- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਕੇ ਤੋਂ 21 ਅਤੇ 25 ਸਾਲ ਦੇ ਦੋ ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਉੱਤੇ ਵਪਾਰਕ ਮਾਤਰਾ ਵਿੱਚ ਕੋਕੀਨ ਰੱਖਣ ਦੇ ਦੋਸ਼ ਲਗਾਏ ਗਏ ਹਨ ਅਤੇ ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ।

ਖੁਸ਼ਪ੍ਰੀਤ ਸਿੰਘ ਸੁਨਾਮ, ਮੈਲਬੌਰਨ : ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਨੇ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਕੋਕੀਨ ਬਰਾਮਦਗੀ ਕਰਦਿਆਂ 2.7 ਟਨ ਕੋਕੀਨ ਜ਼ਬਤ ਕੀਤੀ ਹੈ। ਇਸ ਦੀ ਅੰਦਾਜ਼ਨ ਬਜ਼ਾਰੀ ਕੀਮਤ 816 ਮਿਲੀਅਨ ਆਸਟ੍ਰੇਲੀਆਈ ਡਾਲਰ ਦੇ ਕਰੀਬ ਦੱਸੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਖੇਪ ਆਸਟ੍ਰੇਲੀਆ ਦੇ ਗੈਰ ਕਾਨੂੰਨੀ ਨਸ਼ਾ ਬਾਜ਼ਾਰ ਵਿੱਚ ਵੱਡੇ ਪੱਧਰ ’ਤੇ ਸਪਲਾਈ ਲਈ ਤਿਆਰ ਕੀਤੀ ਗਈ ਸੀ ਪਰ ਸਮੇਂ ਸਿਰ ਕੀਤੀ ਕਾਰਵਾਈ ਨੇ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ।
ਇਹ ਕੋਕੀਨ ਨਿਊ ਸਾਊਥ ਵੇਲਜ਼ ਦੇ ਲੰਡਨਡੈਰੀ ਇਲਾਕੇ ਵਿੱਚ ਇੱਕ ਜਾਇਦਾਦ ਤੇ ਤਿੰਨ ਸ਼ਿਪਿੰਗ ਕੰਟੇਨਰਾਂ ਹੇਠਾਂ ਬਣਾਏ ਗਏ ਗੁਪਤ ਬੰਕਰਾਂ ਵਿੱਚ ਲੁਕਾਈ ਗਈ ਸੀ। ਜਾਂਚ ਦੌਰਾਨ ਮਿੱਟੀ ਦੀ ਤਾਜ਼ਾ ਖੁਦਾਈ ਦੇ ਨਿਸ਼ਾਨਾਂ ਤੋਂ ਸ਼ੱਕ ਪੈਦਾ ਹੋਇਆ, ਜਿਸ ਤੋਂ ਬਾਅਦ ਪੁਲਿਸ ਨੇ ਇਹ ਵੱਡਾ ਭੰਡਾਰ ਬਰਾਮਦ ਕਰ ਲਿਆ।
ਮੌਕੇ ਤੋਂ 21 ਅਤੇ 25 ਸਾਲ ਦੇ ਦੋ ਸਿਡਨੀ ਨਿਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਉੱਤੇ ਵਪਾਰਕ ਮਾਤਰਾ ਵਿੱਚ ਕੋਕੀਨ ਰੱਖਣ ਦੇ ਦੋਸ਼ ਲਗਾਏ ਗਏ ਹਨ ਅਤੇ ਦੋਸ਼ ਸਾਬਤ ਹੋਣ ’ਤੇ ਉਨ੍ਹਾਂ ਨੂੰ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਇਸੇ ਜਾਂਚ ਨਾਲ ਜੁੜੇ ਮਾਮਲਿਆਂ ਵਿੱਚ ਹੁਣ ਤੱਕ ਅੱਠ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਾਰਵਾਈ ਹੋ ਚੁੱਕੀ ਹੈ।
ਜਾਂਚ ਅਨੁਸਾਰ ਇਹ ਕੋਕੀਨ ਪਹਿਲਾਂ ਉੱਤਰੀ ਕੁਈਨਜ਼ਲੈਂਡ ਦੇ ਮਿਜ਼ ਪੌਇੰਟ ਨੇੜੇ ਸਮੁੰਦਰੀ ਰਸਤੇ ਆਸਟ੍ਰੇਲੀਆ ਲਿਆਂਦੀ ਗਈ ਅਤੇ ਉਥੋਂ ਕਰੀਬ 1,800 ਕਿਲੋਮੀਟਰ ਦੂਰ ਸਿਡਨੀ ਪਹੁੰਚਾਈ ਗਈ। ਆਪਰੇਸ਼ਨ “ਮਿਨਜਿਆਂਗ’ ਤਹਿਤ ਚਲਾਈ ਗਈ ਇਸ ਸਾਂਝੀ ਕਾਰਵਾਈ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ, ਕੁਇਨਜ਼ਲੈਂਡ ਪੁਲਿਸ ਅਤੇ ਹੋਰ ਜਾਂਚ ਏਜੰਸੀਆਂ ਨੇ ਮਿਲ ਕੇ ਇਸ ਅੰਤਰਰਾਸ਼ਟਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫ਼ਾਸ਼ ਕੀਤਾ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਸਕਰੀ ਪਿੱਛੇ ਇੱਕ ਸੰਗਠਿਤ ਅੰਤਰਰਾਸ਼ਟਰੀ ਅਪਰਾਧਿਕ ਗਿਰੋਹ ਦਾ ਹੱਥ ਹੈ ਜਿਸ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ।