- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਇਕਬਾਲ ਉਨ੍ਹਾਂ ਜ਼ਖ਼ਮਾਂ ਨੂੰ ਵੀ ਹਰਾ ਕਰਦਾ ਹੈ ਜੋ 40 ਸਾਲ ਪਹਿਲਾਂ ਏਅਰ ਇੰਡੀਆ ਫਲਾਈਟ 182 ’ਤੇ ਹੋਏ ਅੱਤਵਾਦੀ ਹਮਲੇ ਨੇ ਦਿੱਤੇ ਸਨ। ਜਿਸ ’ਚ 329 ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ ਸੀ।

ਓਟਾਵਾ (ਏਐੱਨਆਈ) : ਕੈਨੇਡਾ ਦੀ ਸੁਰੱਖਿਆ ਏਜੰਸੀ ‘ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ’ (ਸੀਐੱਸਆਈਐੱਸ) ਦੀ ਸਾਲ 2025 ਦੀ ਸਾਲਾਨਾ ਰਿਪੋਰਟ ਨੇ ਇਕ ਵਾਰ ਮੁੜ ਅੰਤਰਰਾਸ਼ਟਰੀ ਸਿਆਸਤ ’ਚ ਹਲਚਲ ਪੈਦਾ ਕਰ ਦਿੱਤੀ ਹੈ। ਕੈਨੇਡੀਅਨ ਸੰਸਦ ’ਚ ਪੇਸ਼ ਕੀਤੀ ਗਈ ਇਸ ਰਿਪੋਰਟ ’ਚ ਸਪੱਸ਼ਟ ਰੂਪ ਨਾਲ ਸਵੀਕਾਰ ਕੀਤਾ ਗਿਆ ਹੈ ਕਿ ਕੈਨੇਡਾ ’ਚ ਸਰਗਰਮ ਖ਼ਾਲਿਸਤਾਨੀ ਤੱਤ ਦੇਸ਼ ਦੀ ਰਾਸ਼ਟਰੀ ਸੁਰੱਖਿਆ ਲਈ ਇਕ ਗੰਭੀਰ ਤੇ ਲਗਾਤਾਰ ਖ਼ਤਰਾ ਬਣੇ ਹੋਏ ਹਨ। ਇਹ ਇਕਬਾਲ ਉਨ੍ਹਾਂ ਜ਼ਖ਼ਮਾਂ ਨੂੰ ਵੀ ਹਰਾ ਕਰਦਾ ਹੈ ਜੋ 40 ਸਾਲ ਪਹਿਲਾਂ ਏਅਰ ਇੰਡੀਆ ਫਲਾਈਟ 182 ’ਤੇ ਹੋਏ ਅੱਤਵਾਦੀ ਹਮਲੇ ਨੇ ਦਿੱਤੇ ਸਨ। ਜਿਸ ’ਚ 329 ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ ਸੀ।
ਰਿਪੋਰਟ ਮੁਤਾਬਕ, ਕੈਨੇਡਾ ਸਥਿਤ ਖ਼ਾਲਿਸਤਾਨੀ ਕੱਟੜਪੰਥੀ (ਸੀਬੀਕੇਈ) ਸਮੂਹ ਅੱਜ ਵੀ ਹਿੰਸਕ ਅੱਤਵਾਦੀ ਏਜੰਡੇ ਨੂੰ ਉਤਸ਼ਾਹ ਦੇ ਰਹੇ ਹਨ। ਚਿੰਤਾਜਨਕ ਤੱਥ ਇਹ ਹੈ ਕਿ ਇਹ ਤੱਤ ਕੈਨੇਡੀਅਨ ਸੰਸਥਾਨਾਂ ਦਾ ਲਾਭ ਉਠਾ ਰਹੇ ਹਨ ਤੇ ਸਮੂਹ ਦੇ ਅਣਪਛਾਤੇ ਲੋਕਾਂ ਤੋਂ ਧਨ ਇਕੱਠਾ ਕਰ ਕੇ ਉਸ ਨੂੰ ਹਿੰਸਕ ਸਰਗਰਮੀਆਂ ਵੱਲ ਮੋੜ ਰਹੇ ਹਨ। ਰਿਪੋਰਟ ’ਚ ਚਿਤਾਵਨੀ ਦਿੱਤੀ ਗਈ ਹੈ ਕਿ ਇਨ੍ਹਾਂ ਸਮੂਹਾਂ ਦੀ ਸਰਗਰਮੀ ਨਾ ਸਿਰਫ਼ ਕੈਨੇਡਾ ਦੇ ਅੰਦਰ, ਬਲਕਿ ਆਲਮੀ ਪੱਧਰ ’ਤੇ ਕੈਨੇਡੀਅਨ ਹਿਤਾਂ ਲਈ ਜੋਖ਼ਮ ਪੈਦਾ ਕਰ ਰਹੀ ਹੈ। ਹਾਲਾਂਕਿ, ਰਿਪੋਰਟ ’ਚ ਇਹ ਵੀ ਦਰਜ ਹੈ ਕੇ 2025 ’ਚ ਕੈਨੇਡਾ ਦੀ ਧਰਤੀ ’ਤੇ ਕੋਈ ਵੱਡਾ ਖ਼ਾਲਿਸਤਾਨੀ ਹਮਲਾ ਨਹੀਂ ਹੋਇਆ ਹੈ।
ਇਕ ਪਾਸੇ ਜਿੱਥੇ ਖੁਫ਼ੀਆਂ ਰਿਪੋਰਟ ਚੀਨ, ਰੂਸ ਤੇ ਭਾਰਤ ਵਰਗੇ ਦੇਸ਼ਾਂ ’ਤੇ ਕੈਨੇਡੀਅਨ ਸਿਆਸਤ ’ਚ ਦਖ਼ਲ ਤੇ ਜਾਸੂਸੀ ਦੇ ਦੋਸ਼ ਲਾ ਰਹੀ ਹੈ। ਉਥੇ ਦੂਜੇ ਪਾਸੇ ਕੈਨੇਡਾ ਦੀ ਸਿਆਸੀ ਲੀਡਰਸ਼ਿਪ ਦੇ ਸੁਰ ਬਦਲਦੇ ਨਜ਼ਰ ਆ ਰਹੇ ਹਨ। ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਕਾਰਜਭਾਰ ਸੰਭਾਲਣ ਤੋਂ ਬਾਅਦ ਭਾਰਤ ਤੇ ਕੈਨੇਡਾ ਦੇ ਰਿਸ਼ਤਿਆਂ ’ਚ ਜੰਮੀ ਬਰਫ਼ ਪਿਘਲਦੀ ਦਿਖਾਈ ਦੇ ਰਹੀ ਹੈ।
ਪਿਛਲੇ ਦਿਨੀਂ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਦੇ ਕਮਿਸ਼ਨਰ ਮਾਈਕ ਡੁਹੇਮ ਨੇ ਇਕ ਇੰਟਰਵਿਊ ’ਚ ਸਪੱਸ਼ਟ ਕੀਤਾ ਕਿ ਫ਼ਿਲਹਾਲ ਕੈਨੇਡਾ ਦੀ ਧਰਤੀ ’ਤੇ ਹੋ ਰਹੇ ਅਪਰਾਧਾਂ ਦੇ ਤਾਰ ਕਿਸੇ ਵਿਦੇਸ਼ੀ ਇਕਾਈ ਜਾਂ ਭਾਰਤ ਸਰਕਾਰ ਨਾਲ ਸਿੱਧੇ ਨਹੀਂ ਜੁੜ ਰਹੇ ਹਨ। ਭਾਰਤ ਨੇ ਵੀ ਕੈਨੇਡਾ ਵੱਲੋਂ ਲਾਏ ਗਏ ਪੁਰਾਣੇ ਦੋਸ਼ਾਂ ਨੂੰ ਹਮੇਸ਼ਾ ‘ਸਿਆਸਤ ਤੋਂ ਪ੍ਰੇਰਿਤ’ ਦੱਸ ਕੇ ਖ਼ਾਰਜ ਕੀਤਾ ਹੈ। ਮੌਜੂਦਾ ਹਾਲਾਤ ’ਚ, ਸੁਰੱਖਿਆ ਚਿੰਤਾਵਾਂ ਤੇ ਕੂਟਨੀਤਕ ਸੁਧਾਰਾਂ ਵਿਚਾਲੇ ਕੈਨੇਡਾ ਇਕ ਚੁਣੌਤੀਪੂਰਨ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।