮ. (ATM) ਅਤੇ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ ਹਨ।
ਆਮ ਲੋਕਾਂ 'ਤੇ ਕੀ ਅਸਰ ਪੈ ਰਿਹਾ ਹੈ?
ਮਾਹਿਰਾਂ ਦਾ ਮੰਨਣਾ ਹੈ ਕਿ ਭਾਵੇਂ 1 ਕਰੋੜ ਰਿਆਲ ਦਾ ਨੋਟ ਵੇਖਣ ਵਿੱਚ ਬਹੁਤ ਵੱਡਾ ਲੱਗਦਾ ਹੈ ਪਰ ਡਾਲਰ ਦੇ ਮੁਕਾਬਲੇ ਇਸ ਦੀ ਨਿਗੂਣੀ ਕੀਮਤ ਦੇਸ਼ ਦੇ ਡੂੰਘੇ ਆਰਥਿਕ ਸੰਕਟ ਨੂੰ ਦਰਸਾਉਂਦੀ ਹੈ। ਮਹਿੰਗਾਈ ਕਾਰਨ ਲੋਕਾਂ ਦੀ ਖਰੀਦ ਸ਼ਕਤੀ ਲਗਾਤਾਰ ਘਟ ਰਹੀ ਹੈ। ਲੋਕਾਂ ਦੀਆਂ ਜਮਾਂ ਪੂੰਜੀਆਂ (Savings) ਦੀ ਵੈਲਯੂ ਦਿਨ-ਬ-ਦਿਨ ਡਿੱਗਦੀ ਜਾ ਰਹੀ ਹੈ, ਜਿਸ ਨਾਲ ਆਮ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਹੈ।
ਲੰਬੇ ਸਮੇਂ ਤੋਂ ਦਬਾਅ ਹੇਠ ਹੈ ਈਰਾਨ ਦੀ ਆਰਥਿਕਤਾ
ਅੰਤਰਰਾਸ਼ਟਰੀ ਪਾਬੰਦੀਆਂ, ਵਿਸ਼ਵ ਵਿੱਤੀ ਪ੍ਰਣਾਲੀਆਂ ਤੱਕ ਸੀਮਤ ਪਹੁੰਚ ਅਤੇ ਘਰੇਲੂ ਚੁਣੌਤੀਆਂ ਕਾਰਨ ਈਰਾਨ ਦੀ ਆਰਥਿਕਤਾ ਦਹਾਕਿਆਂ ਤੋਂ ਸੰਕਟ ਵਿੱਚ ਹੈ। ਹਾਲ ਹੀ ਵਿੱਚ ਵਧੇ ਖੇਤਰੀ ਤਣਾਅ ਨੇ ਇਨ੍ਹਾਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇੰਨੇ ਵੱਡੇ ਨੋਟਾਂ ਦੀ ਸ਼ੁਰੂਆਤ ਕਿਸੇ ਵੀ ਦੇਸ਼ ਲਈ ਇੱਕ ਗੰਭੀਰ ਆਰਥਿਕ ਚਿਤਾਵਨੀ ਹੁੰਦੀ ਹੈ।