- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਜ਼ਮਾਂ ਨੇ ਧਮਾਕੇ ਵਿੱਚ ਜਗਰੂਪ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਆਪਣਾ ਮੋਬਾਈਲ ਡਾਟਾ ਡਿਲੀਟ ਕਰ ਦਿੱਤਾ। ਘਨੌਰ ਦਾ ਰਹਿਣ ਵਾਲਾ ਮਨਜੀਤ ਸਿੰਘ ਸਾਲ 2019 ਵਿੱਚ ਮਲੇਸ਼ੀਆ ਗਿਆ ਸੀ, ਜਦੋਂਕਿ ਅੰਬਾਲਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਸਾਲ 2023 ਵਿੱਚ ਮਲੇਸ਼ੀਆ ਗਿਆ ਸੀ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਸ਼ੰਭੂ ਰੇਲਵੇ ਟਰੈਕ ’ਤੇ ਹੋਏ ਆਈ.ਈ.ਡੀ. ਧਮਾਕੇ ਦੇ ਮਾਮਲੇ ਵਿੱਚ ਮਲੇਸ਼ੀਆ ਤੋਂ ਡਿਪੋਰਟ ਹੋਏ ਦੋਵੇਂ ਮੁਲਜ਼ਮ ਮਲੇਸ਼ੀਆ ਵਿੱਚ ਦਿਨ ਵੇਲੇ ਗੋਲਗੱਪੇ ਵੇਚਦੇ ਸਨ ਅਤੇ ਰਾਤ ਨੂੰ ਸ਼ੰਭੂ ਧਮਾਕੇ ਦੀ ਯੋਜਨਾ ਬਣਾਉਦੇ ਸਨ। ਮੁਲਜ਼ਮਾਂ ਨੇ ਧਮਾਕੇ ਵਿੱਚ ਜਗਰੂਪ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਆਪਣਾ ਮੋਬਾਈਲ ਡਾਟਾ ਡਿਲੀਟ ਕਰ ਦਿੱਤਾ। ਘਨੌਰ ਦਾ ਰਹਿਣ ਵਾਲਾ ਮਨਜੀਤ ਸਿੰਘ ਸਾਲ 2019 ਵਿੱਚ ਮਲੇਸ਼ੀਆ ਗਿਆ ਸੀ, ਜਦੋਂਕਿ ਅੰਬਾਲਾ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਸਾਲ 2023 ਵਿੱਚ ਮਲੇਸ਼ੀਆ ਗਿਆ ਸੀ। ਇਸ ਦੌਰਾਨ ਜਗਰੂਪ ਸਿੰਘ ਵੀ ਮਲੇਸ਼ੀਆ ਘੁੰਮਣ ਗਿਆ ਸੀ, ਜਿੱਥੇ ਇਨ੍ਹਾਂ ਲੋਕਾਂ ਦੀ ਆਪਸ ਵਿੱਚ ਮੁਲਾਕਾਤ ਹੋਈ ਅਤੇ ਦੋਸਤੀ ਗੂੜ੍ਹੀ ਹੁੰਦੇ ਹੀ ਉਹ ਬਲਾਸਟ ਦੀ ਪਲੈਨਿੰਗ ਕਰਨ ਲੱਗੇ।
ਸੱਤ ਦਿਨਾਂ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਇਨ੍ਹਾਂ ਦੋਵਾਂ ਨੂੰ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਨ੍ਹਾਂ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹੋਰ ਵਧਾ ਦਿੱਤਾ ਹੈ। ਪੁਲਿਸ ਨੇ ਰਿਮਾਂਡ ਦੌਰਾਨ ਉਕਤ ਜਾਣਕਾਰੀ ਮਿਲਣ ਤੋਂ ਬਾਅਦ ਤਫ਼ਤੀਸ਼ ਅੱਗੇ ਵਧਾਉਣ ਲਈ ਸੱਤ ਦਿਨਾਂ ਦਾ ਰਿਮਾਂਡ ਮੰਗਿਆ ਸੀ। ਡਾਟਾ ਰਿਕਵਰੀ ਅਤੇ ਬੰਦ ਕੀਤੇ ਗਏ ਫ਼ੋਨ ਨੰਬਰਾਂ ਦੀ ਡਿਟੇਲ ਹਾਸਲ ਕਰਨ ਲਈ ਪੁਲਿਸ ਨੇ ਰਿਮਾਂਡ ਵਧਵਾਇਆ ਹੈ, ਜਿਸ ਤੋਂ ਬਾਅਦ ਅਗਲੀ ਕਾਰਵਾਈ ਹੋਵੇਗੀ।
ਪੁਲਿਸ ਅਨੁਸਾਰ ਦੋਵੇਂ ਮੁਲਜ਼ਮ ਲੰਬੇ ਸਮੇਂ ਤੋਂ ਸ਼ੰਭੂ ਰੇਲਵੇ ਟਰੈਕ ਬਲਾਸਟ ਵਿੱਚ ਮਾਰੇ ਗਏ ਤਰਨਤਾਰਨ ਦੇ ਰਹਿਣ ਵਾਲੇ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚ ਲਗਾਤਾਰ ਪੈਸੇ ਟ੍ਰਾਂਸਫਰ ਕਰ ਰਹੇ ਸਨ। ਘਟਨਾ ਤੋਂ ਪਹਿਲਾਂ ਵੀ ਮੁਲਜ਼ਮਾਂ ਵੱਲੋਂ ਉਸ ਦੇ ਖਾਤੇ ਵਿੱਚ ਵੱਡੀ ਰਕਮ ਭੇਜੀ ਗਈ ਸੀ। ਵਿੱਤੀ ਲੈਣ-ਦੇਣ ਦੇ ਇਨ੍ਹਾਂ ਸੁਰਾਗਾਂ ਦੇ ਅਧਾਰ 'ਤੇ ਦੋਵੇਂ ਜਾਂਚ ਏਜੰਸੀਆਂ ਦੇ ਰਡਾਰ 'ਤੇ ਆ ਗਏ ਸਨ।
ਦੱਸ ਦੇਈਏ ਕਿ ਕੇਂਦਰੀ ਏਜੰਸੀਆਂ ਦੀ ਕਾਰਵਾਈ ਤੋਂ ਬਾਅਦ ਦੋਵਾਂ ਮੁਲਜ਼ਮਾਂ ਨੂੰ ਨਵੀਂ ਦਿੱਲੀ ਤੋਂ ਪੰਜਾਬ ਲਿਆਂਦਾ ਗਿਆ ਅਤੇ ਪਟਿਆਲਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਭਾਰਤੀ ਸੁਰੱਖਿਆ ਏਜੰਸੀਆਂ ਵੱਲੋਂ ਸਾਂਝੀ ਕੀਤੀ ਗਈ ਖੁਫ਼ੀਆ ਜਾਣਕਾਰੀ ਦੇ ਅਧਾਰ 'ਤੇ ਮਲੇਸ਼ੀਆ ਦੀ ਰਾਇਲ ਪੁਲਿਸ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਪਾਰਟਮੈਂਟ ਨੇ ਕੀਤੀ। ਮਲੇਸ਼ੀਆਈ ਅਧਿਕਾਰੀਆਂ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਕੇ ਕਾਨੂੰਨੀ ਪ੍ਰਕਿਰਿਆ ਪੂਰੀ ਕੀਤੀ ਅਤੇ ਬਾਅਦ ਵਿੱਚ ਭਾਰਤ ਹਵਾਲੇ ਕਰ ਦਿੱਤਾ।
ਹੁਣ ਤੱਕ ਹੋ ਚੁੱਕੀਆਂ ਹਨ ਚਾਰ ਗ੍ਰਿਫਤਾਰੀਆਂ
ਮਲੇਸ਼ੀਆ ਵਿੱਚ ਬੈਠੇ ਮੁਲਜ਼ਮ ਇਸ ਪੂਰੀ ਸਾਜ਼ਿਸ਼ ਦਾ ਸੰਚਾਲਨ ਕਰ ਰਹੇ ਸਨ। ਡਿਪੋਰਟ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ੀ ਖਾਤਿਆਂ ਰਾਹੀਂ ਪੰਜਾਬ ਵਿੱਚ ਸਰਗਰਮ ਆਪਰੇਟਿਵਾਂ ਤੱਕ ਅੱਤਵਾਦੀ ਫੰਡ ਪਹੁੰਚਾਉਣ, ਹਮਲਿਆਂ ਦੀ ਯੋਜਨਾ ਤਿਆਰ ਕਰਨ ਅਤੇ ਸੂਬੇ ਵਿੱਚ ਸ਼ਾਂਤੀ ਤੇ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਸਾਜ਼ਿਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਸਨ। ਇਸ ਮਾਮਲੇ ਵਿੱਚ ਹੁਣ ਤੱਕ ਚਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਜਾਂਚ ਦੌਰਾਨ ਪੁਲਿਸ ਅਤੇ ਕੇਂਦਰੀ ਏਜੰਸੀਆਂ ਨੇ ਆਰ.ਪੀ.ਜੀ. ਲਾਂਚਰ, ਆਈ.ਈ.ਡੀ., ਆਰ.ਡੀ.ਐਕਸ, ਹੈਂਡ ਗ੍ਰਨੇਡ, ਆਧੁਨਿਕ ਪਿਸਤੌਲਾਂ ਅਤੇ ਵੱਡੀ ਗਿਣਤੀ ਵਿੱਚ ਕਾਰਤੂਸ ਵੀ ਬਰਾਮਦ ਕੀਤੇ ਸਨ। ਬਰਾਮਦ ਹਥਿਆਰਾਂ ਅਤੇ ਵਿਸਫੋਟਕਾਂ ਨੇ ਜਾਂਚ ਏਜੰਸੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਸੀ, ਕਿਉਂਕਿ ਇਸ ਨਾਲ ਇੱਕ ਵੱਡੇ ਅੱਤਵਾਦੀ ਨੈੱਟਵਰਕ ਦੇ ਸਰਗਰਮ ਹੋਣ ਦੇ ਸੰਕੇਤ ਮਿਲੇ ਸਨ।