- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤਹਿਤ ਕਾਲਜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਣਦੀ ਕੁੱਲ ਰਾਸ਼ੀ 66 ਲੱਖ 24 ਹਜ਼ਾਰ 195 ਰੁਪਏ ਤੁਰੰਤ ਕੰਮਕਾਜ ਦੇ ਦਿਨਾਂ ਵਿੱਚ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ। ਯੂਨੀਵਰਸਿਟੀ ਨੇ ਸਾਫ਼ ਕੀਤਾ ਹੈ ਕਿ ਜੇਕਰ ਇਹ ਰਾਸ਼ੀ ਜਮ੍ਹਾਂ ਹੁੰਦੀ ਹੈ ਤਾਂ ਹੀ ਕਾਲਜ ਦੇ ਵਿਦਿਆਰਥੀਆਂ ਦੀ ਆਰਐਲਆਰ ਸ੍ਰੇਣੀ ਕਲੀਅਰ ਕੀਤੀ ਜਾਵੇਗੀ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਅਧੀਨ ਕੁਝ ਕਾਲਜਾਂ ਵੱਲੋਂ ਲਗਾਤਾਰਤਾ ਫੀਸ ਤੇ ਜੁਰਮਾਨੇ ਵੀ ਨਹੀਂ ਭਰੇ ਜਾ ਰਹੇ ਹਨ। ’ਵਰਸਿਟੀ ਨੇ ਹੁਣ ਅਜਿਹੇ ਕਾਲਜਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ’ਵਰਸਿਟੀ ਵਲੋਂ ਕੀਤੀ ਜਾਂਚ ਵਿਚ ਲਾਅ ਕਾਲਜਾਂ ਵੱਲੋਂ ਲਗਾਤਾਰਤਾ ਫ਼ੀਸਾਂ ਅਤੇ ਲੱਗੇ ਜੁਰਮਾਨੇ ਨਾ ਜਮ੍ਹਾਂ ਕਰਵਾਉਣ ਦੇ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਾਲਜਾਂ ਵਿਰੁੱਧ ਸਖ਼ਤ ਵਿੱਤੀ ਅਤੇ ਪ੍ਰਸ਼ਾਸਨਿਕ ਕਾਰਵਾਈ ਉਲੀਕੀ ਗਈ ਹੈ।
ਪੰਜਾਬੀ ਯੂਨੀਵਰਸਿਟੀ ਵੱਲੋਂ ਸਰਹੰਦ ਦੇ ਇਕ ਲਾਅ ਕਾਲਜ ਨੂੰ ਪੱਤਰ ਭੇਜਿਆ ਗਿਆ ਹੈ। ਜਿਸ ਅਨੁਸਾਰ, ਕਾਲਜ ਵੱਲੋਂ ਸੈਸ਼ਨ 2021-22, 2022-23, 2023-24, 2024-25 ਅਤੇ 2025-26 ਦੌਰਾਨ ਬੀ.ਏ. ਐੱਲ.ਐੱਲ.ਬੀ. ਸਮੈਸਟਰ ਤੀਜਾ, ਪੰਜਵਾਂ, ਸੱਤਵਾਂ, ਨੌਵਾਂ ਅਤੇ ਐੱਲ.ਐੱਲ.ਬੀ. ਸਮੈਸਟਰ ਤੀਜਾ ਅਤੇ ਪੰਜਵਾਂ ਦੀਆਂ ਰਜਿਸਟ੍ਰੇਸ਼ਨ ਰਿਟਰਨਾਂ ਅਤੇ ਫ਼ੀਸਾਂ ਯੂਨੀਵਰਸਿਟੀ ਕੋਲ ਜਮ੍ਹਾਂ ਨਹੀਂ ਕਰਵਾਈਆਂ ਗਈਆਂ।
ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤਹਿਤ ਕਾਲਜ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਣਦੀ ਕੁੱਲ ਰਾਸ਼ੀ 66 ਲੱਖ 24 ਹਜ਼ਾਰ 195 ਰੁਪਏ ਤੁਰੰਤ ਕੰਮਕਾਜ ਦੇ ਦਿਨਾਂ ਵਿੱਚ ਯੂਨੀਵਰਸਿਟੀ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ। ਯੂਨੀਵਰਸਿਟੀ ਨੇ ਸਾਫ਼ ਕੀਤਾ ਹੈ ਕਿ ਜੇਕਰ ਇਹ ਰਾਸ਼ੀ ਜਮ੍ਹਾਂ ਹੁੰਦੀ ਹੈ ਤਾਂ ਹੀ ਕਾਲਜ ਦੇ ਵਿਦਿਆਰਥੀਆਂ ਦੀ ਆਰਐਲਆਰ ਸ੍ਰੇਣੀ ਕਲੀਅਰ ਕੀਤੀ ਜਾਵੇਗੀ। ਇਸੇ ਤਰ੍ਹਾਂ ਇਕ ਹੋਰ ਲਾਅ ਕਾਲਜ ਨੂੰ ’ਵਰਸਿਟੀ ਵਲੋਂ ਪ੍ਰੀਖਿਆ ਫ਼ੀਸਾਂ ਲੇਟ ਜਮ੍ਹਾਂ ਕਰਵਾਉਣ ਕਾਰਨ ਲਗਾਏ ਗਏ 18 ਲੱਖ 50 ਹਜ਼ਾਰ ਰੁਪਏ ਦਾ ਭਾਰੀ ਜੁਰਮਾਨਾ ਕੀਤਾ ਗਿਆ ਹੈ। ਇਸ ਜੁਰਮਾਨੇ ਨੂੰ ਕਿਸ਼ਤਾਂ ਵਿੱਚ ਭਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਕਾਲਜ ਵੱਲੋਂ 'ਮੈਂਡੇਟਰੀ ਫਾਰਮ' ਜਾਰੀ ਨਾ ਕਰਨ ਕਰਕੇ ਇਹ ਜੁਰਮਾਨਾ ਲਗਾਇਆ ਗਿਆ ਸੀ। ਕਾਲਜ ਨੂੰ ਇਹ ਜੁਰਮਾਨਾ ਚਾਰ ਕਿਸ਼ਤਾਂ ਵਿੱਚ ਭਰਨ ਦੀ ਰਾਹਤ ਦਿੱਤੀ ਗਈ ਹੈ।
ਵਿਦਿਆਰਥੀਆਂ ਦੇ ਭਵਿੱਖ ’ਤੇ ਲਟਕੀ ਤਲਵਾਰ
ਯੂਨੀਵਰਸਿਟੀ ਨੇ ਇਸ ਪੱਤਰ ਵਿੱਚ ਬੇਹੱਦ ਸਖ਼ਤ ਰੁਖ਼ ਅਖਤਿਆਰ ਕਰਦਿਆਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਾਲਜ ਵੱਲੋਂ ਇਹ ਤੈਅਸ਼ੁਦਾ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਈਆਂ ਜਾਂਦੀਆਂ, ਤਾਂ ਸੈਸ਼ਨ ਦਸੰਬਰ-2026 ਦੀਆਂ ਪ੍ਰੀਖਿਆਵਾਂ ਦੇ ਰੋਲ ਨੰਬਰ ਰੋਕ ਲਏ ਜਾਣਗੇ ਅਤੇ ਤੀਜੀ ਤੇ ਚੌਥੀ ਕਿਸ਼ਤ ਸਮੇਂ ਸਿਰ ਨਾ ਆਉਣ ਦੀ ਸੂਰਤ ਵਿੱਚ ਦਸੰਬਰ-2026 ਦੇ ਪ੍ਰੀਖਿਆ ਨਤੀਜੇ ਵੀ ਰੋਕ ਦਿੱਤੇ ਜਾਣਗੇ। ਯੂਨੀਵਰਸਿਟੀ ਦੇ ਇਸ ਕਦਮ ਤੋਂ ਬਾਅਦ ਹੁਣ ਗੇਂਦ ਕਾਲਜ ਪ੍ਰਬੰਧਕਾਂ ਦੇ ਪਾਲੇ ਵਿੱਚ ਹੈ, ਕਿਉਂਕਿ ਕਾਲਜਾਂ ਦੀ ਇਸ ਲਾਪ੍ਰਵਾਹੀ ਦਾ ਸਿੱਧਾ ਅਸਰ ਉੱਥੇ ਪੜ੍ਹਦੇ ਸੈਂਕੜੇ ਵਿਦਿਆਰਥੀਆਂ ਦੇ ਭਵਿੱਖ 'ਤੇ ਪੈ ਸਕਦਾ ਹੈ।
ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਸਖਤ ਕਾਰਵਾਈ : ਡੀਨ ਕਾਲਜਿਜ਼
ਡੀਨ ਕਾਲਜਾਂ ਡਾ. ਬਲਰਾਜ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸੰਸਥਾਵਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਬੰਧਾਂ ਨੂੰ ਹੋਰ ਸੁਧਾਰਨ ਲਈ 100 ਦੇ ਕਰੀਬ ਵਿਸ਼ੇਸ਼ ਜਾਂਚ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜੋ ਯੂਨੀਵਰਸਿਟੀ ਅਧੀਨ ਆਉਂਦੇ ਸਾਰੇ ਕਾਲਜਾਂ ਦਾ ਅਚਨਚੇਤ ਦੌਰਾ ਕਰਨਗੀਆਂ ਅਤੇ ਆਪਣੀ ਰਿਪੋਰਟ ਤਿਆਰ ਕਰਨਗੀਆਂ। ਜਿਨ੍ਹਾਂ ਕਾਲਜਾਂ ਵਿੱਚ ਵੀ ਬੇਨਿਯਮੀਆਂ ਪਾਈਆਂ ਜਾਣਗੀਆਂ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਅਤੇ ਪ੍ਰਸ਼ਾਸਨਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਡੀਨ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਕਿਸੇ ਵੀ ਵਿਦਿਅਕ ਸੰਸਥਾ ਲਈ ਸਿਰਫ਼ ਇਮਾਰਤ ਹੀ ਨਹੀਂ, ਬਲਕਿ ਵਧੀਆ ਬੁਨਿਆਦੀ ਢਾਂਚੇ ਦੇ ਨਾਲ-ਨਾਲ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਦਾ ਹੋਣਾ ਸਭ ਤੋਂ ਲਾਜ਼ਮੀ ਸ਼ਰਤ ਹੈ। ਵਿਦਿਆਰਥੀ ਦੇਸ਼ ਦਾ ਸਰਮਾਇਆ ਹਨ, ਇਸ ਲਈ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਕਾਲਜ ਪ੍ਰਬੰਧਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ।