- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿਲੀ ਜਾਣਕਾਰੀ ਅਨੁਸਾਰ, ਕੈਂਪਸ ਵਿੱਚ ਘੁੰਮ ਰਹੀ ਇੱਕ ਸ਼ੱਕੀ ਕਾਰ ਨੂੰ ਦੇਖ ਕੇ ਵਿਦਿਆਰਥੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਯੂਨੀਵਰਸਿਟੀ ਦੇ ਸੁਰੱਖਿਆ ਅਮਲੇ ਨੂੰ ਦਿੱਤੀ। ਸੂਚਨਾ ਮਿਲਦੇ ਹੀ ਯੂਨੀਵਰਸਿਟੀ ਦੀ ਪੀ.ਸੀ.ਆਰ ਟੀਮ ਮੌਕੇ 'ਤੇ ਪਹੁੰਚੀ, ਪਰ ਸੁਰੱਖਿਆ ਕਰਮਚਾਰੀਆਂ ਨੂੰ ਦੇਖਦੇ ਹੀ ਸ਼ੱਕੀ ਕਾਰ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਭਜਾ ਕੇ ਫਰਾਰ ਹੋ ਗਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਵਿੱਚ ਬੀਤੀ ਅੱਧੀ ਰਾਤ ਨੂੰ ਉਸ ਵੇਲੇ ਭਾਰੀ ਹੰਗਾਮਾ ਹੋ ਗਿਆ, ਜਦੋਂ ਇੱਕ ਸ਼ੱਕੀ ਕਾਰ ਦੇ ਦਾਖਲ ਹੋਣ ਕਾਰਨ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਸੁਰੱਖਿਆ ਮੁਲਾਜ਼ਮਾਂ ਦੀਆਂ ਭਾਜੜਾਂ ਪੈ ਗਈਆਂ। ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੇਰ ਰਾਤ ਹੀ ਜ਼ੋਰਦਾਰ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ, ਕੈਂਪਸ ਵਿੱਚ ਘੁੰਮ ਰਹੀ ਇੱਕ ਸ਼ੱਕੀ ਕਾਰ ਨੂੰ ਦੇਖ ਕੇ ਵਿਦਿਆਰਥੀਆਂ ਨੂੰ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਯੂਨੀਵਰਸਿਟੀ ਦੇ ਸੁਰੱਖਿਆ ਅਮਲੇ ਨੂੰ ਦਿੱਤੀ। ਸੂਚਨਾ ਮਿਲਦੇ ਹੀ ਯੂਨੀਵਰਸਿਟੀ ਦੀ ਪੀ.ਸੀ.ਆਰ ਟੀਮ ਮੌਕੇ 'ਤੇ ਪਹੁੰਚੀ, ਪਰ ਸੁਰੱਖਿਆ ਕਰਮਚਾਰੀਆਂ ਨੂੰ ਦੇਖਦੇ ਹੀ ਸ਼ੱਕੀ ਕਾਰ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਭਜਾ ਕੇ ਫਰਾਰ ਹੋ ਗਿਆ। ਪੀ.ਸੀ.ਆਰ. ਵੱਲੋਂ ਕਾਰ ਦਾ ਪਿੱਛਾ ਵੀ ਕੀਤਾ ਗਿਆ, ਪਰ ਅਸਫਲਤਾ ਹੱਥ ਲੱਗੀ। ਇਸੇ ਦੌਰਾਨ ਸਥਿਤੀ ਨੂੰ ਦੇਖਦਿਆਂ ਵਿਦਿਆਰਥੀਆਂ ਨੇ ਤੁਰੰਤ ਯੂਨੀਵਰਸਿਟੀ ਦਾ ਮੁੱਖ ਗੇਟ ਵੀ ਬੰਦ ਕਰ ਦਿੱਤਾ, ਪਰ ਇਸ ਦੇ ਬਾਵਜੂਦ ਸ਼ੱਕੀ ਕਾਰ ਚਾਲਕ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਵਿਦਿਆਰਥੀਆਂ ਨੇ ਕੈਂਪਸ ਦੇ ਅੰਦਰ ਹੀ ਧਰਨਾ ਲਗਾ ਦਿੱਤਾ ਅਤੇ ਯੂਨੀਵਰਸਿਟੀ ਅਥਾਰਟੀ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਕੈਂਪਸ ਵਿੱਚ ਕਿਸੇ ਗੈਰ-ਕਾਨੂੰਨੀ ਜਾਂ ਸ਼ੱਕੀ ਵਾਹਨ ਦਾ ਦਾਖਲ ਹੋਣਾ ਸੁਰੱਖਿਆ ਪ੍ਰਬੰਧਾਂ ਦੀ ਪੂਰੀ ਤਰ੍ਹਾਂ ਨਾਕਾਮੀ ਨੂੰ ਸਾਬਤ ਕਰਦਾ ਹੈ। ਮੁੱਖ ਗੇਟਾਂ 'ਤੇ ਤਾਇਨਾਤ ਮੁਲਾਜ਼ਮਾਂ ਦੀ ਮੌਜੂਦਗੀ ਦੇ ਬਾਵਜੂਦ ਅਜਿਹੀਆਂ ਗੱਡੀਆਂ ਅੰਦਰ ਕਿਵੇਂ ਆ ਰਹੀਆਂ ਹਨ?ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਕੈਂਪਸ ਵਿੱਚ ਕੋਈ ਵੀ ਵੱਡੀ ਅਪਰਾਧਿਕ ਵਾਰਦਾਤ ਵਾਪਰ ਸਕਦੀ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਦੇ ਸਾਰੇ ਐਂਟਰੀ ਪੁਆਇੰਟਾਂ 'ਤੇ ਚੈਕਿੰਗ ਸਖ਼ਤ ਕੀਤੀ ਜਾਵੇ, ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਵਧਾਈ ਜਾਵੇ ਅਤੇ ਰਾਤ ਦੇ ਸਮੇਂ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।