- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਾਫ਼ ਕਿਹਾ ਹੈ ਕਿ ਅਗਲੇ 30 ਦਿਨਾਂ ਤਕ ਇਹ ਰਸਤਾ ਪੂਰੀ ਤਰ੍ਹਾਂ ਈਰਾਨ ਦੀ ਨਿਗਰਾਨੀ ਤੇ ਮੈਨੇਜਮੈਂਟ 'ਚ ਰਹੇਗਾ। ਇਸ ਵਿਚ ਕਿਸੇ ਹੋਰ ਦੇਸ਼ ਦਾ ਦਖ਼ਲ ਬਰਦਾਸ਼ਤ ਨਹੀਂ ਹੋਵੇਗਾ।

ਡਿਜੀਟਲ ਡੈਸਕ, ਨਵੀਂ ਦਿੱਲੀ : ਪੱਛਮੀ ਏਸ਼ੀਆ 'ਚ ਮਹੀਨਿਆਂ ਤੋਂ ਜਾਰੀ ਭਿਆਨਕ ਜੰਗ ਨੂੰ ਰੋਕਣ ਲਈ 17 ਜੂਨ ਨੂੰ ਅਮਰੀਕਾ ਤੇ ਈਰਾਨ ਵਿਚਾਲੇ 14 ਬਿੰਦੂਆਂ ਦਾ ਇਕ ਵੱਡਾ ਸ਼ਾਂਤੀ ਸਮਝੌਤਾ ਹੋਇਆ ਸੀ। ਲੱਗਿਆ ਕਿ ਹੁਣ ਸ਼ਾਂਤੀ ਹੋ ਜਾਵੇਗੀ, ਪਰ ਕੁਝ ਹੀ ਦਿਨਾਂ 'ਚ ਦੋਵਾਂ ਦੇਸ਼ਾਂ ਨੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤੇ 'ਹੋਰਮੁਜ਼ ਸਟ੍ਰੇਟ' ਵਿਚ ਇਕ-ਦੂਜੇ 'ਤੇ ਮਿਜ਼ਾਈਲਾਂ ਦਾਗ ਦਿੱਤੀਆਂ। ਇੰਨਾ ਹੀ ਨਹੀਂ, 14 ਬਿੰਦੂਆਂ ਵਾਲੇ ਇਸ ਸਮਝੌਤੇ ਤੋਂ ਬਾਅਦ ਦੋਵੇਂ ਧਿਰਾਂ ਇਕ-ਦੂਜੇ 'ਤੇ ਸਮਝੌਤੇ ਦੇ 'ਆਰਟੀਕਲ-5' ਨੂੰ ਤੋੜਨ ਦਾ ਦੋਸ਼ ਲਗਾ ਰਹੀਆਂ ਹਨ।
ਹੁਣ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਆਖ਼ਰ ਇਹ 'ਆਰਟੀਕਲ-5' ਕੀ ਹੈ? ਇਸ ਵਿਚ ਕੀ ਲਿਖਿਆ ਹੈ ਅਤੇ ਕਿਉਂ ਇਹ ਦੋਵਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਮਝੌਤੇ ਨੂੰ ਖ਼ਤਮ ਕਰ ਕੇ ਨਵੇਂ ਤਣਾਅ ਦੀ ਸਭ ਤੋਂ ਵੱਡੀ ਵਜ੍ਹਾ ਬਣ ਕੇ ਸਾਹਮਣੇ ਆ ਰਿਹਾ ਹੈ। ਆਓ ਜਾਣਦੇ ਹਾਂ।
ਦੱਸ ਦੇਈਏ ਕਿ ਅਮਰੀਕਾ ਤੇ ਈਰਾਨ ਵਿਚਾਲੇ ਹੋਏ 14 ਨੁਕਤਿਆਂ ਦੇ ਇਸ ਸਮਝੌਤੇ ਦਾ ਮੁੱਖ ਮਕਸਦ ਅਗਲੇ 60 ਦਿਨਾਂ 'ਚ ਇਕ ਸਥਾਈ ਸ਼ਾਂਤੀ ਸਮਝੌਤੇ ਤਕ ਪਹੁੰਚਣਾ ਹੈ। ਇਸਦੇ ਬਦਲੇ ਅਮਰੀਕਾ, ਈਰਾਨ 'ਤੇ ਲੱਗੀਆਂ ਆਰਥਿਕ ਪਾਬੰਦੀਆਂ ਹਟਾਏਗਾ ਤੇ ਈਰਾਨ ਦੁਨੀਆ ਲਈ 'ਹੋਰਮੁਜ਼ ਸਟ੍ਰੇਟ' ਦਾ ਰਾਹ ਖੋਲ੍ਹੇਗਾ। ਹੁਣ ਇਸ ਪੂਰੇ ਸਮਝੌਤੇ ਦੀ ਸਭ ਤੋਂ ਅਹਿਮ ਕੜੀ 'ਆਰਟੀਕਲ-5' ਹੈ, ਜਿਸ ਵਿਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਚਾਰ ਵੱਡੀਆਂ ਗੱਲਾਂ ਕਹੀਆਂ ਗਈਆਂ ਹਨ। ਆਓ ਜਾਣਦੇ ਹਾਂ:
ਸੁਰੱਖਿਅਤ ਤੇ ਮੁਫ਼ਤ ਰਸਤਾ: ਸਮਝੌਤੇ ਤੋਂ ਬਾਅਦ ਈਰਾਨ ਅਗਲੇ 60 ਦਿਨਾਂ ਤਕ ਵਪਾਰਕ ਜਹਾਜ਼ਾਂ ਨੂੰ ਸੁਰੱਖਿਅਤ ਰਸਤਾ ਦੇਵੇਗਾ। ਇਸਦੇ ਲਈ ਜਹਾਜ਼ਾਂ ਕੋਲੋਂ ਕੋਈ ਟੈਕਸ ਜਾਂ ਫੀਸ (ਟੋਲ) ਨਹੀਂ ਲਈ ਜਾਵੇਗੀ। ਇਹ ਨਿਯਮ ਫ਼ਾਰਸ ਦੀ ਖਾੜੀ ਤੋਂ ਓਮਾਨ ਦੀ ਖਾੜੀ ਤਕ ਆਉਣ-ਜਾਣ ਵਾਲੇ ਜਹਾਜ਼ਾਂ 'ਤੇ ਲਾਗੂ ਹੋਵੇਗਾ।
30 ਦਿਨਾਂ 'ਚ ਬਾਰੂਦੀ ਸੁਰੰਗਾਂ ਹਟਾਉਣਾ: ਵਪਾਰਕ ਜਹਾਜ਼ਾਂ ਦੀ ਆਵਾਜਾਈ ਤੁਰੰਤ ਸ਼ੁਰੂ ਹੋਵੇਗੀ। ਰਸਤੇ 'ਚ ਈਰਾਨ ਨੇ ਜੋ ਸਮੁੰਦਰੀ ਬਾਰੂਦੀ ਸੁਰੰਗਾਂ ਵਿਛਾਈਆਂ ਹਨ ਅਤੇ ਜੋ ਫ਼ੌਜੀ ਰੁਕਾਵਟਾਂ ਖੜ੍ਹੀਆਂ ਕੀਤੀਆਂ ਹਨ, ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਪੂਰੀ ਹੋਣੀ ਸਾਫ਼ ਕਰਨਾ ਹੋਵੇਗਾ।
ਓਮਾਨ ਨਾਲ ਗੱਲਬਾਤ: ਈਰਾਨ, ਓਮਾਨ ਦੇਸ਼ ਨਾਲ ਮਿਲ ਕੇ ਗੱਲ ਕਰੇਗਾ ਤਾਂ ਜੋ ਭਵਿੱਖ 'ਚ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਤੇ ਕੰਮਕਾਜ ਦਾ ਢਾਂਚਾ ਮਿਲ ਕੇ ਤੈਅ ਕੀਤਾ ਜਾ ਸਕੇ।
ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ: ਇਸ ਪੂਰੇ ਮਾਮਲੇ 'ਤੇ ਖਾੜੀ ਦੇ ਹੋਰਨਾਂ ਦੇਸ਼ਾਂ ਨਾਲ ਵੀ ਚਰਚਾ ਹੋਵੇਗੀ ਤੇ ਸਭ ਕੁਝ ਅੰਤਰਰਾਸ਼ਟਰੀ ਨਿਯਮਾਂ ਤੇ ਦੇਸ਼ਾਂ ਦੇ ਪ੍ਰਭੂਸੱਤਾ ਅਧਿਕਾਰਾਂ ਦੇ ਦਾਇਰੇ 'ਚ ਹੋਵੇਗਾ।
ਹੁਣ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਤਾਂ ਹੋ ਗਿਆ ਪਰ 'ਹੋਰਮੁਜ਼ ਸਟ੍ਰੇਟ 'ਤੇ ਕੰਟਰੋਲ' ਨੂੰ ਲੈ ਕੇ ਦੋਵਾਂ ਦੇਸ਼ਾਂ ਦੀ ਸੋਚ ਵੱਖ-ਵੱਖ ਹੈ। ਕਾਰਨ ਹੈ ਕਿ ਈਰਾਨ ਚਾਹੁੰਦਾ ਹੈ ਕਿ ਇਸ ਰਸਤੇ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਉਹ 'ਟੋਲ ਟੈਕਸ' ਵਸੂਲੇ।
ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਸਾਫ਼ ਕਿਹਾ ਹੈ ਕਿ ਅਗਲੇ 30 ਦਿਨਾਂ ਤਕ ਇਹ ਰਸਤਾ ਪੂਰੀ ਤਰ੍ਹਾਂ ਈਰਾਨ ਦੀ ਨਿਗਰਾਨੀ ਤੇ ਮੈਨੇਜਮੈਂਟ 'ਚ ਰਹੇਗਾ। ਇਸ ਵਿਚ ਕਿਸੇ ਹੋਰ ਦੇਸ਼ ਦਾ ਦਖ਼ਲ ਬਰਦਾਸ਼ਤ ਨਹੀਂ ਹੋਵੇਗਾ।
ਦੂਜੇ ਪਾਸੇ ਅਮਰੀਕਾ ਅਤੇ ਖਾੜੀ ਦੇ ਹੋਰ ਦੇਸ਼ ਈਰਾਨ ਨੂੰ ਟੋਲ ਟੈਕਸ ਦੇਣ ਦੇ ਸਖ਼ਤ ਖ਼ਿਲਾਫ਼ ਹਨ, ਕਿਉਂਕਿ ਦੁਨੀਆ ਦੇ ਤੇਲ ਅਤੇ ਗੈਸ ਬਰਾਮਦ ਦਾ ਇਕ ਬਹੁਤ ਵੱਡਾ ਹਿੱਸਾ ਇਸੇ ਰਸਤੇ ਤੋਂ ਲੰਘਦਾ ਹੈ।
ਇਸ ਗੱਲ ਨੂੰ ਇੰਝ ਸਮਝੋ ਕਿ ਕਾਗਜ਼ਾਂ 'ਤੇ ਹੋਇਆ ਇਹ ਸਮਝੌਤਾ ਜ਼ਮੀਨ 'ਤੇ ਦੋ ਹਫ਼ਤੇ ਵੀ ਨਹੀਂ ਟਿਕ ਸਕਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ। ਵੀਰਵਾਰ ਨੂੰ ਪਹਿਲਾ ਹਮਲਾ ਈਰਾਨ ਵੱਲੋਂ ਕੀਤਾ ਗਿਆ, ਜਿੱਥੇ ਤਹਿਰਾਨ ਵੱਲੋਂ ਦਾਗੀ ਗਈ ਇਕ ਮਿਜ਼ਾਈਲ ਹੋਰਮੁਜ਼ ਸਟ੍ਰੇਟ 'ਚ ਇਕ ਵਪਾਰਕ ਮਾਲਵਾਹਕ ਜਹਾਜ਼ 'ਤੇ ਜਾ ਲੱਗੀ।
ਹੁਣ ਅਮਰੀਕਾ ਤਾਂ ਅਮਰੀਕਾ ਹੈ, ਈਰਾਨ ਦੇ ਇਸ ਹਮਲੇ ਦੇ ਜਵਾਬ 'ਚ ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਈਰਾਨ 'ਤੇ ਕਈ ਹਵਾਈ ਹਮਲੇ ਕੀਤੇ ਤੇ ਕਿਹਾ ਕਿ ਉਹ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਲਈ ਜਵਾਬੀ ਕਾਰਵਾਈ ਕਰ ਰਹੇ ਹਨ।
ਇਸ ਤੋਂ ਬਾਅਦ ਈਰਾਨ ਨੇ ਗੁੱਸੇ 'ਚ ਆ ਕੇ ਕੁਵੈਤ ਅਤੇ ਬਹਿਰੀਨ ਵਿੱਚ ਬਣੇ ਅਮਰੀਕੀ ਫ਼ੌਜੀ ਟਿਕਾਣਿਆਂ 'ਤੇ ਮਿਜ਼ਾਈਲਾਂ ਦਾਗ ਦਿੱਤੀਆਂ। ਹਾਲਾਂਕਿ, ਅਮਰੀਕਾ ਦਾ ਦਾਅਵਾ ਹੈ ਕਿ ਇਹ ਮਿਜ਼ਾਈਲਾਂ ਆਪਣੇ ਨਿਸ਼ਾਨੇ 'ਤੇ ਨਹੀਂ ਲੱਗੀਆਂ ਅਤੇ ਕੋਈ ਨੁਕਸਾਨ ਨਹੀਂ ਹੋਇਆ।
ਇਸ ਪੂਰੇ ਵਿਵਾਦ ਦਾ ਇਕ ਸਿਰਾ ਲਿਬਨਾਨ ਨਾਲ ਵੀ ਜੁੜਿਆ ਹੈ। ਅਮਰੀਕਾ ਨੇ ਇਜ਼ਰਾਈਲ ਅਤੇ ਲਿਬਨਾਨ ਵਿਚਾਲੇ ਵੀ ਇਕ ਸ਼ਾਂਤੀ ਸਮਝੌਤਾ ਕਰਵਾਇਆ ਹੈ, ਪਰ ਲਿਬਨਾਨ ਦਾ ਈਰਾਨ-ਸਮਰਥਿਤ ਸੰਗਠਨ 'ਹਿਜ਼ਬੁੱਲ੍ਹਾ' ਇਸ ਸਮਝੌਤੇ ਨੂੰ ਨਹੀਂ ਮੰਨ ਰਿਹਾ।
ਹਾਲ ਹੀ 'ਚ ਇਜ਼ਰਾਈਲ ਨੇ ਲਿਬਨਾਨ 'ਚ ਹਿਜ਼ਬੁੱਲ੍ਹਾ ਦੀ 200 ਮੀਟਰ ਲੰਬੀ ਹਥਿਆਰਾਂ ਨਾਲ ਭਰੀ ਸੁਰੰਗ ਨੂੰ ਉਡਾ ਦਿੱਤਾ। ਈਰਾਨ ਦਾ ਸਾਫ਼ ਕਹਿਣਾ ਹੈ ਕਿ ਜਦੋਂ ਤਕ ਲਿਬਨਾਨ ਤੇ ਹਿਜ਼ਬੁੱਲ੍ਹਾ ਦੇ ਖ਼ਿਲਾਫ਼ ਜੰਗ ਪੂਰੀ ਤਰ੍ਹਾਂ ਨਹੀਂ ਰੁਕਦੀ, ਉਦੋਂ ਤਕ ਅਮਰੀਕਾ ਨਾਲ ਵੱਡੀ ਸ਼ਾਂਤੀ ਡੀਲ ਮੁਮਕਿਨ ਨਹੀਂ ਹੈ।
ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ, ਪਿਛਲੇ ਕੁਝ ਦਿਨਾਂ ਦੇ ਹਮਲਿਆਂ ਤੋਂ ਬਾਅਦ ਹੁਣ ਅਮਰੀਕਾ ਅਤੇ ਈਰਾਨ ਫਿਲਹਾਲ ਫ਼ੌਜੀ ਕਾਰਵਾਈ ਰੋਕਣ 'ਤੇ ਸਹਿਮਤ ਹੋ ਗਏ ਹਨ। ਇਕ ਅਮਰੀਕੀ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਜਹਾਜ਼ ਬਿਨਾਂ ਕਿਸੇ ਰੁਕਾਵਟ ਦੇ ਹੋਰਮੁਜ਼ ਸਟ੍ਰੇਟ ਤੋਂ ਆ-ਜਾ ਸਕਣਗੇ ਅਤੇ ਯੁੱਧ ਨੂੰ ਖ਼ਤਮ ਕਰਨ ਲਈ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਫਿਰ ਤੋਂ ਸ਼ੁਰੂ ਹੋਵੇਗੀ। ਹਾਲਾਂਕਿ, ਈਰਾਨ ਨੇ ਅਜੇ ਤਕ ਇਸ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।