- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਟਨੀ ਵਿਭਾਗ ਦੇ ਪ੍ਰੋਫੈਸਰ ਅਤੇ ਇਸ ਪ੍ਰੋਜੈਕਟ ਦੇ ਮਾਹਿਰ ਡਾ. ਮਨੀਸ਼ ਕਪੂਰ ਦੀ ਅਗਵਾਈ ਵਿਚ ਸਥਾਪਤ ਹੋਈ ਇਸ ਲੈਬ ਵਿਚ ਜਰਮਨੀ, ਸਵੀਡਨ ਅਤੇ ਸਪੇਨ ਵਰਗੇ ਮੁਲਕਾਂ ਤੋਂ ਅਤਿ-ਆਧੁਨਿਕ ਵਿਸ਼ਵ ਪੱਧਰੀ ਉਪਕਰਨ ਲਿਆਂਦੇ ਗਏ ਹਨ। ਇਨ੍ਹਾਂ ਮਸ਼ੀਨਾਂ ਦੀ ਖਾਸੀਅਤ ਇਹ ਹੈ ਕਿ ਇਹ ਰੁੱਖ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਜਾਂ ਕੱਟੇ, ਉਸ ਦੇ ਅੰਦਰੂਨੀ ਢਾਂਚੇ, ਸੜਨ, ਖੋਖਲੇਪਣ, ਦਰਾਰਾਂ ਅਤੇ ਜੜ੍ਹਾਂ ਦੀ ਮਜ਼ਬੂਤੀ ਦਾ ਬਹੁਤ ਹੀ ਸਟੀਕ ਵਿਸ਼ਲੇਸ਼ਣ ਕਰਦੀਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵਾਤਾਵਰਨ ਅਤੇ ਵਿਗਿਆਨ ਦੇ ਖੇਤਰ ਵਿਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਯੂਨੀਵਰਸਿਟੀ ਦੇ ਬਾਟਨੀ ਵਿਭਾਗ ਵਿਖੇ ਭਾਰਤ ਦੀ ਪਹਿਲੀ ‘ਟ੍ਰੀ ਹੈਲਥ ਲੈਬਾਰਟਰੀ’ ਭਾਵ ਦਰੱਖ਼ਤ ਜਾਂਚ ਲੈਬ ਦੀ ਸਥਾਪਨਾ ਕੀਤੀ ਗਈ ਹੈ। ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਇਨਸਾਨਾਂ ਦੀ ਤਰ੍ਹਾਂ ਬਿਮਾਰ ਅਤੇ ਕਮਜ਼ੋਰ ਰੁੱਖਾਂ ਦਾ ਵੀ ਐਕਸ-ਰੇਅ ਅਤੇ ਸਿਟੀ ਸਕੈਨ ਕੀਤਾ ਜਾਵੇਗਾ। ਇਸ ਲੈਬ ਦੇ ਸ਼ੁਰੂ ਹੋਣ ਨਾਲ ਜਿੱਥੇ ਰੁੱਖਾਂ ਦੀਆਂ ਅੰਦਰੂਨੀ ਬਿਮਾਰੀਆਂ ਦਾ ਪਤਾ ਲੱਗ ਸਕੇਗਾ, ਉੱਥੇ ਹੀ ਅਚਾਨਕ ਰੁੱਖ ਡਿੱਗਣ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਵੀ ਰੋਕਿਆ ਜਾ ਸਕੇਗਾ।
ਬਾਟਨੀ ਵਿਭਾਗ ਦੇ ਪ੍ਰੋਫੈਸਰ ਅਤੇ ਇਸ ਪ੍ਰੋਜੈਕਟ ਦੇ ਮਾਹਿਰ ਡਾ. ਮਨੀਸ਼ ਕਪੂਰ ਦੀ ਅਗਵਾਈ ਵਿਚ ਸਥਾਪਤ ਹੋਈ ਇਸ ਲੈਬ ਵਿਚ ਜਰਮਨੀ, ਸਵੀਡਨ ਅਤੇ ਸਪੇਨ ਵਰਗੇ ਮੁਲਕਾਂ ਤੋਂ ਅਤਿ-ਆਧੁਨਿਕ ਵਿਸ਼ਵ ਪੱਧਰੀ ਉਪਕਰਨ ਲਿਆਂਦੇ ਗਏ ਹਨ। ਇਨ੍ਹਾਂ ਮਸ਼ੀਨਾਂ ਦੀ ਖਾਸੀਅਤ ਇਹ ਹੈ ਕਿ ਇਹ ਰੁੱਖ ਨੂੰ ਬਿਨਾਂ ਕੋਈ ਨੁਕਸਾਨ ਪਹੁੰਚਾਏ ਜਾਂ ਕੱਟੇ, ਉਸ ਦੇ ਅੰਦਰੂਨੀ ਢਾਂਚੇ, ਸੜਨ, ਖੋਖਲੇਪਣ, ਦਰਾਰਾਂ ਅਤੇ ਜੜ੍ਹਾਂ ਦੀ ਮਜ਼ਬੂਤੀ ਦਾ ਬਹੁਤ ਹੀ ਸਟੀਕ ਵਿਸ਼ਲੇਸ਼ਣ ਕਰਦੀਆਂ ਹਨ। ਲੈਬ ਵਿਚ ਰੈਜ਼ਿਸਟੋਗ੍ਰਾਫ, ਸੋਨਿਕ ਟੋਮੋਗ੍ਰਾਫੀ, ਆਰਬੋਟੋਮ, ਟ੍ਰੀਕਾਇਨੇਟਿਕ ਸਿਸਟਮ, ਟ੍ਰੀ ਫ੍ਰੈਕਟੋਮੀਟਰ, ਮਾਈਕ੍ਰੋ ਹੈਮਰ, ਡਿਜੀਟਲ ਕਲਾਈਨੋਮੀਟਰ ਅਤੇ ਇੰਜੈਕਸ਼ਨ ਸਿਸਟਮ ਵਰਗੇ ਹਾਈਟੈਕ ਉਪਕਰਨ ਸਥਾਪਤ ਕੀਤੇ ਗਏ ਹਨ। ਇਹ ਤਕਨੀਕ ਰੁੱਖ ਦੀ ਥ੍ਰੀ-ਡੀ ਅੰਦਰੂਨੀ ਤਸਵੀਰ ਤਿਆਰ ਕਰਦੀ ਹੈ। ਅਕਸਰ ਤੇਜ਼ ਹਨੇਰੀ ਜਾਂ ਮੀਂਹ ਦੌਰਾਨ ਰੁੱਖਾਂ ਦੇ ਡਿੱਗਣ ਨੂੰ ਕੁਦਰਤੀ ਆਫ਼ਤ ਮੰਨ ਲਿਆ ਜਾਂਦਾ ਹੈ, ਪਰ ਵਿਗਿਆਨਕ ਖੋਜਾਂ ਮੁਤਾਬਕ ਅਜਿਹੇ 85 ਫ਼ੀਸਦੀ ਰੁੱਖ ਪਹਿਲਾਂ ਹੀ ਅੰਦਰੋਂ ਬਿਮਾਰ ਅਤੇ ਖੋਖਲੇ ਹੁੰਦੇ ਹਨ। ਇਸ ਲੈਬ ਰਾਹੀਂ ਬਿਮਾਰੀ ਦੀ ਸਮੇਂ ਸਿਰ ਪਛਾਣ ਕਰ ਕੇ ਰੁੱਖਾਂ ਨੂੰ ਰੋਗ-ਮੁਕਤ ਕਰਨ ਲਈ ਵਿਸ਼ੇਸ਼ ਟੀਕੇ ਵੀ ਲਗਾਏ ਜਾਣਗੇ।
ਬਨਸਪਤੀ ਵਿਭਾਗ ਦੇ ਪ੍ਰੋਫੈਸਰ ਡਾ. ਮਨੀਸ਼ ਕਪੂਰ ਨੇ ਕਿਹਾ ‘ਰੁੱਖਾਂ ਦੀ ਸਿਹਤ ਦੀ ਸੰਭਾਲ ਹੁਣ ਕੇਵਲ ਵਾਤਾਵਰਨ ਸੁਰੱਖਿਆ ਦਾ ਮੁੱਦਾ ਨਹੀਂ ਰਿਹਾ, ਇਹ ਜਨਤਕ ਸੁਰੱਖਿਆ ਅਤੇ ਟਿਕਾਊ ਸ਼ਹਿਰੀ ਵਿਕਾਸ ਨਾਲ ਵੀ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਸਾਡਾ ਉਦੇਸ਼ ਭਾਰਤ ਵਿਚ ਟ੍ਰੀ ਹੈਲਥ ਸਾਇੰਸ ਨੂੰ ਇਕ ਨਵੀਂ ਦਿਸ਼ਾ ਦੇਣਾ ਅਤੇ ਵਿਗਿਆਨਕ ਰੁੱਖ ਪ੍ਰਬੰਧਨ ਨੂੰ ਸੰਸਥਾਗਤ ਰੂਪ ਦੇਣਾ ਹੈ।’ ਉਨ੍ਹਾਂ ਦੱਸਿਆ ਕਿ ਅੱਜ ਤੱਕ ਭਾਰਤ ਵਿਚ ਰੁੱਖਾਂ ਦੀ ਸਿਹਤ ਦਾ ਮੁਲਾਂਕਣ ਅਕਸਰ ਸਿਰਫ਼ ਬਾਹਰੀ ਲੱਛਣਾਂ ਦੇ ਆਧਾਰ ’ਤੇ ਕੀਤਾ ਜਾਂਦਾ ਰਿਹਾ ਹੈ। ਪਰ ਇਸ ਲੈਬ ਵਿਚ ਉਪਲਬਧ ਵਿਸ਼ਵ ਪੱਧਰੀ ਤਕਨਾਲੋਜੀ ਰੁੱਖ ਦੇ ਅੰਦਰ ਝਾਤ ਮਾਰਦੀ ਹੈ। ਜਰਮਨੀ, ਸਵੀਡਨ ਅਤੇ ਸਪੇਨ ਤੋਂ ਲਿਆਂਦੇ ਗਏ ਅਤਿ-ਆਧੁਨਿਕ ਉਪਕਰਨ ਰੁੱਖ ਨੂੰ ਕੱਟੇ ਜਾਂ ਨੁਕਸਾਨ ਪਹੁੰਚਾਏ ਬਿਨਾਂ ਉਸ ਦੇ ਅੰਦਰੂਨੀ ਢਾਂਚੇ ਦਾ ਬਹੁਤ ਹੀ ਸਟੀਕ ਵਿਸ਼ਲੇਸ਼ਣ ਕਰਦੇ ਹਨ।
ਹਰਿਆਵਲ ਦੀ ਲੰਮੀ ਉਮਰ ਲਈ ਮੀਲ ਪੱਥਰ
ਜਲਵਾਯੂ ਤਬਦੀਲੀ ਅਤੇ ਅੰਨ੍ਹੇਵਾਹ ਸ਼ਹਿਰੀਕਰਨ ਦੇ ਮੌਜੂਦਾ ਦੌਰ ਵਿਚ, ਜਿੱਥੇ ਮੌਸਮੀ ਤਬਦੀਲੀਆਂ ਕਾਰਨ ਹਾਦਸਿਆਂ ਦਾ ਖ਼ਤਰਾ ਵਧ ਗਿਆ ਹੈ, ਉੱਥੇ ਭਾਰਤ ਵਿਚ ਇਸ ਤਰ੍ਹਾਂ ਦੇ ਪਹਿਲੇ ਵਿਗਿਆਨਕ ਕੇਂਦਰ ਦੀ ਬੇਹੱਦ ਲੋੜ ਸੀ। ਪੰਜਾਬੀ ਯੂਨੀਵਰਸਿਟੀ ਦੀ ਇਹ ਪਹਿਲਕਦਮੀ ਦੇਸ਼ ਵਿਚ ਰੁੱਖਾਂ ਦੀ ਸੁਰੱਖਿਆ ਅਤੇ ਹਰਿਆਵਲ ਦੀ ਉਮਰ ਲੰਮੀ ਕਰਨ ਵਿਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ। ਇਸ ਲੈਬ ਦੀ ਸਥਾਪਨਾ ਨਾਲ ਨਾ ਸਿਰਫ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਮਿਲੇਗੀ, ਸਗੋਂ ਇਹ ਜਨਤਕ ਸੁਰੱਖਿਆ ਲਈ ਵੀ ਅਹਿਮ ਸਾਬਤ ਹੋਵੇਗੀ। ਇਹ ਲੈਬ ਆਉਣ ਵਾਲੇ ਦਿਨਾਂ ਵਿਚ ਨਗਰ ਨਿਗਮਾਂ, ਜੰਗਲਾਤ ਵਿਭਾਗ, ਸਮਾਰਟ ਸਿਟੀ ਪ੍ਰੋਜੈਕਟਾਂ, ਉਦਯੋਗਿਕ ਸੰਸਥਾਵਾਂ ਅਤੇ ਇਤਿਹਾਸਕ ਤੇ ਵਿਰਾਸਤੀ ਸਥਾਨਾਂ 'ਤੇ ਸਥਿਤ ਸਦੀਆਂ ਪੁਰਾਣੇ ਰੁੱਖਾਂ ਦੀ ਵਿਗਿਆਨਕ ਜਾਂਚ ਅਤੇ ਸਲਾਹਕਾਰ ਸੇਵਾਵਾਂ ਪ੍ਰਦਾਨ ਕਰੇਗੀ।