ਸਪੀਡ ਕੈਮਰਾ ਚਾਲਾਨ ਦੇ ਨਾਮ 'ਤੇ ਹੋ ਰਹੀ ਸਾਈਬਰ ਠੱਗੀ
- फर्जी लिंक पर
Publish Date: Mon, 09 Feb 2026 12:03 AM (IST)
Updated Date: Mon, 09 Feb 2026 12:05 AM (IST)

- ਫਰਜ਼ੀ ਲਿੰਕ ਤੇ ਕਲਿਕ ਕਰਦੇ ਹੀ ਉੱਡ ਰਹੀ ਮਿਹਨਤ ਦੀ ਕਮਾਈ - ਮੁਲਜ਼ਮ ਮੈਸੇਜ ’ਚ ਵਾਹਨ ਨੰਬਰ ਦਾ ਵੀ ਕਰਦੇ ਨੇ ਜਿਕਰ ਸੁਕਰਾਂਤ, ਪੰਜਾਬੀ ਜਾਗਰਣ ਜਲੰਧਰ : ਜਲੰਧਰ ’ਚ ਸਪੀਡ ਕੈਮਰਾ ਚਾਲਾਨ ਦੇ ਨਾਂ ’ਤੇ ਫਰਜ਼ੀ ਮੈਸੇਜ ਭੇਜ ਕੇ ਸਾਈਬਰ ਅਪਰਾਧੀ ਲੋਕਾਂ ਦੇ ਖਾਤੇ ਖਾਲੀ ਕਰ ਰਹੇ ਹਨ। ਮੋਬਾਈਲ ਫੋਨ ਤੇ ਆਉਣ ਵਾਲਾ ਇੱਕ ਸਾਧਾਰਨ ਜਿਹਾ ਸੁਨੇਹਾ ‘ਏ ਸਪੀਡ ਕੈਮਰਾ ਫਲੈਗਡ ਯੂਅਰ ਵਾਹਨ ਫਾਰ ਸਪੀਡਿੰਗ’ ਲੋਕਾਂ ਲਈ ਵੱਡੀ ਪਰੇਸ਼ਾਨੀ ਬਣਦਾ ਜਾ ਰਿਹਾ ਹੈ। ਇਸ ਮੈਸੇਜ ਰਾਹੀਂ ਠੱਗ ਲੋਕਾਂ ਨੂੰ ਡਰਾਉਂਦੇ ਹਨ ਕਿ ਉਨ੍ਹਾਂ ਦੇ ਵਾਹਨ ਦਾ ਟ੍ਰੈਫਿਕ ਨਿਯਮ ਤੋੜਨ ’ਤੇ ਚਾਲਾਨ ਕੱਟਿਆ ਗਿਆ ਹੈ ਅਤੇ ਜੇਕਰ ਸਮੇਂ ’ਤੇ ਭੁਗਤਾਨ ਨਹੀਂ ਕੀਤਾ ਗਿਆ ਤਾਂ ਜੁਰਮਾਨਾ ਵਧ ਸਕਦਾ ਹੈ ਜਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਡਰ ਅਤੇ ਜਲਦੀ ਵਿਚ ਲੋਕ ਜਿਵੇਂ ਹੀ ਮੈਸੇਜ ਵਿਚ ਦਿੱਤੇ ਗਏ ਲਿੰਕ ਤੇ ਕਲਿਕ ਕਰਦੇ ਹਨ, ਉਹ ਸਿੱਧੇ ਇੱਕ ਫਰਜ਼ੀ ਵੈੱਬਸਾਈਟ ਤੇ ਪਹੁੰਚ ਜਾਂਦੇ ਹਨ। ਇਹ ਵੈੱਬਸਾਈਟ ਦੇਖਣ ਵਿਚ ਬਿਲਕੁਲ ਟ੍ਰੈਫਿਕ ਪੁਲਿਸ ਜਾਂ ਟਰਾਂਸਪੋਰਟ ਵਿਭਾਗ ਦੀ ਵੈੱਬਸਾਈਟ ਵਰਗੀ ਲੱਗਦੀ ਹੈ। ਲਿੰਕ ਖੋਲ੍ਹਣ ਵਾਲੇ ਦਾ ਮੋਬਾਈਲ ਹੈਂਗ ਹੋ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਬੈਂਕ ਖਾਤੇ ਸਾਫ਼ ਹੋ ਜਾਂਦੇ ਹਨ। ਸਾਈਬਰ ਠੱਗ ਇਸ ਤਰ੍ਹਾਂ ਦੇ ਮੈਸੇਜ ਜਾਣਬੁੱਝ ਕੇ ਅੰਗਰੇਜ਼ੀ ਭਾਸ਼ਾ ਵਿਚ ਭੇਜਦੇ ਹਨ, ਤਾਂ ਜੋ ਮੈਸੇਜ ਜ਼ਿਆਦਾ ਭਰੋਸੇਮੰਦ ਲੱਗੇ। ਕਈ ਵਾਰ ਮੈਸੇਜ ਵਿਚ ਵਾਹਨ ਨੰਬਰ ਦਾ ਜਿਕਰ ਵੀ ਕੀਤਾ ਜਾਂਦਾ ਹੈ, ਜਿਸ ਨਾਲ ਲੋਕਾਂ ਨੂੰ ਲੱਗਦਾ ਹੈ ਕਿ ਚਾਲਾਨ ਸੱਚਮੁੱਚ ਉਨ੍ਹਾਂ ਦੇ ਵਾਹਨ ਦਾ ਹੀ ਹੈ। ਜਿਵੇਂ ਹੀ ਕੋਈ ਵਿਅਕਤੀ ਲਿੰਕ ਖੋਲ੍ਹਦਾ ਹੈ, ਉਸ ਤੋਂ ਚਾਲਾਨ ਭਰਨ ਦੇ ਨਾਮ ਤੇ ਕੁਝ ਜਾਣਕਾਰੀਆਂ ਮੰਗੀਆਂ ਜਾਂਦੀਆਂ ਹਨ। ਇਨ੍ਹਾਂ ਵਿਚ ਬੈਂਕ ਖਾਤਾ ਨੰਬਰ, ਡੇਬਿਟ ਜਾਂ ਕ੍ਰੈਡਿਟ ਕਾਰਡ ਦੀ ਵਿਸਥਾਰ, ਸੀਵੀਵੀ ਨੰਬਰ ਜਾਂ ਓਟੀਪੀ ਸ਼ਾਮਲ ਹੋ ਸਕਦੇ ਹਨ। ਕੁਝ ਮਾਮਲਿਆਂ ਵਿਚ ਮੋਬਾਈਲ ਤੇ ਇੱਕ ਫਰਜ਼ੀ ਐਪ ਡਾਊਨਲੋਡ ਕਰਨ ਲਈ ਵੀ ਕਿਹਾ ਜਾਂਦਾ ਹੈ। ਜਿਵੇਂ ਹੀ ਵਿਅਕਤੀ ਇਹ ਜਾਣਕਾਰੀਆਂ ਦਰਜ ਕਰਦਾ ਹੈ, ਕੁਝ ਹੀ ਮਿੰਟਾਂ ਵਿਚ ਬੈਂਕ ਵਿਚ ਪਈ ਜਮ੍ਹਾਂਪੂੰਜੀ ਸਾਫ਼ ਕਰ ਦਿੱਤੀ ਜਾਂਦੀ ਹੈ। - ਸਾਈਬਰ ਠੱਗਾਂ ਨੇ ਦੋ ਲੋਕਾਂ ਕੋਲੋਂ 1.58 ਲੱਖ ਠੱਗੇ ਜਲੰਧਰ ਦੇ ਇੱਕ ਵਪਾਰੀ ਅਜੈ ਦੇ ਮੋਬਾਈਲ ਤੇ ਸਪੀਡ ਕੈਮਰਾ ਚਾਲਾਨ ਦਾ ਮੈਸੇਜ ਆਇਆ। ਮੈਸੇਜ ਵਿਚ ਲਿਖਿਆ ਸੀ ਕਿ ਉਨ੍ਹਾਂ ਦੇ ਵਾਹਨ ਦੀ ਰਫ਼ਤਾਰ ਨਿਰਧਾਰਿਤ ਸੀਮਾ ਤੋਂ ਵੱਧ ਪਾਈ ਗਈ ਹੈ ਅਤੇ 500 ਰੁਪਏ ਦਾ ਚਾਲਾਨ ਕੀਤਾ ਗਿਆ ਹੈ। ਵਪਾਰੀ ਨੇ ਬਿਨਾਂ ਸੋਚੇ-ਸਮਝੇ ਲਿੰਕ ਖੋਲ੍ਹਿਆ ਅਤੇ ਚਾਲਾਨ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਜਿਵੇਂ ਹੀ ਉਸ ਨੇ ਓਟੀਪੀ ਦਰਜ ਕੀਤਾ, ਕੁਝ ਹੀ ਪਲਾਂ ਵਿਚ ਉਸ ਦੇ ਬੈਂਕ ਖਾਤੇ ਤੋਂ 48 ਹਜ਼ਾਰ ਰੁਪਏ ਨਿਕਲ ਗਏ। ਇੱਥੋਂ ਤਕ ਕਿ ਇੱਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੇ ਨੌਜਵਾਨ ਨੂੰ ਵੀ ਅਜਿਹਾ ਹੀ ਮੈਸੇਜ ਮਿਲਿਆ। ਨੌਜਵਾਨ ਨੇ ਲਿੰਕ ਤੇ ਕਲਿਕ ਕਰ ਕੇ ਡੇਬਿਟ ਕਾਰਡ ਦੀ ਜਾਣਕਾਰੀ ਭਰ ਦਿੱਤੀ। ਕੁਝ ਹੀ ਦੇਰ ਵਿਚ ਉਸ ਦੇ ਖਾਤੇ ’ਚੋਂ 1.10 ਲੱਖ ਰੁਪਏ ਨਿਕਲ ਗਏ। - ਸਰਕਾਰੀ ਚਾਲਾਨ ਤੇ ਫਰਜ਼ੀ ਮੈਸੇਜ ’ਚ ਫਰਕ ਸਮਝਣਾ ਜ਼ਰੂਰੀ ਸਾਈਬਰ ਮਾਹਰઞ ਤਲਵਿੰਦਰ ਸਿੰਘ ਨੇ ਦੱਸਿਆ ਕਿ ਅਸਲੀ ਟ੍ਰੈਫਿਕ ਚਾਲਾਨ ਦੀ ਜਾਣਕਾਰੀ ਹਮੇਸ਼ਾ ਟਰਾਂਸਪੋਰਟ.ਜੀਓਵੀ.ਇਨ ਜਾਂ ਐੱਮਟਰਾਂਸਪੋਰਟ.ਜੀਓਵੀ.ਇਨ ਜਾਂ ਐੱਮ ਟਰਾਂਸਪੋਰਟ ਐਪ ’ਤੇ ਹੀ ਉਪਲਬਧ ਹੁੰਦੀ ਹੈ। ਸਰਕਾਰ ਕਦੇ ਵੀ ਮੈਸੇਜ ਭੇਜ ਕੇ ਲਿੰਕ ਰਾਹੀਂ ਬੈਂਕ ਜਾਂ ਕਾਰਡ ਦੀ ਜਾਣਕਾਰੀ ਨਹੀਂ ਮੰਗਦੀ। ਨਾ ਹੀ ਚਾਲਾਨ ਭਰਨ ਲਈ ਓਟੀਪੀ ਸਾਂਝਾ ਕਰਨ ਲਈ ਕਿਹਾ ਜਾਂਦਾ ਹੈ। ਫਰਜ਼ੀ ਮੈਸੇਜ ਵਿਚ ਅਕਸਰ ਲਿੰਕ ਦਾ ਯੂਆਰਐੱਲ ਸ਼ੱਕੀ ਹੁੰਦਾ ਹੈ, ਜਿਸ ਵਿਚ ਗਲਤ ਸਪੈਲਿੰਗ ਜਾਂ ਅਜੀਬ ਨਾਮ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਬਚੋ ਸਾਈਬਰ ਠੱਗੀ ਤੋਂ - ਕਿਸੇ ਵੀ ਅਣਜਾਣ ਜਾਂ ਸ਼ੱਕੀ ਲਿੰਕ ’ਤੇ ਕਲਿਕ ਨਾ ਕਰੋ। - ਟ੍ਰੈਫਿਕ ਚਾਲਾਨ ਦੀ ਜਾਣਕਾਰੀ ਸਿਰਫ਼ ਮਾਨਤਾ ਪ੍ਰਾਪਤ ਵੈੱਬਸਾਈਟ ਜਾਂ ਐਪ ’ਤੇ ਹੀ ਜਾਂਚੋ। - ਕਦੇ ਵੀ ਓਟੀਪੀ, ਕਾਰਡ ਨੰਬਰ, ਸੀਵੀਵੀ ਜਾਂ ਬੈਂਕ ਵਿਸਥਾਰ ਸਾਂਝਾ ਨਾ ਕਰੋ। - ਮੈਸੇਜ ਵਿਚ ਲਿਖੀਆਂ ਗੱਲਾਂ ਤੋਂ ਡਰੋ ਨਾ, ਪਹਿਲਾਂ ਉਸ ਦੀ ਸੱਚਾਈ ਜਾਂਚੋ। - ਸਾਈਬਰ ਹੈਲਪਲਾਈਨ ਨੰਬਰ 1930 ਤੇ ਜਾਂ ਸਾਈਬਰਕ੍ਰਾਈਮ.ਜੀਓਵੀ.ਇਨ ’ਤੇ ਆਨਲਾਈਨ ਸ਼ਿਕਾਇਤ ਕਰੋ। ਕੋਟਸ ਸਾਈਬਰ ਠੱਗੀ ਖ਼ਿਲਾਫ਼ ਪੁਲਿਸ ਮੁਹਿੰਮ ਚਲਾ ਰਹੀ ਹੈ। ਜ਼ਰੂਰੀ ਹੈ ਕਿ ਲੋਕ ਵੀ ਚੌਕਸ ਰਹਿਣ ਅਤੇ ਕਿਸੇ ਵੀ ਮੈਸੇਜ ਤੇ ਅੱਖਾਂ ਬੰਦ ਕਰ ਕੇ ਭਰੋਸਾ ਨਾ ਕਰਨ। ਥੋੜ੍ਹੀ ਜਿਹੀ ਜਾਗਰੂਕਤਾ ਅਤੇ ਸਮਝਦਾਰੀ ਤੁਹਾਡੀ ਮਿਹਨਤ ਦੀ ਕਮਾਈ ਨੂੰ ਸਾਈਬਰ ਠੱਗਾਂ ਤੋਂ ਬਚਾਅ ਸਕਦੀ ਹੈ। ਪਰੇਸ਼ਾਨੀ ਹੋਵੇ ਤਾਂ ਪੁਲਿਸ ਨੂੰ ਦੱਸੋ। ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।