- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ, 30 ਜੂਨ 2026 ਨੂੰ ਮਲੇਰਕੋਟਲਾ ਦੇ ਸਬੰਧਤ ਕਾਲਜ ਦੇ ਕਮਰਾ ਨੰਬਰ 29 ਵਿੱਚ ਐਮ.ਏ. ਅੰਗਰੇਜ਼ੀ ਸਮੈਸਟਰ ਦੂਜਾ ਦੇ 'ਪੰਜਾਬੀ ਭਾਸ਼ਾ ਮੁਢਲਾ ਗਿਆਨ' (ਕੁਆਲੀਫਾਈਂਗ) ਵਿਸ਼ੇ ਦਾ ਪੇਪਰ ਲਿਆ ਜਾ ਰਿਹਾ ਸੀ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ :ਪੰਜਾਬ ਦੀ ਉਚੇਰੀ ਸਿੱਖਿਆ ਪ੍ਰਣਾਲੀ ਨੂੰ ਛਿੱਕੇ ਟੰਗਣ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਦਾ ਇੱਕ ਬਹੁਤ ਹੀ ਸਨਸਨੀਖੇਜ਼ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਮਲੇਰਕੋਟਲਾ ਦੇ ਇੱਕ ਕਾਲਜ ਵਿੱਚ ਇੱਕ ਵੱਡੇ ਪ੍ਰੀਖਿਆ ਸਕੈਂਡਲ ਦਾ ਪਰਦਾਫਾਸ਼ ਹੋਇਆ ਹੈ, ਜਿੱਥੇ ਯੂਨੀਵਰਸਿਟੀ ਦੀ ਬਿਨਾਂ ਕਿਸੇ ਅਧਿਕਾਰਤ ਡੇਟਸ਼ੀਟ ਜਾਂ ਹੁਕਮਾਂ ਦੇ ਐਮ.ਏ. ਦੀ ਪ੍ਰੀਖਿਆ ਕਰਵਾਈ ਗਈ। ਇੰਨਾ ਹੀ ਨਹੀਂ, ਇਸ ਗੈਰ-ਕਾਨੂੰਨੀ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵੱਲੋਂ ਮੋਬਾਈਲ ਫੋਨ ਅੱਗੇ ਰੱਖ ਕੇ ਸ਼ਰੇਆਮ ਨਕਲ ਮਾਰੀ ਗਈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ ਅਤੇ ਉੱਚ ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਹੈ ਪੂਰਾ ਮਾਮਲਾ
ਪ੍ਰਾਪਤ ਜਾਣਕਾਰੀ ਅਨੁਸਾਰ, 30 ਜੂਨ 2026 ਨੂੰ ਮਲੇਰਕੋਟਲਾ ਦੇ ਸਬੰਧਤ ਕਾਲਜ ਦੇ ਕਮਰਾ ਨੰਬਰ 29 ਵਿੱਚ ਐਮ.ਏ. ਅੰਗਰੇਜ਼ੀ ਸਮੈਸਟਰ ਦੂਜਾ ਦੇ 'ਪੰਜਾਬੀ ਭਾਸ਼ਾ ਮੁਢਲਾ ਗਿਆਨ' (ਕੁਆਲੀਫਾਈਂਗ) ਵਿਸ਼ੇ ਦਾ ਪੇਪਰ ਲਿਆ ਜਾ ਰਿਹਾ ਸੀ। ਇਸ ਪ੍ਰੀਖਿਆ ਦੌਰਾਨ ਨਿਗਰਾਨ ਅਮਲੇ ਦੀ ਮਿਲੀਭੁਗਤ ਜਾਂ ਲਾਪਰਵਾਹੀ ਸਪੱਸ਼ਟ ਰੂਪ ਵਿੱਚ ਦੇਖਣ ਨੂੰ ਮਿਲੀ, ਕਿਉਂਕਿ ਪ੍ਰੀਖਿਆ ਹਾਲ ਦੇ ਅੰਦਰ ਵਿਦਿਆਰਥੀ ਆਪਣੇ ਡੈਸਕਾਂ 'ਤੇ ਮੋਬਾਈਲ ਫੋਨ ਖੋਲ੍ਹ ਕੇ ਬਿਨਾਂ ਕਿਸੇ ਡਰ ਦੇ ਨਕਲ ਮਾਰ ਰਹੇ ਸਨ। ਇਹ ਸਾਰਾ ਮੰਜ਼ਰ ਅਤੇ ਨਕਲ ਦੀ ਖੇਡ ਉੱਥੇ ਮੌਜੂਦ ਤਸਵੀਰਾਂ ਵਿੱਚ ਸਾਫ਼ ਕੈਦ ਹੋ ਗਈ, ਜਿਸ ਨੇ ਕਾਲਜ ਪ੍ਰਸ਼ਾਸਨ ਦੇ ਪ੍ਰਬੰਧਾਂ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਡੇਟਸ਼ੀਟ ਦੇ ਫੇਰਬਦਲ ਨੇ ਖੜ੍ਹੇ ਕੀਤੇ ਵੱਡੇ ਸਵਾਲ
ਇਸ ਪੂਰੇ ਘਟਨਾਕ੍ਰਮ ਵਿੱਚ ਸਭ ਤੋਂ ਹੈਰਾਨੀਜਨਕ ਅਤੇ ਗੰਭੀਰ ਵਿਸ਼ਾ ਇਹ ਹੈ ਕਿ ਇਹ ਪ੍ਰੀਖਿਆ ਪੂਰੀ ਤਰ੍ਹਾਂ ਗੈਰ-ਕਾਨੂੰਨੀ ਪ੍ਰਤੀਤ ਹੁੰਦੀ ਹੈ। ਯੂਨੀਵਰਸਿਟੀ ਦੀ ਅਧਿਕਾਰਤ ਡੇਟਸ਼ੀਟ ਮੁਤਾਬਕ ਇਹ 'ਪੰਜਾਬੀ ਭਾਸ਼ਾ ਮੁਢਲਾ ਗਿਆਨ' ਦਾ ਪੇਪਰ ਪਹਿਲਾਂ ਹੀ 30 ਮਈ 2026 ਨੂੰ ਸਫ਼ਲਤਾਪੂਰਵਕ ਲਿਆ ਜਾ ਚੁੱਕਾ ਹੈ। ਯੂਨੀਵਰਸਿਟੀ ਵੱਲੋਂ ਨਾ ਤਾਂ 30 ਮਈ ਨੂੰ ਹੋਏ ਪੇਪਰ ਨੂੰ ਰੱਦ ਕਰਨ ਦਾ ਕੋਈ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਨਾ ਹੀ 30 ਜੂਨ ਨੂੰ ਦੁਬਾਰਾ ਪੇਪਰ ਲੈਣ ਲਈ ਕੋਈ ਨਵੀਂ ਡੇਟਸ਼ੀਟ ਜਾਂ ਕੋਈ ਅਧਿਕਾਰਤ ਹੁਕਮ ਜਾਰੀ ਕੀਤੇ ਗਏ ਸਨ। ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਰ ਇਹ ਗੈਰ-ਕਾਨੂੰਨੀ ਪੇਪਰ ਕਿਸ ਦੇ ਇਸ਼ਾਰੇ 'ਤੇ ਅਤੇ ਕਿਸ ਮਕਸਦ ਲਈ ਕਰਵਾਇਆ ਜਾ ਰਿਹਾ ਸੀ?
ਯੂਨੀਵਰਸਿਟੀ ਵੱਲੋਂ ਸਖ਼ਤ ਕਾਰਵਾਈ ਅਤੇ ਪੁੱਛਗਿੱਛ
ਪੇਪਰ ਵਿੱਚ ਸ਼ਰੇਆਮ ਚੱਲ ਰਹੀ ਨਕਲ ਦੀਆਂ ਤਸਵੀਰਾਂ ਅਤੇ ਇਸ ਸਬੰਧੀ ਇੱਕ ਲਿਖਤੀ ਸ਼ਿਕਾਇਤ ਮੰਗਲਵਾਰ ਨੂੰ ਪੰਜਾਬੀ ਯੂਨੀਵਰਸਿਟੀ ਅਥਾਰਟੀ ਕੋਲ ਪਹੁੰਚੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆਇਆ। ਅਥਾਰਟੀ ਵੱਲੋਂ ਸਬੰਧਤ ਕਾਲਜ ਦੇ ਪ੍ਰਿੰਸੀਪਲ ਅਤੇ ਰਜਿਸਟਰਾਰ ਨੂੰ ਤੁਰੰਤ ਯੂਨੀਵਰਸਿਟੀ ਵਿਖੇ ਤਲਬ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉੱਚ ਅਧਿਕਾਰੀਆਂ ਵੱਲੋਂ ਕਰੀਬ ਤਿੰਨ ਘੰਟੇ ਤੱਕ ਇਨ੍ਹਾਂ ਦੋਹਾਂ ਜ਼ਿੰਮੇਵਾਰ ਅਧਿਕਾਰੀਆਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਜੋ ਇਸ ਸਕੈਂਡਲ ਦੀ ਤਹਿ ਤੱਕ ਪਹੁੰਚਿਆ ਜਾ ਸਕੇ।
ਕੰਟਰੋਲਰ ਪ੍ਰੀਖਿਆਵਾਂ ਦਾ ਬਿਆਨ
ਇਸ ਸਬੰਧੀ ਜਦੋਂ ਪੰਜਾਬੀ ਯੂਨੀਵਰਸਿਟੀ ਦੇ ਕੰਟਰੋਲਰ (ਪ੍ਰੀਖਿਆਵਾਂ) ਡਾ. ਮਨੀਸ਼ ਕਪੂਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਯੂਨੀਵਰਸਿਟੀ ਨੂੰ ਇਸ ਸਬੰਧੀ ਠੋਸ ਸ਼ਿਕਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਅਤੇ ਮਿਲੇ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਸਖ਼ਤ ਕਾਨੂੰਨੀ ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।