- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀ ਅਣਐਲਾਨੀ ਕਟੌਤੀ ਅਤੇ ਘੰਟਿਆਂਬੱਧੀ ਸਪਲਾਈ ਠੱਪ ਰਹਿਣ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਵਿੱਚ ਪਾਵਰਕੋਮ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹੁੰਮਸ ਭਰੀ ਗਰਮੀ ਵਿੱਚ ਬਿਜਲੀ ਨਾ ਹੋਣ ਕਾਰਨ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਦਾ ਹਾਲ ਬੇਹਾਲ ਹੈ, ਉੱਥੇ ਹੀ ਕਈ ਇਲਾਕਿਆਂ ਵਿੱਚ ਖੇਤੀਬਾੜੀ ਖੇਤਰ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਵਿੱਚ ਅੱਤ ਦੀ ਗਰਮੀ, ਤਪਸ਼ ਅਤੇ ਹੁੰਮਸ ਭਰੇ ਮੌਸਮ ਨੇ ਆਮ ਜਨਜੀਵਨ ਪ੍ਰਭਾਵਿਤ ਕੀਤਾ ਹੈ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ, ਜਿਸ ਕਾਰਨ ਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਸੂਬੇ ਵਿੱਚ ਬਿਜਲੀ ਦੀ ਸਿਖਰਲੀ ਮੰਗ 17 ਹਜ਼ਾਰ ਮੈਗਾਵਾਟ ਤੋਂ ਟੱਪ ਚੁੱਕੀ ਹੈ। ਬਿਜਲੀ ਦੇ ਵਾਰ-ਵਾਰ ਲੱਗ ਰਹੇ ਕੱਟਾਂ ਅਤੇ ਤਕਨੀਕੀ ਖ਼ਰਾਬੀ ਕਾਰਨ ਪਾਵਰਕਾਮ ਨੂੰ ਖਪਤਕਾਰਾਂ ਦੇ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿਛਲੇ ਕੁਝ ਦਿਨਾਂ ਤੋਂ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ 'ਤੇ ਲੱਖਾਂ ਦੀ ਗਿਣਤੀ ਵਿੱਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਦੂਸਰੇ ਪਾਸੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ 30 ਜੂਨ ਨੂੰ ਐਕਸੀਅਨ ਦੇ ਦਫਤਰਾਂ ਸਾਹਮਣੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ।
ਦੂਜੇ ਪਾਸੇ, ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਚਾਨਕ ਵਧੀ ਮੰਗ ਕਾਰਨ ਸਿਸਟਮ 'ਤੇ ਲੋਡ ਬਹੁਤ ਜ਼ਿਆਦਾ ਹੈ। ਫੀਲਡ ਸਟਾਫ ਵੱਲੋਂ ਦਿਨ-ਰਾਤ ਇੱਕ ਕਰਕੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਸਪਲਾਈ ਨੂੰ ਬਹਾਲ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹੁੰਮਸ ਅਤੇ ਤਪਸ਼ ਕਾਰਨ ਤਕਨੀਕੀ ਨੁਕਸ ਜਲਦੀ ਠੀਕ ਕਰਨ ਵਿੱਚ ਵੀ ਦਿੱਕਤਾਂ ਆ ਰਹੀਆਂ ਹਨ।
ਸੋਮਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ ਦੁਪਹਿਰ ਤਿੰਨ ਵਜੇ ਤੱਕ 17,147 ਮੈਗਾਵਾਟ ਦਰਜ ਕੀਤੀ ਗਈ, ਜੋ ਕਿ ਇਸ ਸੀਜ਼ਨ ਦੇ ਸਭ ਤੋਂ ਉੱਚੇ ਪੱਧਰ ਦੇ ਨਜ਼ਦੀਕ ਹੈ। ਇਸ ਵੱਡੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੇ ਆਪਣੇ ਸਰਕਾਰੀ ਅਤੇ ਨਿੱਜੀ ਥਰਮਲ ਪਲਾਂਟਾਂ ਸਮੇਤ ਹੋਰ ਅੰਦਰੂਨੀ ਵਸੀਲਿਆਂ ਤੋਂ ਸਿਰਫ 5,900 ਮੈਗਾਵਾਟ ਬਿਜਲੀ ਹਾਸਲ ਕੀਤੀ। ਲਗਾਤਾਰ ਵਧ ਰਹੀ ਮੰਗ ਦੇ ਮੱਦੇਨਜ਼ਰ, ਪਾਵਰਕਾਮ ਵੱਲੋਂ ਕੇਂਦਰੀ ਪੂਲ ਤੋਂ 10,000 ਮੈਗਾਵਾਟ ਬਿਜਲੀ ਸ਼ਡਿਊਲਡ ਕੀਤੀ ਗਈ ਸੀ। ਪ੍ਰੰਤੂ, ਮੌਕੇ 'ਤੇ ਪੈਦਾ ਹੋਈ ਬਿਜਲੀ ਦੀ ਭਾਰੀ ਕਿੱਲਤ ਅਤੇ ਲੋੜ ਨੂੰ ਦੇਖਦਿਆਂ ਪਾਵਰਕਾਮ ਨੂੰ ਕੇਂਦਰੀ ਪੂਲ ਤੋਂ 11,000 ਮੈਗਾਵਾਟ ਬਿਜਲੀ ਲੈਣ ਲਈ ਮਜਬੂਰ ਹੋਣਾ ਪਿਆ।
ਗਰਮੀ ਅਤੇ ਓਵਰਲੋਡਿੰਗ ਕਾਰਨ ਟ੍ਰਾਂਸਫਾਰਮਰਾਂ ’ਚ ਧੂੰਆਂ ਨਿੱਲਣਲੱਗਿਆ ਹੈ ਅਤੇ ਤਾਰਾਂ ਟੁੱਟਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸ਼ਿਕਾਇਤਾਂ ਦਾ ਅੰਕੜਾ ਲੱਖਾਂ ਵਿੱਚ ਪਹੁੰਚ ਗਿਆ ਹੈ। ਪਿਛਲੇ ਇੱਕ ਹਫ਼ਤੇ ਦੇ ਅੰਕੜੇ ਪਾਵਰਕਾਮ ਦੀ ਚਿੰਤਾ ਵਧਾਉਣ ਵਾਲੇ ਹਨ। 27 ਜੂਨ ਨੂੰ ਸ਼ਿਕਾਇਤਾਂ ਦਾ ਅੰਕੜਾ ਇੱਕ ਲੱਖ ਨੂੰ ਪਾਰ ਕਰ ਗਿਆ। ਪਾਵਰਕਾਮ ਵੱਲੋਂ ਸੂਬੇ ਭਰ ਵਿਚੋਂ 1 ਲੱਖ 3 ਹਜ਼ਾਰ 71 ਸ਼ਿਕਾਇਤਾਂ ਦਰਜ ਕੀਤੀਆਂ ਹਨ।28 ਜੂਨ ਐਤਵਾਰ ਨੂੰ ਗਰਮੀ ਵਧਣ ਨਾਲ ਸ਼ਿਕਾਇਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਤੇ ਅੰਕੜਾ 1 ਲੱਖ 72 ਹਜ਼ਾਰ 674 ਤੱਕ ਪੁੱਜ ਗਿਆ। 29 ਜੂਨ ਸੋਮਵਾਰ ਦੁਪਹਿਰ ਤਿੰਨ ਵਜੇ ਤੱਕ ਹੀ 85,000 ਦੇ ਕਰੀਬ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਸਨ।
ਘੰਟਿਆਂਬੱਧੀ ਕੱਟਾਂ ਕਾਰਨ ਲੋਕਾਂ ’ਚ ਵਧ ਰਿਹਾ ਹੈ ਭਾਰੀ ਰੋਸ
ਬਿਜਲੀ ਦੀ ਅਣਐਲਾਨੀ ਕਟੌਤੀ ਅਤੇ ਘੰਟਿਆਂਬੱਧੀ ਸਪਲਾਈ ਠੱਪ ਰਹਿਣ ਕਾਰਨ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਲੋਕਾਂ ਵਿੱਚ ਪਾਵਰਕਾਮ ਖ਼ਿਲਾਫ਼ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਹੁੰਮਸ ਭਰੀ ਗਰਮੀ ਵਿੱਚ ਬਿਜਲੀ ਨਾ ਹੋਣ ਕਾਰਨ ਜਿੱਥੇ ਬੱਚਿਆਂ ਅਤੇ ਬਜ਼ੁਰਗਾਂ ਦਾ ਹਾਲ ਬੇਹਾਲ ਹੈ, ਉੱਥੇ ਹੀ ਕਈ ਇਲਾਕਿਆਂ ਵਿੱਚ ਖੇਤੀਬਾੜੀ ਖੇਤਰ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। 30 ਜੂਨ 2026 ਨੂੰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ ਐਕਸੀਅਨ ਦੇ ਦਫਤਰਾਂ ਸਾਹਮਣੇ ਧਰਨੇ ਦਿਤੇ ਜਾਣਗੇ। ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਸੂਬਾ ਸਕੱਤਰ ਬਲਕਾਰ ਸਿੰਘ ਜੱਸੋਵਾਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਲਈ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਝੋਨੇ ਦੀ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ ਤੇ ਬਿਜਲੀ ਦੀ ਬਹੁਤ ਲੋੜ ਹੈ ਪ੍ਰੰਤੂ ਇਸ ਸਮੇਂ ਲੰਮੇ ਸਮੇਂ ਕੱਟ ਲੱਗ ਰਹੇ ਹਨ ਤੇ ਝੋਨੇ ਦੀ ਲਵਾਈ ਦਾ ਕੰਮ ਵੀ ਪ੍ਰਭਾਵਿਤ ਹੋ ਰਿਹਾ ਹੈ। ਖੇਤਾਂ ਵਾਲੀ ਬਿਜਲੀ 8 ਘੰਟੇ ਦੇਣ ਲਈ ਤੇ ਚਿਪ ਵਾਲੇ ਮੀਟਰਾਂ ਦੇ ਬਿੱਲ ਵੱਧ ਆਉਣ ਦੇ ਵਿਰੋਧ ਵਿਚ ਪਾਵਰਕੋਮ ਮੁੱਖ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਤਰੀਕ - ਸ਼ਿਕਾਇਤਾਂ
24 ਜੂਨ - 78,917
25 ਜੂਨ - 75,355
26 ਜੂਨ - 74,364
27 ਜੂਨ - 1,00,371
28 ਜੂਨ - 1,72,674
29 ਜੂਨ - 85,000 (ਦੁਪਹਿਰ ਤਿੰਨ ਵਜੇ ਤੱਕ)