- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਹਿਯੋਗ ਨਾਲ ਡ੍ਰੋਨ ਜ਼ਰੀਏ ਪੰਜਾਬ ’ਚ ਹਥਿਆਰ ਭੇਜ ਕੇ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਸ਼ਨਿਚਰਵਾਰ ਨੂੰ ਲਾਹੌਰ ’ਚ ਮੌਤ ਹੋ ਗਈ। ਹਾਲਾਂਕਿ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬਿਮਾਰੀ ਸੀ ਤੇ ਉਸ ਨੂੰ ਇਲਾਜ ਲਈ ਲਾਹੌਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ।

ਸਟੇਟ ਬਿਊਰੋ, ਚੰਡੀਗੜ੍ਹ : ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਹਿਯੋਗ ਨਾਲ ਡ੍ਰੋਨ ਜ਼ਰੀਏ ਪੰਜਾਬ ’ਚ ਹਥਿਆਰ ਭੇਜ ਕੇ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਸ਼ਨਿਚਰਵਾਰ ਨੂੰ ਲਾਹੌਰ ’ਚ ਮੌਤ ਹੋ ਗਈ। ਹਾਲਾਂਕਿ ਪੰਜਾਬ ਪੁਲਿਸ ਦੇ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬਿਮਾਰੀ ਸੀ ਤੇ ਉਸ ਨੂੰ ਇਲਾਜ ਲਈ ਲਾਹੌਰ ਦੇ ਇਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਕਿਸੇ ਦਵਾਈ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਉਹ ਪੰਜਾਬ ਪੁਲਿਸ ਨੂੰ ਕਈ ਅੱਤਵਾਦੀ ਵਾਰਦਾਤਾਂ ’ਚ ਲੁੜੀਂਦਾ ਸੀ। ਰਿੰਦਾ ਦੀ ਮੌਤ ਦੀ ਸੂਚਨਾ ਆਉਣ ਪਿੱਛੋਂ ਗੈਂਗਸਟਰ ਬੰਬੀਹਾ ਗਰੁੱਪ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਰਿੰਦਾ ਦੀ ਹੱਤਿਆ ਕਰਵਾਉਣ ਦਾ ਦਾਅਵਾ ਕੀਤਾ ਹੈ।
ਪੰਜਾਬ ’ਚ ਪਿਛਲੇ ਛੇ ਮਹੀਨਿਆਂ ਦੌਰਾਨ ਹੋਈਆਂ ਅੱਤਵਾਦੀ ਵਾਰਦਾਤਾਂ ਪਿੱਛੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦਾ ਹੀ ਹੱਥ ਸੀ। ਪੁਲਿਸ ਨੇ ਨਵਾਂਸ਼ਹਿਰ ’ਚ ਅਪਰਾਧ ਜਾਂਚ ਏਜੰਸੀ (ਸੀਆਈਏ) ਦਫ਼ਤਰ ’ਚ ਹੈਂਡ ਗ੍ਰਨੇਡ ਹਮਲੇ ’ਚ ਜਿਸ ਅੱਤਵਾਦੀ ਮਾਡਿਊਲ ਦਾ ਖ਼ੁਲਾਸਾ ਕੀਤਾ ਗਿਆ ਸੀ, ਉਸ ਨਾਲ ਜੁੜੇ ਮੁਲਜ਼ਮਾਂ ’ਚੋਂ ਇਕ ਨੇ ਪੁੱਛਗਿੱਛ ’ਚ ਇਹ ਮੰਨਿਆ ਸੀ ਕਿ ਉਸ ਨੇ ਰਿੰਦਾ ਦੇ ਨਿਰਦੇਸ਼ ’ਤੇ ਆਪਣੇ ਸਾਥੀਆਂ ਦੀ ਮਦਦ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਇਸੇ ਸਾਲ ਮੁਹਾਲੀ ’ਚ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ’ਚ ਵੀ ਰਿੰਦਾ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਸੀ। ਉਸ ਨੇ ਕੈਨੇਡਾ ’ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨਾਲ ਮਿਲ ਕੇ ਵੱਡਾ ਨੈੱਟਵਰਕ ਖੜ੍ਹਾ ਕਰ ਲਿਆ ਸੀ। ਰਿੰਦਾ ਖ਼ਿਲਾਫ਼ ਪੰਜਾਬ ’ਚ ਡੇਢ ਦਰਜਨ ਤੋਂ ਜ਼ਿਆਦਾ ਮਾਮਲੇ ਪੈਂਡਿੰਗ ਹਨ। ਰਿੰਦਾ ਭਾਰਤ ’ਚ ਬੀਕੇਆਈ ਦਾ ਹੈਂਡਲਰ ਸੀ। ਉਸ ਨੇ ਪੰਜਾਬ ’ਚ ਟਾਰਗੈਟ ਕਿਲਿੰਗ ਤੇ ਦਹਿਸ਼ਤ ਫੈਲਾਉਣ ਲਈ ਆਪਣੇ ਸਲੀਪਰ ਸੈੱਲ ਦੀ ਵਰਤੋਂ ਕੀਤੀ। ਪੰਜਾਬ ਪੁਲਿਸ ਦੇ ਅਧਿਕਾਰੀ ਰਿੰਦਾ ਦੀ ਮੌਤ ਹੋਣ ਦੀ ਗੱਲ ਤਾਂ ਮੰਨ ਰਹੇ ਹਨ ਪਰ ਸਰਕਾਰੀ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕਰ ਰਹੇ।
ਉੱਥੇ ਬੰਬੀਹਾ ਗਰੁੱਪ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਸ਼ੇਅਰ ਕਰ ਕੇ ਹਰਵਿੰਦਰ ਸਿੰਘ ਰਿੰਦਾ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗਰੁੱਪ ਨੇ ਪੋਸਟ ਪਾ ਕੇ ਦਾਅਵਾ ਕੀਤਾ ਹੈ ਕਿ ਰਿੰਦਾ ਦੀ ਹੱਤਿਆ ਕਰਵਾਈ ਗਈ ਹੈ। ਬੰਬੀਹਾ ਗਰੁੱਪ ਨੇ ਲਿਖਿਆ ਹੈ ਕਿ ਰਿੰਦਾ ਨੂੰ ਪਾਕਿਸਤਾਨ ’ਚ ਸੈੱਟ ਕਰਵਾਇਆ ਸੀ ਪਰ ਬਾਅਦ ’ਚ ਉਹ ਵਿਰੋਧੀ ਗਿਰੋਹ ਦੇ ਲੋਕਾਂ ਨਾਲ ਮਿਲ ਗਿਆ। ਉਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ’ਚ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦਾ ਸਾਥ ਦਿੱਤਾ ਸੀ।
ਬਾਲਿਗ ਹੋਣ ਤੋਂ ਪਹਿਲਾਂ ਹੀ ਉਤਰਿਆ ਅਪਰਾਧ ਦੀ ਦੁਨੀਆ ’ਚ, ਮੇਲੇ ’ਚ ਕੀਤੀ ਹੱਤਿਆ
ਪੁਲਿਸ ਰਿਕਾਰਡ ਮੁਤਾਬਕ, 14 ਸਾਲ ਪਹਿਲਾਂ 2008 ’ਚ ਰਿੰਦਾ ਨੇ ਮੇਲੇ ’ਚ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਦੇ ਟ੍ਰੈਕਟਰ ਹੇਠਾਂ ਆਏ ਚਿੱਕੜ ਦੀਆਂ ਛਿੱਟਾਂ ਰਿੰਦਾ ਦੇ ਕੱਪੜਿਆਂ ’ਤੇ ਡਿੱਗ ਗਈਆਂ ਸਨ। ਉਸ ਸਮੇਂ ਰਿੰਦਾ ਨਾਬਾਲਿਗ ਸੀ। ਜ਼ਿਲ੍ਹਾ ਤਰਨਤਾਰਨ ਦੇ ਪਿੰਡ ਪਖੋਪੁਰਾ ’ਚ ਰਿੰਦਾ ਦੇ ਨਾਨਕੇ ਹਨ ਤੇ ਉਹ ਮੂਲ ਤੌਰ ’ਤੇ ਹਜ਼ੂਰ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਹੱਤਿਆ ਤੋਂ ਬਾਅਦ ਉਹ ਨਾਂਦੇੜ ਸਾਹਿਬ ਚਲਾ ਗਿਆ। ਉੱਥੇ ਉਸ ਨੇ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ ਤੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ। ਮਹਾਰਾਸ਼ਟਰ ਪੁਲਿਸ ਦੇ ਦਬਾਅ ਕਾਰਨ ਹਰਵਿੰਦਰ ਵਾਪਸ ਪੰਜਾਬ ਆ ਗਿਆ। ਉਸ ਨੇ ਸੁਰੱਖਿਅਤ ਟਿਕਾਣੇ ਦੇ ਰੂਪ ’ਚ ਪੰਜਾਬ ਯੂਨੀਵਰਸਿਟੀ ਨੂੰ ਚੁਣਿਆ ਤੇ 2016 ’ਚ ਇਕ ਵਿਦਿਆਰਥੀ ਆਗੂ ’ਤੇ ਗੋਲ਼ੀ ਚਲਾਈ ਸੀ। ਇੱਥੇ ਉਹ ਦਿਲਪ੍ਰੀਤ ਸਿੰਘ ਬਾਬਾ, ਹਰਜਿੰਦਰ ਸਿੰਘ ਆਕਾਸ਼ ਤੇ ਹੋਰ ਅਪਰਾਧੀਆਂ ਦੇ ਸੰਪਰਕ ’ਚ ਆਇਆ। ਚੰਡੀਗੜ੍ਹ ਪੁਲਿਸ ਵੱਲੋਂ ਉਸ ਦੇ ਖ਼ਿਲਾਫ਼ ਹੱਤਿਆ, ਹੱਤਿਆ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਚਾਰ ਮਾਮਲੇ ਦਰਜ ਕੀਤੇ ਗਏ। ਰਿੰਦਾ ਨੇ ਇਕ ਐੱਸਐੱੱਚਓ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਸਾਲ 2017 ’ਚ ਪੰਜਾਬ ਪੁਲਿਸ ਨੂੰ ਕਰਨਾਟਕ ਦੇ ਬੈਂਗਲੁਰੂ ਦੇ ਇਕ ਹੋਟਲ ’ਚ ਰਿੰਦਾ ਦੇ ਆਪਣੀ ਪਤਨੀ ਹਰਪ੍ਰੀਤ ਕੌਰ ਨਾਲ ਮੌਜੂਦ ਹੋਣ ਦੀ ਸੂਚਨਾ ਮਿਲੀ ਤਾਂ ਉਹ ਕਮਰੇ ਦੀ ਖਿੜਕੀ ਤੋਂ ਛਾਲ ਮਾਰ ਕੇ ਭੱਜ ਗਿਆ। ਪੁਲਿਸ ਨੇ ਉਸ ਦੀ ਪਤਨੀ ਨੂੰ ਹਿਰਾਸਤ ’ਚ ਲੈ ਲਿਆ ਸੀ।
ਪਹਿਲਾਂ ਗਿਆ ਨੇਪਾਲ, ਫਿਰ ਫ਼ਰਜ਼ੀ ਪਾਸਪੋਰਟ ’ਤੇ ਪਹੁੰਚਿਆ ਪਾਕਿਸਤਾਨ
ਅਪ੍ਰੈਲ 2018 ’ਚ ਪੰਜਾਬੀ ਗਾਇਕ ਪਰਮੀਸ਼ ਵਰਮਾ ’ਤੇ ਹਮਲਾ ਕਰਨ ਤੋਂ ਬਾਅਦ ਰਿੰਦਾ ਪਹਿਲਾਂ ਨੇਪਾਲ ਗਿਆ ਤੇ ਉਸ ਤੋਂ ਬਾਅਦ ਫ਼ਰਜ਼ੀ ਪਾਸਪੋਰਟ ’ਤੇ ਪਾਕਿਸਤਾਨ ਚਲਾ ਗਿਆ। ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨਾਲ ਮਿਲ ਕੇ ਰਿੰਦਾ ਨੇ ਨਾਮੀ ਗੈਂਗਸਟਰਾਂ, ਅੰਤਰਰਾਸ਼ਟਰੀ ਤਸਕਰਾਂ, ਖ਼ਾਲਿਸਤਾਨ ਸਮਰਥਕਾਂ ਦਾ ਗਠਜੋੜ ਵੀ ਬਣਾ ਲਿਆ ਸੀ।