- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਭਾਰੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਪਲਾਈ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸਕ ਰਿਕਾਰਡ ਕਾਇਮ ਕੀਤਾ ਹੈ। ਪਾਵਰਕਾਮ ਨੇ ਅੱਜ ਸੂਬੇ ਭਰ ਵਿੱਚ ਰਿਕਾਰਡ 16,603 ਮੈਗਾਵਾਟ ਬਿਜਲੀ ਦੀ ਸਪਲਾਈ ਕਰਕੇ ਹੁਣ ਤੱਕ ਦਾ ਸਭ ਤੋਂ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਮੌਨਸੂਨ ਦੇ ਪਛੜਨ ਕਾਰਨ ਪੂਰੇ ਪੰਜਾਬ ਵਿੱਚ ਅਸਹਿ ਗਰਮੀ ਅਤੇ ਹੁੰਮਸ ਭਰੇ ਮੌਸਮ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਸੂਬੇ ਵਿੱਚ ਝੋਨੇ ਦੀ ਲਗਵਾਈ ਵੀ ਪੂਰੇ ਸਿਖਰਾਂ 'ਤੇ ਪਹੁੰਚ ਚੁੱਕੀ ਹੈ। ਇਨ੍ਹਾਂ ਹਾਲਾਤ ਦਰਮਿਆਨ ਬਿਜਲੀ ਦੀ ਮੰਗ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ। ਇਸ ਭਾਰੀ ਮੰਗ ਨੂੰ ਸਫਲਤਾਪੂਰਵਕ ਪੂਰਾ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਸਪਲਾਈ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸਕ ਰਿਕਾਰਡ ਕਾਇਮ ਕੀਤਾ ਹੈ। ਪਾਵਰਕਾਮ ਨੇ ਅੱਜ ਸੂਬੇ ਭਰ ਵਿੱਚ ਰਿਕਾਰਡ 16,603 ਮੈਗਾਵਾਟ ਬਿਜਲੀ ਦੀ ਸਪਲਾਈ ਕਰਕੇ ਹੁਣ ਤੱਕ ਦਾ ਸਭ ਤੋਂ ਵੱਡਾ ਕੀਰਤੀਮਾਨ ਸਥਾਪਿਤ ਕੀਤਾ ਹੈ।
ਗਰਮੀ ਅਤੇ ਝੋਨੇ ਦੇ ਸੀਜ਼ਨ ਕਾਰਨ ਪੈਦਾ ਹੋਈ ਬਿਜਲੀ ਦੀ ਇਸ ਅਥਾਹ ਮੰਗ ਨੂੰ ਪੂਰਾ ਕਰਨਾ ਪਾਵਰਕਾਮ ਲਈ ਇੱਕ ਵੱਡੀ ਚੁਣੌਤੀ ਸੀ। ਇਸ ਚੁਣੌਤੀ ਨਾਲ ਨਜਿੱਠਣ ਲਈ ਪਾਵਰਕਾਮ ਵੱਲੋਂ ਕੇਂਦਰੀ ਗਰਿੱਡ (ਸੈਂਟਰਲ ਪੂਲ) ਦਾ ਸਹਾਰਾ ਲਿਆ ਗਿਆ। ਪਾਵਰਕਾਮ ਨੇ ਸੈਂਟਰਲ ਪੂਲ ਤੋਂ ਰਿਕਾਰਡ 11,171 ਮੈਗਾਵਾਟ ਬਿਜਲੀ ਲਈ ਕੀਤੀ, ਜੋ ਕਿ ਆਪਣੇ ਆਪ ਵਿੱਚ ਇੱਕ ਨਵੀਂ ਮਿਸਾਲ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਡਰਾਅਲ ਨਿਰਧਾਰਤ ਸਮਰੱਥਾ ਨਾਲੋਂ ਵੀ 712 ਮੈਗਾਵਾਟ ਵੱਧ ਦਰਜ ਕੀਤੀ ਗਈ, ਜਿਸ ਨਾਲ ਸੂਬੇ ਵਿੱਚ ਬਿਜਲੀ ਦਾ ਸੰਕਟ ਟਲ਼ ਗਿਆ।
ਇੱਕ ਪਾਸੇ ਜਿੱਥੇ ਬਿਜਲੀ ਦੀ ਮੰਗ ਅਸਮਾਨ ਛੂਹ ਰਹੀ ਸੀ, ਉੱਥੇ ਹੀ ਦੂਜੇ ਪਾਸੇ ਪੰਜਾਬ ਨੂੰ ਆਪਣੇ ਅੰਦਰੂਨੀ ਸਰੋਤਾਂ ਤੋਂ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਪੰਜਾਬ ਦੇ ਆਪਣੇ ਸਰੋਤਾਂ ਤੋਂ ਬਿਜਲੀ ਦੀ ਪੈਦਾਵਾਰ ਲਗਭਗ 5,360 ਮੈਗਾਵਾਟ ਦੇ ਕਰੀਬ ਰਹੀ। ਸੂਬੇ ਦੇ ਆਪਣੇ ਉਤਪਾਦਨ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਲਹਿਰਾ ਮੁਹੱਬਤ ਸਥਿਤ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ 250-250 ਮੈਗਾਵਾਟ ਦੀ ਸਮਰੱਥਾ ਵਾਲੇ 2 ਯੂਨਿਟ ਤਕਨੀਕੀ ਖਰਾਬੀ ਕਾਰਨ ਅਚਾਨਕ ਬੰਦ ਹੋ ਗਏ। ਇਸ ਤਕਨੀਕੀ ਨੁਕਸ ਕਾਰਨ ਰਾਜ ਦੇ ਆਪਣੇ ਉਤਪਾਦਨ ਵਿੱਚੋਂ 500 ਮੈਗਾਵਾਟ ਬਿਜਲੀ ਘੱਟ ਪੈਦਾ ਹੋਈ। ਹਾਲਾਂਕਿ, ਪਾਵਰਕਾਮ ਦੇ ਅਧਿਕਾਰੀਆਂ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਘਾਟ ਦੀ ਭਰਪਾਈ ਕੇਂਦਰੀ ਪੂਲ ਅਤੇ ਹੋਰ ਬਾਹਰੀ ਸਰੋਤਾਂ ਤੋਂ ਤੁਰੰਤ ਬਿਜਲੀ ਲੈ ਕੇ ਕਰ ਦਿੱਤੀ, ਜਿਸ ਕਾਰਨ ਖਪਤਕਾਰਾਂ ਨੂੰ ਕੋਈ ਵੱਡੀ ਦਿੱਕਤ ਪੇਸ਼ ਨਹੀਂ ਆਈ।
ਕੁੱਲ ਬਿਜਲੀ ਰਿਕਾਰਡ ਸਪਲਾਈ : 16,603 ਮੈਗਾਵਾਟ
ਕੇਂਦਰੀ ਪੂਲ : 11,171 ਮੈਗਾਵਾਟ
ਸੂਬੇ ਦੇ ਆਪਣੇ ਸਰੋਤ : 5,360 ਮੈਗਾਵਾਟ
ਬਾਰਿਸ਼ ਹੋਣ ਤੱਕ ਮੰਗ ਹੋਰ ਵਧਣ ਦੀ ਸੰਭਾਵਨਾ
ਪਾਵਰਕਾਮ ਦੇ ਮਾਹਰਾਂ ਮੁਤਾਬਕ, ਜਿੰਨਾ ਚਿਰ ਮਾਨਸੂਨ ਦੀ ਪਹਿਲੀ ਭਰਵੀਂ ਬਾਰਿਸ਼ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਨੂੰ ਰਾਹਤ ਨਹੀਂ ਦਿੰਦੀ, ਉਦੋਂ ਤੱਕ ਬਿਜਲੀ ਦੀ ਮੰਗ ਇਸੇ ਤਰ੍ਹਾਂ ਉੱਚੇ ਪੱਧਰ 'ਤੇ ਬਣੀ ਰਹਿਣ ਦੀ ਪੂਰੀ ਸੰਭਾਵਨਾ ਹੈ। ਇਸ ਦਾ ਮੁੱਖ ਕਾਰਨ ਖੇਤੀਬਾੜੀ ਸੈਕਟਰ ਵਿੱਚ ਟਿਊਬਵੈੱਲਾਂ ਦੀ ਲਗਾਤਾਰ ਵਰਤੋਂ ਅਤੇ ਘਰੇਲੂ ਖੇਤਰ ਵਿੱਚ ਏਅਰ ਕੰਡੀਸ਼ਨਰਾਂ ਦਾ ਵੱਧ ਰਿਹਾ ਲੋਡ ਹੈ। ਪਾਵਰਕਾਮ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਰਿਕਾਰਡ ਤੋੜ ਮੰਗ ਦੇ ਬਾਵਜੂਦ, ਉਹ ਸੂਬੇ ਦੇ ਕਿਸਾਨਾਂ, ਉਦਯੋਗਾਂ ਅਤੇ ਆਮ ਲੋਕਾਂ ਨੂੰ ਸੁਚਾਰੂ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਲਗਾਤਾਰ ਦਿਨ-ਰਾਤ ਯਤਨਸ਼ੀਲ ਹਨ।